ਮੋਟਰਸਾਈਕਲ ਤੇ ਘੜੁੱਕੇ ਦੀ ਟੱਕਰ ''ਚ 1 ਦੀ ਮੌਤ
Monday, May 21, 2018 - 05:09 AM (IST)

ਭਿੱਖੀਵਿੰਡ, (ਭਾਟੀਆ)- ਪਿੰਡ ਮਾੜੀਮੇਘਾ ਵਿਖੇ ਮੋਟਰਸਾਈਕਲ ਅਤੇ ਘੜੁੱਕੇ ਦੀ ਟੱਕਰ ਹੋ ਜਾਣ ਕਾਰਨ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਰਾਜੋਕੇ ਆਪਣੀ ਮਾਸੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਡੱਲ ਵਿਖੇ ਕਿਸੇ ਰਿਸ਼ਤੇਦਾਰ ਕੋਲ ਜਾ ਰਿਹਾ ਸੀ। ਪਿੰਡ ਮਾੜੀਮੇਘਾ ਨੇੜੇ ਪੁੱਜਣ 'ਤੇ ਇੱਟਾਂ ਨਾਲ ਭਰੇ ਘੜੁੱਕੇ ਨਾਲ ਹੋਈ ਟੱਕਰ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੋਟਰਸਾਈਕਲ ਦੇ ਪਿੱਛੇ ਬੈਠੀ ਉਸ ਦੀ ਮਾਸੀ ਕੰਵਲਜੀਤ ਕੌਰ ਵਾਲ-ਵਾਲ ਬਚ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਜਸਵੰਤ ਸਿੰਘ ਵਾਸੀ ਰਾਜੋਕੇ ਜੋ ਕਿ ਮਿਹਨਤ ਮਜ਼ਦੂਰੀ ਕਰਦਾ ਹੈ, ਨੇ ਦੱਸਿਆ ਕਿ ਮੇਰੇ ਦੋ ਲੜਕੇ ਹਨ। ਇਹ ਲੜਕਾ ਅਕਾਸ਼ਦੀਪ ਸਿੰਘ ਉਬੋਕੇ ਪਿੰਡ ਮੇਰੇ ਸਹੁਰਿਆਂ ਦੇ ਕੋਲ ਦਸਵੀਂ ਕਲਾਸ ਵਿਚ ਪੜ੍ਹਦਾ ਸੀ। ਘਟਨਾ ਸਥਾਨ 'ਤੇ ਪੁੱਜੇ ਥਾਣਾ ਖਾਲੜਾ ਦੇ ਐਡੀਸ਼ਨਲ ਐੱਸ. ਐੱਚ. ਓ. ਹਰਪਾਲ ਸਿੰਘ ਨੇ ਦੱਸਿਆ ਕਿ ਫਰਾਰ ਹੋਏ ਘੜੁੱਕਾ ਚਾਲਕ ਖਿਲਾਫ ਧਾਰਾ 304 ਏ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।