ਭੁੱਖ ਤੇ ਗਰੀਬੀ ਨਾਲ ਲੜ ਰਹੇ ਲੋਕਾਂ ਨੂੰ ਵੰਡੀ ਗਈ ਏਵਨ ਸਾਈਕਲਸ ਵੱਲੋਂ ਭਿਜਵਾਈ 663ਵੇਂ ਟਰੱਕ ਦੀ ਰਾਹਤ ਸਮੱਗਰੀ
Wednesday, May 04, 2022 - 01:30 PM (IST)
ਜਲੰਧਰ (ਵਰਿੰਦਰ ਸ਼ਰਮਾ) : ਪਾਕਿਸਤਾਨ ਦੀ ਗੋਲੀਬਾਰੀ ਤੇ ਅੱਤਵਾਦ ਕਾਰਨ ਭੁੱਖ ਤੇ ਗਰੀਬੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ 663ਵੇਂ ਟਰੱਕ ਦੀ ਰਾਹਤ ਸਮੱਗਰੀ ਲੁਧਿਆਣਾ ਦੇ ਵਿਸ਼ਵ ਪ੍ਰਸਿੱਧ ਉਦਯੋਗਿਕ ਘਰਾਣੇ ਏਵਨ ਸਾਈਕਲਸ ਲਿ. ਵੱਲੋਂ ਸੀ. ਐੱਸ. ਆਰ. ਯੋਜਨਾ ਅਧੀਨ ਭਿਜਵਾਈ ਗਈ, ਜਿਸ ਵਿਚ 300 ਪਰਿਵਾਰਾਂ ਲਈ ਆਟਾ, ਚਾਵਲ, ਦਾਲ, ਖੰਡ, ਤੇਲ, ਲੂਣ ਆਦਿ ਰਾਸ਼ਨ ਸਮੱਗਰੀ ਸੀ। ਸਮੱਗਰੀ ਦੀ ਵੰਡ ਲਈ ਜੰਮੂ-ਕਸ਼ਮੀਰ ਦੇ ਆਰ. ਐੱਸ. ਪੁਰਾ ਸੈਕਟਰ ਦੇ ਸਰਹੱਦੀ ਖੇਤਰਾਂ ਦੇ ਲੋੜਵੰਦ ਲੋਕਾਂ ਲਈ ਬੀ. ਐੱਸ. ਐੱਫ. ਦੀ 42ਵੀਂ ਬਟਾਲੀਅਨ ਦੇ ਕਮਾਂਡੈਂਟ ਅਮਰਵੀਰ ਸਿੰਘ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਕਮਾਂਡੈਂਟ ਅਮਰਵੀਰ ਸਿੰਘ ਨੇ ਕਿਹਾ ਕਿ ਭੁੱਖੇ ਦਾ ਢਿੱਡ ਭਰਨ ਨਾਲੋਂ ਵੱਡਾ ਹੋਰ ਕੋਈ ਪੁੰਨ ਕਾਰਜ ਨਹੀਂ ਹੋ ਸਕਦਾ। ਸਰਹੱਦ ’ਤੇ ਰਹਿਣ ਵਾਲੇ ਲੋਕ ਬੇਰੋਜ਼ਗਾਰੀ ਅਤੇ ਪੈਸਿਆਂ ਦੀ ਘਾਟ ’ਚ ਭੁੱਖ ਨਾਲ ਲੜ ਰਹੇ ਹਨ। ਅਜਿਹੀ ਸਥਿਤੀ ’ਚ ਏਵਨ ਸਾਈਕਲਸ ਨੇ ਪੰਜਾਬ ਕੇਸਰੀ ਗਰੁੱਪ ਦੇ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਦੀ ਮਾਰਫ਼ਤ ਰਾਸ਼ਨ ਭਿਜਵਾ ਕੇ ਪੁੰਨ ਦਾ ਕੰਮ ਕੀਤਾ ਹੈ। ਨੋਬਲ ਫਾਊਂਡੇਸ਼ਨ ਦੇ ਚੇਅਰਮੈਨ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਸਰਹੱਦ ’ਤੇ ਰਹਿ ਰਹੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਰਕਾਰ ਤੇ ਸਵੈ-ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਵਰਿੰਦਰ ਸ਼ਰਮਾ ਯੋਗੀ ਨੇ ਏਵਨ ਕੰਪਨੀ ਅਤੇ ਬੀ. ਐੱਸ. ਐੱਫ. ਦਾ ਧੰਨਵਾਦ ਪ੍ਰਗਟ ਕੀਤਾ।
ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਬੀ. ਐੱਸ. ਐੱਫ. ਦੀ 42ਵੀਂ ਬਟਾਲੀਅਨ ਦੇ ਕਮਾਂਡੈਂਟ ਅਮਰਵੀਰ ਸਿੰਘ, ਰਾਜਿੰਦਰ ਸ਼ਰਮਾ, ਤਰੁਣ ਸ਼ਰਮਾ, ਤਨੂ ਦੁੱਗਲ, ਇੰਜੀਨੀਅਰ ਵਰੁਣ ਸ਼ਰਮਾ, ਬੇਬੀ ਦਿਵਿਤਰੀ ਮਹੇ, ਇਕਬਾਲ ਸਿੰਘ ਅਰਨੇਜਾ, ਮੀਨੂ ਸ਼ਰਮਾ, ਡਿੰਪਲ ਸੂਰੀ, ਸਰਪੰਚ ਓਂਕਾਰ ਸਿੰਘ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਆਦਿ ਹਾਜ਼ਰ ਸਨ।