ਹਾਈਵੋਲਟੇਜ ਤਾਰਾਂ 'ਚ ਫਸੀ ਪੁਲਸ ਬੱਸ, ਵਾਲ-ਵਾਲ ਬਚੇ ਜਵਾਨ, 1 ਘੰਟੇ ਬਾਅਦ ਬਿਜਲੀ ਕਾਮਿਆਂ ਨੇ ਬੱਸ ਨੂੰ ਕੱਢਿਆ

09/19/2022 5:47:38 PM

ਜਲੰਧਰ (ਸੁਨੀਲ ਮਹਾਜਨ) : ਮਹਾਨਗਰ ਦੇ ਪਾਸ਼ ਇਲਾਕੇ ਮਾਡਲ ਟਾਊਨ ਸ਼ਿਵਾਨੀ ਪਾਰਕ ਦੇ ਬਾਹਰ ਅੱਜ ਪੁਲਸ ਬੱਸ ਹਾਈਵੋਲਟੇਜ ਤਾਰਾਂ ਵਿਚਕਾਰ ਫੱਸ ਗਈ। ਬੱਸ ਤਾਰਾਂ ਨਾਲ ਟਕਰਾਉਣ ਕਾਰਨ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਤਾਰਾਂ 'ਚ ਬੱਸ ਫੱਸੀ ਦੇ ਦੇਖ ਮਾਰਕਿਟ 'ਚ ਹਫੜਾ-ਦਫ਼ੜੀ ਮਚ ਗਈ ਤੇ ਮਾਰਕਿਟ ਵਾਲਿਆਂ ਨੇ ਇਸ ਦੀ ਸੂਚਨਾ ਬਿਜਲੀ ਵਿਭਾਗ ਨੂੰ ਦਿੱਤੀ ਤੇ ਮੌਕੇ 'ਤੇ ਪਹੁੰਚ ਕੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਬੱਸ ਨੂੰ ਤਾਰਾਂ 'ਚੋਂ ਕੱਢਿਆ। ਮੌਕੇ 'ਤੇ ਮੌਜੂਦ ਮੋਬਾਈਲ ਮਾਰਕਿਟ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਦੱਸਿਆ ਕਿ ਮਾਡਲ ਟਾਊਨ ਦੀ ਸ਼ਿਵਾਨੀ ਪਾਰਕ ਦੇ ਨੇੜੇ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਬੱਸ ਤਾਰਾਂ ਦੇ ਨਾਲ ਲੱਗ ਗਈ।

ਉਨ੍ਹਾਂ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਨਾਲ ਬੱਸ ਟਕਰਾਉਣ ਕਾਰਨ ਬਿਜਲੀ ਦੀ ਇਕ ਖੰਭਾ ਵੀ ਡਿੱਗ ਗਿਆ ਤੇ ਤਾਰਾਂ 'ਚੋਂ ਅੱਗ ਨਿਕਲਣ ਤੇ ਸਪਾਰਕ ਹੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਬੱਸ 'ਚ ਬੈਠੇ ਪੁਲਸ ਕਰਮੀ ਘਬਰਾ ਗਏ ਤੇ ਜਲਦੀ-ਜਲਦੀ ਬੱਸ ਤੋਂ ਬਾਹਰ ਨਿਕਲ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਮਾਮਲੇ ਸਬੰਧੀ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਬਿਜਲੀ ਵਿਭਾਗ ਵੱਲੋਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਦੱਸ ਦੇਈਏ ਜਿਸ ਵੇਲੇ ਇਹ ਹਾਦਸਾ ਹੋਇਆ ਉਸ ਵੇਲੇ 25 ਔਰਤਾਂ ਤੇ ਪੁਲਸ ਮੁਲਾਜ਼ਮ ਬੱਸ 'ਚ ਸਵਾਰ ਸੀ। ਘਟਨਾ ਦਾ ਪਤਾ ਚਲਦਿਆਂ ਹੀ ਸਾਰੇ ਮੁਲਾਜ਼ਮਾਂ ਨੇ ਜਲਦੀ-ਜਲਦੀ ਬੱਸ 'ਚੋਂ ਉਤਰ ਕੇ ਆਪਣੀ ਜਾਨ ਬਚਾਈ ਚੇ ਉਸ ਰਸਤੇ ਆਉਣ-ਜਾਣ ਵਾਲਿਆਂ ਨੂੰ ਰੋਕ ਦਿੱਤਾ ਗਿਆ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ।


Anuradha

Content Editor

Related News