ਟਰੱਕ-ਮੋਟਰਸਾਈਕਲ ਦੀ ਟੱਕਰ ''ਚ 1 ਦੀ ਮੌਤ, 1 ਜ਼ਖਮੀ

Sunday, May 20, 2018 - 02:54 AM (IST)

ਟਰੱਕ-ਮੋਟਰਸਾਈਕਲ ਦੀ ਟੱਕਰ ''ਚ 1 ਦੀ ਮੌਤ, 1 ਜ਼ਖਮੀ

ਗੋਨਿਆਣਾ(ਗੋਰਾ ਲਾਲ)-ਅੱਜ ਸਵੇਰੇ ਪਿੰਡ ਜੀਦਾ ਕੋਲ ਟਰੱਕ ਅਤੇ ਮੋਟਰਸਾਈਕਲ ਦੀ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੂਸਰਾ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਅਤੇ ਲਖਵੀਰ ਸਿੰਘ ਪੁੱਤਰ ਅੰਮ੍ਰਿਤਪਾਲ ਸਿੰਘ ਵਾਸੀਆਨ ਰੋਮਾਣਾ ਅਜੀਤ ਸਿੰਘ ਵਾਲਾ ਆਪਣੇ ਪਿੰਡ ਤੋਂ ਮੋਟਰਸਾਈਕਲ 'ਤੇ ਸਪੋਰਟਕਿੰਗ਼ ਫੈਕਟਰੀ ਪਿੰਡ ਜੀਦਾ ਵਿਖੇ ਕਿਸੇ ਕੰਮ ਆ ਰਹੇ ਸਨ ਕਿ ਅੱਗੋਂ ਆ ਰਹੇ ਇਕ ਤੇਜ਼ ਰਫਤਾਰ ਟਰੱਕ ਦੇ ਚਾਲਕ ਨੇ ਪਿੰਡ ਜੀਦਾ ਕੋਲ ਮੋਟਰਸਾਈਕਲ ਨੂੰ ਫੇਟ ਮਾਰ ਕੇ ਦੋਵਾਂ ਨੂੰ ਸੜਕ 'ਤੇ ਸੁੱਟ ਦਿੱਤਾ, ਜਿਸ ਦੌਰਾਨ ਇਨ੍ਹਾਂ 'ਚੋਂ ਗੁਰਸੇਵਕ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਲਖਵੀਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਆਪਣਾ ਟਰੱਕ ਉਥੇ ਹੀ ਛੱਡ ਕੇ ਭੱਜਣ 'ਚ ਸਫਲ ਹੋ ਗਿਆ। ਸੂਚਨਾ ਮਿਲਣ 'ਤੇ ਦੋਵਾਂ ਦੇ ਵਾਰਿਸ ਅਤੇ ਥਾਣਾ ਨੇਹੀਆਂਵਾਲਾ ਦੀ ਪੁਲਸ ਪਹੁੰਚ ਗਈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਵਿਖੇ ਅਤੇ ਜ਼ਖਮੀ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾ ਦਿੱਤਾ ਅਤੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News