ਹੈਨਰੀ, ਬੇਰੀ ਤੇ ਰਿੰਕੂ ਦੇ ਹਲਕਿਆਂ ''ਚ ਨਿਗਮ ਦੀ ਵੱਡੀ ਕਾਰਵਾਈ

11/08/2019 11:06:01 AM

ਜਲੰਧਰ (ਖੁਰਾਣਾ)— ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਬੀਤੇ ਦਿਨ ਕਾਂਗਰਸੀ ਵਿਧਾਇਕ ਬਾਵਾ ਹੈਨਰੀ, ਰਾਜਿੰਦਰ ਬੇਰੀ ਅਤੇ ਸੁਸ਼ੀਲ ਰਿੰਕੂ ਦੇ ਵਿਧਾਨ ਸਭਾ ਹਲਕਿਆਂ ਵਿਚ ਵੱਡੀ ਕਾਰਵਾਈ ਕੀਤੀ। ਇਸ ਦੌਰਾਨ ਨਿਗਮ ਨੇ ਨਾਜਾਇਜ਼ ਤੌਰ 'ਤੇ ਬਣ ਰਹੀਆਂ 6 ਕਾਲੋਨੀਆਂ ਨੂੰ ਤੋੜ ਦਿੱਤਾ ਅਤੇ 4 ਦੁਕਾਨਾਂ ਨੂੰ ਸੀਲ ਕਰ ਦਿੱਤਾ। ਇਕ ਵੱਡੀ ਕਮਰਸ਼ੀਅਲ ਬਿਲਡਿੰਗ ਦੀ ਬੇਸਮੈਂਟ ਨੂੰ ਵੀ ਤਹਿਸ-ਨਹਿਸ ਕਰ ਦਿੱਤਾ ਗਿਆ। ਹਾਈ ਕੋਰਟ 'ਚ ਦਾਇਰ ਇਕ ਜਨਹਿੱਤ ਪਟੀਸ਼ਨ ਦੇ ਡਰੋਂ ਨਿਗਮ ਨੇ ਇਹ ਕਾਰਵਾਈ ਕੀਤੀ ਜੋ ਸਵੇਰੇ 5 ਵਜੇ ਹਨੇਰੇ 'ਚ ਸ਼ੁਰੂ ਕੀਤੀ ਗਈ। ਇਹ ਕਾਰਵਾਈ ਕਮਿਸ਼ਨਰ ਦੀਪਰਵ ਲਾਕੜਾ ਅਤੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਵੱਲੋਂ ਦਿੱਤੇ ਹੁਕਮਾਂ ਦੇ ਆਧਾਰ 'ਤੇ ਹੋਈ, ਜਿਸ ਦੌਰਾਨ ਪੁਲਸ ਬਲ ਵੀ ਨਿਗਮ ਟੀਮਾਂ ਨਾਲ ਮੌਜੂਦ ਸੀ। ਬੁਲਡੋਜ਼ਰਾਂ ਦੀ ਮਦਦ ਨਾਲ ਨਿਗਮ ਟੀਮਾਂ ਨੇ ਵੱਖ-ਵੱਖ ਨਾਜਾਇਜ਼ ਕਾਲੋਨੀਆਂ ਦੀਆਂ ਸੜਕਾਂ 'ਤੇ ਸੀਵਰੇਜ ਸਿਸਟਮ ਨੂੰ ਤੋੜ ਦਿੱਤਾ ਤੇ ਪਲਾਂਟਿੰਗ ਨੂੰ ਵੀ ਨੁਕਸਾਨ ਪਹੁੰਚਾਇਆ।

ਕਿੱਥੇ-ਕਿੱਥੇ ਹੋਈ ਕਾਰਵਾਈ
ਨੰਦਨਪੁਰ-ਨਾਗਰਾ ਰੋਡ 'ਤੇ ਨਾਜਾਇਜ਼ ਤੌਰ 'ਤੇ ਕੱਟੀ ਜਾ ਰਹੀ ਕਾਲੋਨੀ ਦੀ ਕੱਚੀ ਸੜਕ ਨੂੰ ਤੋੜਿਆ ਗਿਆ।
ਨਾਗਰਾ ਦੇ ਗੁਰਦੁਆਰਾ ਹਰਿਆਣਾ ਸਾਹਿਬ ਦੇ ਪਿਛਵਾੜੇ 2-3 ਏਕੜ ਵਿਚ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ਨੂੰ ਢਾਹਿਆ ਗਿਆ।
ਵਰਿਆਣਾ ਡੰਪ ਨੂੰ ਜਾਂਦੀ ਰੋਡ ਦੇ ਕਿਨਾਰੇ ਕਰੀਬ 2 ਏਕੜ ਵਿਚ ਕੱਟੀ ਜਾ ਰਹੀ ਕਾਲੋਨੀ ਵਿਚ ਨਿਗਮ ਦੇ ਬੁਲਡੋਜ਼ਰਾਂ ਨੇ ਕਾਫੀ ਤਬਾਹੀ ਮਚਾਈ ਤੇ ਉਥੇ ਕਈ ਨੀਂਹਾਂ ਤੋੜਨ ਦੇ ਨਾਲ-ਨਾਲ ਬਣ ਰਹੇ ਮਕਾਨਾਂ ਨੂੰ ਵੀ ਤਹਿਸ-ਨਹਿਸ ਕਰ ਦਿੱਤਾ ਗਿਆ।
ਲੱਧੇਵਾਲੀ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਿੱਛੇ ਕਰੀਬ ਇਕ ਏਕੜ ਵਿਚ ਕੱਟੀ ਜਾ ਰਹੀ ਕਾਲੋਨੀ ਨੂੰ ਵੀ ਤੋੜਿਆ ਗਿਆ।
ਰਾਮਾ ਮੰਡੀ ਇਲਾਕੇ ਵਿਚ ਅਮਰ ਪੈਲੇਸ ਦੇ ਪਿੱਛੇ ਅਜੀਤ ਵਿਹਾਰ ਕੋਲ ਦੋ ਏਕੜ ਵਿਚ ਕੱਟੀ ਜਾ ਰਹੀ ਕਾਲੋਨੀ 'ਤੇ ਡਿੱਚ ਚਲਾਈ ਗਈ।
ਢਿੱਲਵਾਂ ਪੈਲੇਸ ਦੇ ਪਿੱਛੇ ਬਣ ਰਹੀ ਕਾਲੋਨੀ ਨੂੰ ਵੀ ਤੋੜਿਆ ਗਿਆ।
ਲੱਧੇਵਾਲੀ ਸਥਿਤ ਪ੍ਰਤਾਪ ਪੈਲੇਸ ਦੇ ਠੀਕ ਸਾਹਮਣੇ ਨਾਜਾਇਜ਼ ਤੌਰ 'ਤੇ ਬਣ ਰਹੀ ਕਮਰਸ਼ੀਅਲ ਬਿਲਡਿੰਗ ਦੀ ਬੇਸਮੈਂਟ ਨੂੰ ਮਲੀਆਮੇਟ ਕਰ ਦਿੱਤਾ ਗਿਆ।
ਕੇ. ਐੱਮ. ਵੀ. ਦੇ ਸਾਹਮਣੇ ਪੈਂਦੇ ਅਮਨ ਨਗਰ ਵਿਚ ਨਾਜਾਇਜ਼ ਤੌਰ 'ਤੇ ਬਣੀਆਂ 4 ਦੁਕਾਨਾਂ ਨੂੰ ਸੀਲ ਲਾ ਦਿੱਤੀ ਗਈ।

PunjabKesari

ਵਿਰੋਧ 'ਤੇ ਉਤਰੇ ਕਾਂਗਰਸੀ
ਨਿਗਮ ਵੱਲੋਂ ਵੱਖ-ਵੱਖ ਇਲਾਕਿਆਂ ਵਿਚ ਭੰਨ-ਤੋੜ ਕੀਤੇ ਜਾਣ ਨਾਲ ਜਿੱਥੇ ਸ਼ਹਿਰ ਦੀ ਉੱਚ ਕਾਂਗਰਸੀ ਲੀਡਰਸ਼ਿਪ ਨਾਰਾਜ਼ ਹੋ ਗਈ ਹੈ, ਉਥੇ ਅੱਜ ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਹੁੰਦੀ ਵੇਖ ਕਾਂਗਰਸੀ ਆਗੂ ਨਿਗਮ ਟੀਮ ਨਾਲ ਉਲਝ ਵੀ ਪਏ।
ਨਿਗਮ ਟੀਮ ਜਦੋਂ ਨਾਗਰਾ-ਨੰਦਨਪੁਰ ਰੋਡ 'ਤੇ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ਨੂੰ ਤੋੜ ਰਹੀ ਸੀ ਤਾਂ ਉਥੇ ਨਾਰਥ ਹਲਕੇ ਦੇ ਕਾਂਗਰਸੀ ਆਗੂ ਇੰਦਰਜੀਤ ਨਾਗਰਾ ਪਹੁੰਚ ਗਏ ਤੇ ਜ਼ੋਰਦਾਰ ਵਿਰੋਧ ਕੀਤਾ। ਨਾਗਰਾ ਦਾ ਕਹਿਣਾ ਸੀ ਕਿ ਇਹ ਉਨ੍ਹਾਂ ਦੀ ਜੱਦੀ ਜ਼ਮੀਨ ਹੈ ਤੇ ਨਿਗਮ ਧੱਕੇਸ਼ਾਹੀ ਕਰ ਰਿਹਾ ਹੈ। ਨਿਗਮ ਟੀਮ ਜਦੋਂ ਵਰਿਆਣਾ ਡੰਪ ਨੂੰ ਜਾਂਦੀ ਸੜਕ ਦੇ ਕਿਨਾਰੇ ਨਾਜਾਇਜ਼ ਕਾਲੋਨੀ ਨੂੰ ਤੋੜਣ ਦੇ ਨਾਲ-ਨਾਲ ਉਥੇ ਬਣ ਰਹੇ ਮਕਾਨਾਂ ਨੂੰ ਵੀ ਢਾਹ ਰਹੀ ਸੀ ਤਾਂ ਉਥੇ ਕਾਂਗਰਸੀ ਕੌਂਸਲਰ ਲਖਬੀਰ ਬਾਜਵਾ ਨੇ ਨਿਗਮ ਟੀਮ ਦਾ ਜ਼ਬਰਦਸਤ ਵਿਰੋਧ ਕੀਤਾ।

ਲੰਬੀ ਹੈ ਭੰਨ-ਤੋੜ ਦੀ ਲਿਸਟ
ਸਿਆਸੀ ਪ੍ਰੈੱਸ਼ਰ ਦੀ ਪ੍ਰਵਾਹ ਨਾ ਕਰਦਿਆਂ ਨਗਰ ਨਿਗਮ ਵਲੋਂ ਜੋ ਡੈਮੋਲੇਸ਼ਨ ਮੁਹਿੰਮ ਛੇੜੀ ਗਈ ਹੈ, ਉਸ ਤੋਂ ਦੋ ਦਿਨਾਂ ਦੌਰਾਨ 20 ਦੁਕਾਨਾਂ ਨੂੰ ਸੀਲ ਤੇ ਅੱਧਾ ਦਰਜਨ ਕਾਲੋਨੀਆਂ ਨੂੰ ਤੋੜਿਆ ਜਾ ਚੁੱਕਾ ਹੈ। ਨਿਗਮ ਅਧਿਕਾਰੀ ਭਾਵੇਂ ਬੇਹੱਦ ਚੁਪ-ਚੁਪੀਤੇ ਇਸ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ ਪਰ ਪਤਾ ਲੱਗਾ ਹੈ ਕਿ ਅਜੇ ਕਾਰਵਾਈ ਦੀ ਸੂਚੀ ਕਾਫੀ ਲੰਬੀ ਹੈ ਤੇ ਆਉਣ ਵਾਲੇ ਦਿਨਾਂ 'ਚ ਨਿਗਮ ਵੱਡੀ ਕਾਰਵਾਈ ਕਰ ਸਕਦਾ ਹੈ। ਨਿਗਮ ਦੀ ਜ਼ਿਆਦਾਤਰ ਕਾਰਵਾਈ ਉਨ੍ਹਾਂ ਨਿਰਮਾਣਾਂ ਅਤੇ ਉਨ੍ਹਾਂ ਕਾਲੋਨੀਆਂ 'ਤੇ ਹੈ, ਜੋ ਸਿਆਸੀ ਸਰਪ੍ਰਸਤੀ ਹੇਠ ਬਣੀਆਂ।


shivani attri

Content Editor

Related News