ਪੈਲੇਟ ਗਨ ਦੀ ਸ਼ਿਕਾਰ ਹੋਈ 18 ਮਹੀਨੇ ਦੀ ਬੱਚੀ, ਸ਼ਾਇਦ ਹੀ ਪਰਤੇ ਅੱਖਾਂ ਦੀ ਰੌਸ਼ਨੀ
Tuesday, Nov 27, 2018 - 06:54 PM (IST)

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਪੈਲੇਟ ਗਨ ਦੀ ਗੋਲੀ ਦਾ ਸ਼ਿਕਾਰ ਹੋਈ 18 ਮਹੀਨੇ ਦੀ ਬੱਚੀ ਹਿਬਾ ਨਿਸਾਰ ਦੀ ਸੱਜੀ ਅੱਖ ਦੀ ਸਰਜਰੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ ਪਰ ਡਾਕਟਰਾਂ ਨੂੰ ਹਾਲੇ ਇਹ ਨਹੀਂ ਪਤਾ ਹੈ ਕਿ ਉਸ ਦੀ ਅੱਖਾਂ ਦੀ ਰੋਸ਼ਨੀ ਪੂਰੀ ਤਰ੍ਹਾਂ ਵਾਪਸ ਆਵੇਗੀ ਜਾਂ ਨਹੀਂ।
ਸ਼ੋਂਪੀਆਂ ਦੀ ਰਹਿਣ ਵਾਲੀ ਹਿਬਾ ਦੀ ਮਾਂ ਮਰਸਲਾ ਜਾਨ ਕਹਿੰਦੀ ਹੈ ਕਿ ਜਦੋਂ ਸੁਰੱਖਿਆ ਬਲਾਂ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਈ, ਉਸ ਸਮੇਂ ਉਨ੍ਹਾਂ ਦੀ ਬੱਚੀ ਘਰ ਦੇ ਅੰਦਰ ਖੇਡ ਰਹੀ ਸੀ। ਇਹ ਝੜਪ ਐਤਵਾਰ ਨੂੰ ਇਕ ਮੁਕਾਬਲੇ 'ਚ 6 ਅੱਤਵਾਦੀਆਂ ਦੇ ਮਾਰੇ ਜਾਣ ਦੇ ਵਿਰੋਧ 'ਚ ਹੋਈ ਸੀ। ਮਰਸਲਾ ਜਾਨ ਕਹਿੰਦੀ ਹਨ, 'ਮੁਕਾਬਲੇ ਵਾਲੀ ਥਾਂ ਉਂਝ ਤਾਂ ਸਾਡੇ ਘਰ ਤੋਂ ਕਾਫੀ ਦੂਰ ਹੈ ਪਰ ਇਹ ਝੜਪ ਸਾਡੇ ਘਰ ਦੇ ਨੇੜੇ ਹੋਈ। ਪਹਿਲਾਂ ਤਾਂ ਸਾਡੇ ਆਲੇ-ਦੁਆਲੇ ਹੰਝੂ ਗੈਸ ਦਾ ਧੂੰਆ ਫੈਲ ਗਿਆ ਜਿਸ ਨਾਲ ਹਿਬਾ ਨੂੰ ਖੰਘ ਆਉਣ ਲੱਗ ਗਈ, ਇਸ ਤੋਂ ਬਾਅਦ ਇਕ ਤੇਜ਼ ਆਵਾਜ਼ ਆਈ। ਹਿਬਾ ਦੀ ਅੱਖ 'ਚ ਪੈਲੇਟ ਗਨ ਦੀ ਗੋਲੀ ਲੱਗ ਗਈ ਸੀ। ਇਹ ਗੋਲੀ ਸਾਡੇ ਘਰ ਦੀ ਦਿਸ਼ਾ 'ਚ ਚਲਾਈ ਗਈ।'
ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਹਿਬਾ ਦੀ ਅੱਖ ਗੰਭੀਰ ਰੂਪ ਨਾਲ ਨੁਕਸਾਨੀ ਗਈ ਸੀ ਤੇ ਉਸ ਦੀ ਸਰਜਰੀ ਕੀਤੀ ਗਈ ਸੀ। ਹਿਬਾ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਦੱਸਿਆ, 'ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਉਸ ਦੀਆਂ ਅੱਖਾਂ ਦੀ ਰੋਸ਼ਨੀ ਪਰਤੇਗੀ ਜਾ ਨਹੀਂ।'
ਉਨ੍ਹਾਂ ਦਾ ਕਹਿਣਾ ਹੈ ਕਿ ਇਲਾਜ ਦੀ ਪ੍ਰਕਿਰਿਆ ਕਾਫੀ ਲੰਬੀ ਹੈ ਤੇ ਹਿਬਾ ਦੇ ਮਾਤਾ-ਪਿਤਾ ਨੂੰ ਕਾਫੀ ਸਾਵਧਾਨੀ ਵਰਤਵੀ ਹੋਵੇਗੀ। ਦੋ ਮਨੁੱਖੀ ਅਧਿਕਾਰ ਵਰਕਰਾਂ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਸੰਪਰਕ ਕੀਤਾ ਹੈ ਤਾਂਕਿ ਉਹ ਹਿਬਾ ਦੇ ਮਾਮਲੇ 'ਤੇ ਨੋਟਿਸ ਲੈਣ। ਵਰਕਰ ਸਈਅਦ ਮੁਜਤਬਾ ਹੁਸੈਨ ਤੇ ਮਿਰਜ਼ਾ ਜਹਾਨਜੇਬ ਬੇਗ ਨੇ ਪੀੜਤ ਲਈ 10 ਲੱਖ ਰੁਪਏ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ।