22 ਪੇਟੀਆਂ ਸ਼ਰਾਬ ਸਮੇਤ ਕਾਬੂ, 2 ਫਰਾਰ

06/04/2018 6:05:52 AM

ਕਰਤਾਰਪੁਰ, (ਸਾਹਨੀ)- ਥਾਣਾ ਕਰਤਾਰਪੁਰ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਮੱਲ੍ਹੀਆਂ ਰੋਡ 'ਤੇ ਇਕ ਕਾਰ ਵਿਚ ਲਿਜਾਈ ਜਾ ਰਹੀ 22 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਨਾਕਾਬੰਦੀ ਦੌਰਾਨ ਮੱਲ੍ਹੀਆਂ ਰੋਡ 'ਤੇ ਇਕ ਜ਼ੈੱਨ ਕਾਰ ਵਿਚ ਸਵਾਰ 3 ਵਿਅਕਤੀਆਂ ਨੂੰ ਰੋਕਣਾ ਚਾਹਿਆ ਤਾਂ ਉਨ੍ਹਾਂ 'ਚੋਂ 2 ਵਿਅਕਤੀ ਭੱਜ ਗਏ, ਜਦਕਿ ਕਾਰ ਚਾਲਕ ਭੁਪਿੰਦਰਜੀਤ ਸਿੰਘ ਬੌਬੀ ਪੁੱਤਰ ਲਖਵਿੰਦਰ ਸਿੰਘ ਵਾਸੀ ਰਾਮਗੜ੍ਹ ਥਾਣਾ ਭੁਲੱਥ, ਜ਼ਿਲਾ ਕਪੂਰਥਲਾ ਪਾਸੋਂ ਕਾਰ ਵਿਚ ਲੱਦੀਆਂ ਨਾਜਾਇਜ਼ ਸ਼ਰਾਬ ਦੀਆਂ 22 ਪੇਟੀਆਂ ਬਰਾਮਦ ਹੋਈਆਂ। ਥਾਣਾ ਮੁਖੀ ਨੇ ਦੱਸਿਆ ਕਿ ਉਸ ਦੇ 2 ਸਾਥੀ ਮਨਦੀਪ ਸਿੰਘ ਉਰਫ ਵਿੱਕੀ ਪੁੱਤਰ ਸੁਖਜੀਤ ਸਿੰਘ ਵਾਸੀ ਰਾਮਗੜ੍ਹ ਅਤੇ ਰਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਕਿਸ਼ਨਗੜ੍ਹ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿਛ ਵਿਚ ਮੁਲਜ਼ਮ ਨੇ ਦੱਸਿਆ ਕਿ ਇਹ ਸ਼ਰਾਬ ਅਰੁਣਾਚਲ ਪ੍ਰਦੇਸ਼ ਤੋਂ ਆਉਂਦੀ ਹੈ ਅਤੇ ਭੋਗਪੁਰ ਦੇ ਸੈਮੁਅਲ ਨਾਂ ਦੇ ਵਿਅਕਤੀ ਤੋਂ ਘੱਟ ਰੇਟ 'ਤੇ ਖਰੀਦ ਕੇ ਮਹਿੰਗੇ ਰੇਟ ਵਿਚ ਵੇਚੀ ਜਾਂਦੀ ਹੈ। ਗ੍ਰਿਫਤਾਰ ਬੌਬੀ ਵਿਰੁੱਧ ਪਹਿਲਾਂ ਵੀ ਲੁੱਟ-ਖੋਹ ਦੇ ਚਾਰ ਮਾਮਲੇ ਦਰਜ ਹਨ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜ਼ਮਾਂ ਵਿਰੁੱਧ ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਹੈ। 


Related News