438 ਬੋਤਲਾਂ ਸ਼ਰਾਬ ਬਰਾਮਦ, 2 ਕਾਬੂ, 4 ਫਰਾਰ

05/26/2018 3:16:51 PM

ਤਲਵੰਡੀ ਸਾਬੋ/ਸੰਗਤ ਮੰਡੀ (ਮੁਨੀਸ਼, ਮਨਜੀਤ)-ਪੰਜਾਬ ਪੁਲਸ ਨੇ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਤਲਵੰਡੀ ਸਾਬੋ ਪੁਲਸ, ਥਾਣਾ ਨੰਦਗੜ੍ਹ,ਥਾਣਾ ਮੌੜ ਤੇ ਥਾਣਾ ਸੰਗਤ ਦੀ ਪੁਲਸ ਨੇ ਵੱਡੀ ਮਾਤਰਾ 'ਚ ਸ਼ਰਾਬ (ਠੇਕਾ ਦੇਸੀ ਹਰਿਆਣਾ) ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।  
ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਪੁਲਸ ਨੇ ਪਿੰਡ ਬਹਿਮਣ ਕੌਰ ਸਿੰਘ ਨਾਕਾਬੰਦੀ ਕੀਤੀ ਹੋਈ ਸੀ ਤਾਂ ਹਰਿਆਣਾ ਵੱਲੋਂ ਆ ਰਹੀ ਇਕ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹ ਗੱਡੀ ਭਜਾ ਕੇ ਲੈ ਗਿਆ ਤੇ ਅੱਗੇ ਜਾ ਕੇ ਪੁਲਸ ਨੇ ਜਦੋਂ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਕਥਿਤ ਮੁਲਜ਼ਮ ਗੱਡੀ ਛੱਡ ਕੇ ਭੱਜ ਗਿਆ। ਪੁਲਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ 'ਚੋਂ 120 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਗੱਡੀ ਅਤੇ ਸ਼ਰਾਬ ਆਪਣੇ ਕਬਜ਼ੇ 'ਚ ਲੈ ਲਿਆ ਹੈ ।
ਇਸੇ ਤਰ੍ਹਾਂ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੀਆਂ ਸੰਗਤ ਕੈਂਚੀਆਂ 'ਤੇ ਹਰਿਆਣਾ ਮਾਰਕਾ ਦੇਸ਼ੀ ਸ਼ਰਾਬ ਸਮੇਤ ਕਾਰ ਨੂੰ ਕਾਬੂ ਕੀਤਾ ਗਿਆ ਹੈ ਜਦਕਿ ਮੁਲਜ਼ਮ ਕਾਰ ਛਡ ਕੇ ਫ਼ਰਾਰ ਹੋਣ 'ਚ ਸਫਲ ਹੋ ਗਏ। ਹੌਲਦਾਰ ਨਿਰਮਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਸ਼ਤ ਦੌਰਾਨ ਜਦ ਪੁਲਸ ਪਾਰਟੀ ਉਕਤ ਸਥਾਨ 'ਤੇ ਪਹੁੰਚੀ ਤਾਂ ਡੱਬਵਾਲੀ ਵਾਲੇ ਪਾਸਿਓਂ ਇਕ ਦਿੱਲੀ ਨੰਬਰੀ ਕਾਰ ਆ ਰਹੀ ਸੀ, ਕਾਰ ਸਵਾਰ ਨੇ ਜਦ ਸਾਹਮਣੇ ਤੋਂ ਆਉਂਦੀ ਪੁਲਸ ਪਾਰਟੀ ਵੇਖੀ ਤਾਂ ਉਹ ਦੂਰੋਂ ਹੀ ਕਾਰ ਛੱਡ ਕੇ ਫਰਾਰ ਹੋ ਗਏ। ਪੁਲਸ ਪਾਰਟੀ ਵੱਲੋਂ ਜਦ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ 'ਚੋਂ ਹਰਿਆਣਾ ਮਾਰਕਾ ਦੇਸ਼ੀ ਸ਼ਰਾਬ ਦੀਆਂ 264 ਬੋਤਲਾਂ ਬਰਾਮਦ ਹੋਈਆਂ। ਪੁਲਸ ਨੇ ਸ਼ਰਾਬ ਤੇ ਕਾਰ ਨੂੰ ਕਬਜ਼ੇ 'ਚ ਲੈ ਲਿਆ ਹੈ। 
ਇਸੇ ਤਰ੍ਹਾਂ ਬਠਿੰਡਾ-ਬਾਦਲ ਸੜਕ 'ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਹਰਿਆਣਾ ਮਾਰਕਾ ਦੇਸ਼ੀ ਸ਼ਰਾਬ ਦੀਆਂ 24 ਬੋਤਲਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਦਕਿ ਦੂਸਰਾ ਫ਼ਰਾਰ ਹੋਣ 'ਚ ਸਫਲ ਹੋ ਗਿਆ। ਸਹਾਇਕ ਥਾਣੇਦਾਰ ਮਹਿੰਗਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਸ਼ਤ ਦੌਰਾਨ ਪਿੰਡ ਬਾਦਲ ਵਾਲੇ ਪਾਸਿਓਂ ਮੋਟਰਸਾਈਕਲ 'ਤੇ ਦੋ ਸ਼ੱਕੀ ਵਿਅਕਤੀ ਆ ਰਹੇ ਸਨ, ਜਦ ਉਨ੍ਹਾਂ ਸਾਹਮਣੇ ਤੋਂ ਆਉਂਦੀ ਪੁਲਸ ਪਾਰਟੀ ਵੇਖੀ ਤਾਂ ਉਨ੍ਹਾਂ ਮੋਟਰਸਾਈਕਲ ਛੱਡ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਪੁਲਸ ਵਲੋਂ ਉਨ੍ਹਾਂ ਦਾ ਪਿੱਛਾ ਕਰ ਕੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਜਦਕਿ ਦੂਸਰਾ ਵਿਅਕਤੀ ਫਰਾਰ ਹੋਣ 'ਚ ਸਫਲ ਹੋ ਗਿਆ। ਪੁਲਸ ਪਾਰਟੀ ਵਲੋਂ ਜਦ ਮੋਟਰਸਾਈਕਲ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਹੋਈਆਂ।  
ਪੁਲਸ ਵੱਲੋਂ ਫੜੇ ਗਏ ਵਿਅਕਤੀ ਦੀ ਪਛਾਣ ਬਲਕਰਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਲੂਲਬਾਈ ਜਦਕਿ ਫਰਾਰ ਵਿਅਕਤੀ ਦੀ ਪਛਾਣ ਜੱਸੀ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਲੂਲਬਾਈ ਦੇ ਤੌਰ 'ਤੇ ਕੀਤੀ ਗਈ। ਇਸੇ ਤਰ੍ਹਾਂ ਥਾਣਾ ਮੌੜ ਨੇ ਹਰਿਆਣਾ 'ਚ ਬਣੀ ਸ਼ਰਾਬ ਬਰਾਮਦ ਕਰ ਕੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। 
ਜਾਣਕਾਰੀ ਅਨੁਸਾਰ ਪੁਲਸ ਵੱਲੋਂ ਪਿੰਡ ਜੋਧਪੁਰ ਕੈਚੀਆਂ ਨਜ਼ਦੀਕ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਹੌਲਦਾਰ ਅਰਜਨ ਸਿੰਘ ਨੇ ਸ਼ੱਕ ਦੇ ਆਧਾਰ 'ਤੇ ਰਾਜ ਕੁਮਾਰ ਵਾਸੀ ਚੜ੍ਹਤ ਸਿੰਘ ਵਾਲਾ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 30 ਬੋਤਲਾਂ ਹਰਿਆਣਾ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲਸ ਵੱਲੋਂ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਫਰਾਰ ਵਿਅਕਤੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Related News