955 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ

05/14/2018 4:49:53 AM

ਢਿੱਲਵਾਂ, (ਜਗਜੀਤ)– ਢਿੱਲਵਾਂ ਪੁਲਸ ਨੇ ਹਰਿਆਣਾ ਤੋਂ ਪੰਜਾਬ ਵਿਚ ਵਿਕਰੀ ਲਈ ਲਿਆਂਦੀ ਜਾ ਰਹੀ 955 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਭੂਸ਼ਣ ਸੇਖੜੀ, ਏ. ਐੱਸ. ਆਈ. ਗੁਰਜਸਵੰਤ ਸਿੰਘ, ਹੌਲਦਾਰ ਗੁਰਨਾਮ ਸਿੰਘ ਟਾਂਡੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖਬਰ ਦੀ ਗੁਪਤ ਸੂਚਨਾ ਮਿਲੀ ਕਿ ਇਕ ਟਰੱਕ ਜੋ ਕਿ ਜਲੰਧਰ ਵੱਲੋਂ ਅੰਮ੍ਰਿਤਸਰ ਆ ਰਿਹਾ ਸੀ, ਉਕਤ ਟਰੱਕ ਜਦੋਂ ਜੀ. ਟੀ. ਰੋਡ ਗਾਜੀ ਗੁਡਾਣਾ ਨਜ਼ਦੀਕ ਪਹੁੰਚਿਆ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਟਰੱਕ ਦੇ ਡਰਾਈਵਰ ਦਾ ਡਰ ਕਾਰਨ ਸੰਤੁਲਨ ਵਿਗੜ ਗਿਆ ਅਤੇ ਟਰੱਕ ਗੁਡਾਣਾ ਪੁਲ 'ਚ ਜਾ ਵੱਜਾ, ਜਿਸ ਕਾਰਨ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਮੌਕੇ 'ਤੇ ਹੀ ਟਰੱਕ ਦਾ ਡਰਾਈਵਰ ਭੱਜ ਗਿਆ। 
ਢਿੱਲਵਾਂ ਪੁਲਸ ਵੱਲੋਂ ਮੌਕੇ 'ਤੇ ਏ. ਐੱਸ. ਆਈ. ਗੁਰਜਸਵੰਤ ਸਿੰਘ, ਹੌਲਦਾਰ ਗੁਰਨਾਮ ਸਿੰਘ ਟਾਂਡੀ ਨੇ ਪੁਲਸ ਪਾਰਟੀ ਸਮੇਤ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਕੇ ਤਲਾਸ਼ੀ ਕੀਤੀ ਤਾਂ ਉਸ 'ਚੋਂ 955 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਥਾਣਾ ਮੁਖੀ ਭੂਸ਼ਣ ਸੇਖੜੀ ਨੇ ਦੱਸਿਆ ਕਿ ਇਸ ਸ਼ਰਾਬ ਦੀ ਕੀਮਤ ਕਰੀਬ 22 ਲੱਖ ਰੁਪਏ ਹੈ। ਥਾਣਾ ਢਿਲਵਾਂ ਨੇ ਫਰਾਰ ਦੋਸ਼ੀ ਦੇ ਵਿਰੁੱਧ ਮੁਕੱਦਮਾ ਨੰਬਰ 24 , ਧਾਰਾ 279, 427 ਅਧੀਨ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਰਾਰ ਦੋਸ਼ੀ ਜਲਦੀ ਹੀ ਜੇਲ ਦੀਆਂ ਸਲਾਖਾਂ ਪਿੱਛੇ ਹੋਣਗੇ।


Related News