ਲੁੱਟ ਖੋਹ ਕਰਨ ਵਾਲਾ ਅਕਾਲੀ ਆਗੂ ਦੋ ਦਿਨ ਦੇ ਪੁਲਸ ਰਿਮਾਂਡ ''ਤੇ

05/25/2018 7:28:06 PM

ਮਾਨਸਾ (ਸੰਦੀਪ ਮਿੱਤਲ) : ਬੀਤੇ ਕੱਲ ਮਾਨਸਾ ਸ਼ਹਿਰ 'ਚ ਇਕ ਕਿਸਾਨ ਤੋਂ ਦਿਨ ਦਿਹਾੜੇ 3 ਲੱਖ ਰੁਪਏ ਲੁੱਟ ਕੇ ਭੱਜਣ ਦੀ ਫਿਰਾਕ ਵਿਚ ਫੜੇ 2 ਲੁਟੇਰਿਆਂ ਦਾ ਅੱਜ ਥਾਣਾ ਸਿਟੀ 1 ਮਾਨਸਾ ਦੀ ਪੁਲਸ ਨੇ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ 2 ਦਿਨ ਦਾ ਪੁਲਸ ਰਿਮਾਂਡ ਲੈ ਲਿਆ। ਜਿਸ ਦੌਰਾਨ ਇਨ੍ਹਾਂ ਦੋਵਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। 
ਵਰਨਣਯੋਗ ਹੈ ਕਿ ਬੀਤੀ ਕੱਲ੍ਹ ਕਿਸਾਨ ਜੱਗ ਸਿੰਘ ਵਾਸੀ ਭੰਮੇ ਕਲਾਂ ਇੱਥੋਂ ਦੇ ਵਾਟਰ ਵਰਕਸ ਰੋਡ 'ਤੇ ਸਥਿਤ ਇਕ ਬੈਂਕ ਵਿਚੋਂ ਆਪਣੀ ਲਿਮਟ ਤਹਿਤ ਤਿੰਨ ਲੱਖ ਰੁਪਏ ਕਢਵਾ ਕੇ ਪੈਦਲ ਜਾ ਰਿਹਾ ਸੀ ਤਾਂ ਪਿੱਛੋਂ ਇਕ ਸਕੌਡਾ ਕਾਰ ਵਿਚ ਸਵਾਰ ਦੋ ਵਿਅਕਤੀ ਉਸ ਦੇ ਪੈਸਿਆਂ ਵਾਲਾ ਬੈਗ ਖੋਹ ਕੇ ਭੱਜ ਲਏ ਕਿਸਾਨ ਵਲੋ ਰੋਲਾ ਪਾਉਣ ਤੇ ਪੁਲਸ ਅਤੇ ਲੋਕਾਂ ਨੇ ਅਕਾਲੀ ਆਗੂ ਅਤੇ ਬਲਾਕ ਸੰਮਤੀ ਭੀਖੀ ਦਾ ਚੇਅਰਮੈਨ ਪ੍ਰਗਟ ਸਿੰਘ ਅਤੇ ਇਸ ਦੇ ਸਾਥੀ ਅਮਰਜੀਤ ਸਿੰਘ ਵਾਸੀ ਖੀਵਾ ਖੁਰਦ ਨੂੰ ਕਾਫ਼ੀ ਦੂਰ ਜਾ ਕੇ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਸਿਟੀ 1 ਮਾਨਸਾ ਪੁਲਸ ਨੇ ਇੰਸਪੈਕਟਰ ਪਰਮਜੀਤ ਸਿੰਘ ਸੰਧੂ ਦੀ ਅਗਵਾਈ ਹੇਠ 3 ਲੱਖ ਰੁਪਏ ਦੀ ਰਾਸ਼ੀ ਮੌਕੇ 'ਤੇ ਬਰਾਮਦ ਕਰ ਲਈ। 
ਰਿਮਾਂਡ ਦੌਰਾਨ ਕੀਤੀ ਜਾਵੇਗੀ ਬਾਰੀਕੀ ਨਾਲ ਜਾਂਚ : ਸੰਧੂ
ਕਿਸਾਨ ਤੋਂ ਦਿਨ ਦਿਹਾੜੇ 3 ਲੱਖ ਰੁਪਏ ਲੁੱਟਣ ਵਾਲੇ ਅਕਾਲੀ ਆਗੂ ਅਤੇ ਬਲਾਕ ਸੰਮਤੀ ਭੀਖੀ ਦਾ ਚੇਅਰਮੈਨ ਪ੍ਰਗਟ ਸਿੰਘ ਅਤੇ ਇਸ ਦੇ ਸਾਥੀ ਅਮਰਜੀਤ ਸਿੰਘ ਵਾਸੀ ਖੀਵਾ ਖੁਰਦ ਨੂੰ ਅੱਜ ਇੱਥੋਂ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਥਾਣਾ ਸਿਟੀ 1 ਮੁਖੀ ਇੰਸਪੈਕਟਰ ਪਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਰਿਮਾਂਡ ਦੌਰਾਨ ਦੋਵਾਂ ਦੋਸ਼ੀਆਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਦੋਵੇਂ ਲੁਟੇਰੇ ਇਸ ਤੋਂ ਪਹਿਲਾਂ ਵੀ ਕਿਸੇ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਅਗਰ ਲੋੜ ਪਈ  ਤਾਂ ਮਾਣਯੋਗ ਅਦਾਲਤ ਨੂੰ ਮੁੜ ਪੁਲਸ ਰਿਮਾਂਡ ਲਈ ਅਪੀਲ ਕਰਾਂਗੇ।
ਹੌਲਦਾਰ ਨੰਦ ਸਿੰਘ ਨੇ ਦਿਖਾਈ ਦਲੇਰੀ
ਬੀਤੀ ਕੱਲ ਜਦ ਦਿਨ ਦਿਹਾੜੇ ਕਿਸਾਨ ਜੱਗ ਸਿੰਘ ਤੋਂ ਤਿੰਨ ਲੱਖ ਰੁਪਏ ਵਾਲਾ ਬੈਗ ਖੋਹ ਕੇ ਸਕੌਡਾ ਕਾਰ ਵਿਚ ਫਰਾਰ ਹੋਏ ਉਕਤ ਦੋਵੇਂ ਲੁਟੇਰਿਆਂ ਸਬੰਧੀ ਕਿਸਾਨ ਜੱਗ ਸਿੰਘ ਨੇ ਨਜਦੀਕ ਤਾਇਨਾਤ ਟਰੈਫਿਕ ਹੌਲਦਾਰ ਨੰਦ ਸਿੰਘ ਨੂੰ ਜਾਣਕਾਰੀ ਦਿੱਤੀ ਤਾਂ ਉਸ ਨੇ ਤੁਰੰਤ ਕਾਰ ਸਵਾਰਾਂ ਪਿੱਛੇ ਆਪਣਾ ਮੋਟਰਸਾਇਕਲ ਲਗਾ ਲਿਆ ਅਤੇ ਨਾਲ ਹੀ ਨਾਲ ਉਸ ਨੇ ਪੀ.ਸੀ.ਆਰ ਮੁਲਾਜਮਾਂ ਨੂੰ ਵੀ ਬੁਲਾ ਲਿਆ। ਪਰ ਜਦੋਂ ਪਿੱਛਾ ਕਰਦੇ ਕਰਦੇ ਕਾਫ਼ੀ ਦੂਰੀ ਉਪਰ ਜਾ ਕੇ ਕਾਰ ਦਾ ਟਾਇਰ ਫਟ ਗਿਆ ਤਾਂ ਟਰੈਫਿਕ ਹੌਲਦਾਰ ਨੰਦ ਸਿੰਘ ਨੇ ਤੁਰੰਤ ਦੋਵਾਂ ਨੂੰ ਦਬੋਚ ਲਿਆ ਅਤੇ ਤੁਰੰਤ ਹੀ ਥਾਣਾ ਸਿਟੀ 1 ਮੁਖੀ ਪਰਮਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਸ ਨੇ ਪੈਸੇ ਵੀ ਮੌਕੇ ਤੇ ਬਰਾਮਦ ਕਰ ਲਏ। ਨੰਦ ਸਿੰਘ ਦੀ ਬਹਾਦਰੀ ਨੂੰ ਦੇਖਦਿਆਂ ਸਮਾਜ ਸੇਵੀ ਸੁਰੇਸ਼ ਨੰਦਗੜ•ੀਆ, ਅਸ਼ੋਕ ਗਰਗ, ਬਲਜੀਤ ਸ਼ਰਮਾ, ਸਤਵਿੰਦਰ ਸੂਬਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਹੌਲਦਾਰ ਨੂੰ ਤੁਰੰਤ ਤਰੱਕੀ ਦਿੱਤੀ ਜਾਵੇ।
ਸਕੌਡਾ ਕਾਰ 'ਚੋਂ ਬਰਾਮਦ ਹੋਇਆ ਸ਼ੱਕੀ ਸਮਾਨ
ਉਕਤ ਦੋਵੇਂ ਵਿਅਕਤੀਆਂ ਦੀ ਗ੍ਰਿਫਤਾਰੀ ਉਪਰੰਤ ਜਦੋਂ ਸਕੌਡਾ ਕਾਰ ਦੀ ਪੁਲਸ ਨੇ ਤਲਾਸ਼ੀ ਲਈ ਤਾਂ ਉਸ ਵਿਚੋਂ ਪੀਸੀ ਹੋਈ ਲਾਲ ਮਿਰਚ, ਨਿਹੰਗਾਂ ਦੇ ਚੋਲੇ, 12 ਬੋਰ ਦੀ ਬੰਦੂਕ ਆਦਿ ਸਮਾਨ ਬਰਾਮਦ ਕੀਤਾ ਗਿਆ। ਥਾਣਾ ਸਿਟੀ 1 ਮੁਖੀ ਪਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਮਾਮਲੇ ਆਦਿ ਨੂੰ ਵੀ ਹੁਣ ਰਿਮਾਂਡ ਦੌਰਾਨ ਬਾਰੀਕੀ ਨਾਲ ਜਾਂਚਿਆ ਜਾਵੇਗਾ।


Related News