ਐਕਸ਼ਨ 'ਚ ਜਲੰਧਰ ਪੁਲਸ ਕਮਿਸ਼ਨਰ ਸਵਪਨ ਸ਼ਰਮਾ, ਲਿਆ ਵੱਡਾ ਫ਼ੈਸਲਾ

Tuesday, Dec 05, 2023 - 04:33 PM (IST)

ਐਕਸ਼ਨ 'ਚ ਜਲੰਧਰ ਪੁਲਸ ਕਮਿਸ਼ਨਰ ਸਵਪਨ ਸ਼ਰਮਾ, ਲਿਆ ਵੱਡਾ ਫ਼ੈਸਲਾ

ਜਲੰਧਰ (ਸੁਧੀਰ ਪੁਰੀ) : ਪੰਜਾਬ ਦੇ ਕਈ ਸ਼ਹਿਰਾਂ ਵਿਚ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੇ ਅਤੇ ਕਈ ਮੁਲਜ਼ਮਾਂ ਤੇ ਨਸ਼ਾ  ਸਮੱਗਲਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਵਾਲੇ ਸ਼ਹਿਰ ਦੇ ਨਵ-ਨਿਯੁਕਤ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਚਾਰਜ ਸੰਭਾਲਣ ਦੇ ਕੁਝ ਦੇਰ ਬਾਅਦ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਤਿੱਖੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਲੰਧਰ ਨਿਵਾਸੀਆਂ ਦੀ ਸੇਵਾ ਕਰਨ ਦਾ ਫਿਰ ਤੋਂ ਮੌਕਾ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ  ਰਾਜੋਆਣਾ ਦੀ ਭੁੱਖ ਹੜਤਾਲ ਵਿਚਾਲੇ ਜਥੇਦਾਰ ਰਘਬੀਰ ਸਿੰਘ ਨੇ ਸੱਦੀ 5 ਤਖ਼ਤਾਂ ਦੇ ਜਥੇਦਾਰਾਂ ਦੀ ਬੈਠਕ

ਉਨ੍ਹਾਂ ਕਿਹਾ ਕਿ ਉਹ ਇਸ ਤੋਂ ਪਹਿਲਾਂ ਜਲੰਧਰ ਦਿਹਾਤੀ ਵਿਚ ਐੱਸ. ਐੱਸ. ਪੀ. ਤੇ ਉਸ ਤੋਂ ਬਾਅਦ ਡੀ. ਆਈ. ਜੀ. ਜਲੰਧਰ ਰੇਂਜ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਪੁਲਸ ਤੁਹਾਡੀ ਸੇਵਾ ਵਿਚ 24 ਘੰਟੇ ਹਾਜ਼ਰ ਹੈ। ਉਨ੍ਹਾਂ ਦੱਸਿਆ ਕਿ ਅਜੇ ਪੁਲਸ ਕਮਿਸ਼ਨਰ ਦਾ ਚਾਰਜ ਸੰਭਾਲਿਆਂ ਉਨ੍ਹਾਂ ਨੂੰ ਕੁਝ ਹੀ ਦਿਨ ਹੋਏ ਹਨ। ਚਾਰਜ ਸੰਭਾਲਣ ਦੇ ਨਾਲ ਹੀ ਉਹ ਰੋਜ਼ਾਨਾ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਮੀਟਿੰਗ ਕਰ ਕੇ ਸ਼ਹਿਰ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ। ਉਹ ਰੋਜ਼ਾਨਾ ਅਚਾਨਕ ਚੈਕਿੰਗ ਲਈ ਸ਼ਹਿਰ ਦੇ ਥਾਣਿਆਂ ਦਾ ਵੀ ਦੌਰਾ ਕਰ ਰਹੇ ਹਨ।

ਉਨ੍ਹਾਂ ਸਾਫ਼ ਕਿਹਾ ਕਿ ਸ਼ਹਿਰ ਵਿਚ ਲਾਅ ਐਂਡ ਆਰਡਰ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਨ ਦਿ ਸਪਾਟ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ, ਥਾਣਾ ਇੰਚਾਰਜਾਂ, ਪੀ. ਸੀ. ਆਰ. ਮੁਲਾਜ਼ਮਾਂ ਅਤੇ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੇ ਨਿਰਦੇਸ਼ ਦਿੱਤੇ। ਸੀ. ਪੀ. ਨੇ ਮੁਲਾਜ਼ਮਾਂ ਦਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ਨਕਦ ਇਨਾਮ ਰਾਸ਼ੀ ਅਤੇ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ, ਜਦੋਂ ਕਿ ਡਿਊਟੀ ਿਵਚ ਕੋਤਾਹੀ ਵਰਤਣ ਵਾਲੇ ਮੁਲਾਜ਼ਮਾਂ ਨੂੰ ਪੁਲਸ ਲਾਈਨ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦੇ ਰਹੀ 1 ਲੱਖ ਰੁਪਏ ਜਿੱਤਣ ਦਾ ਮੌਕਾ, ਤੁਸੀਂ ਵੀ ਕਰੋ ਇਹ ਕੰਮ

ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਸਾਰੇ ਵਿੰਗ, ਜਿਨ੍ਹਾਂ ਵਿਚ ਪੀ. ਓ. ਸਟਾਫ, ਐਂਟੀ-ਫਰਾਡ, ਐਂਟੀ-ਨਾਰਕੋਟਿਕਸ ਸੈੱਲ, ਵੂਮੈਨ ਸੈੱਲ, ਸੀ. ਆਈ. ਏ. ਸਟਾਫ-2 ਅਤੇ ਹੋਰ ਵੀ ਕਈ ਸੈੱਲਾਂ ਨੂੰ ਭੰਗ ਕਰ ਕੇ ਉਨ੍ਹਾਂ ਵਿਚੋਂ ਲਗਭਗ 100 ਪੁਲਸ ਮੁਲਾਜ਼ਮਾਂ ਨੂੰ ਸ਼ਹਿਰ ਦੇ ਥਾਣਿਆਂ ਅਤੇ ਪੀ. ਸੀ. ਆਰ. ਵਿਚ ਸ਼ਿਫਟ ਕੀਤਾ ਗਿਆ ਹੈ। ਉਨ੍ਹਾਂ ਸਾਫ਼ ਕਿਹਾ ਕਿ ਮੈਨੂੰ ਵਿਹਲੇ ਚਾਹ ਪੀਣ ਵਾਲੇ ਬੰਦੇ ਪਸੰਦ ਨਹੀਂ। ਮੇਰਾ ਕੰਮ ਕਰਨ ਦਾ ਢੰਗ ਬਿਲਕੁਲ ਵੱਖ ਹੈ। ਜਾਂ ਖੁਦ ਬਦਲ ਜਾਓ ਜਾਂ ਫਿਰ ਆਪਣੇ ਕੰਮ ਕਰਨ ਦਾ ਢੰਗ ਬਦਲ ਲਓ। ਸੀ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਸੈੱਲਾਂ ਨੂੰ ਖ਼ਤਮ ਕਰਨ ਦੇ ਨਾਲ ਹੀ ਸ਼ਹਿਰ ਦੇ ਥਾਣਿਆਂ ਵਿਚ ਵੀ ਮੁਲਾਜ਼ਮਾਂ ਵਿਚ ਵਾਧਾ ਹੋਵੇਗਾ ਅਤੇ ਸੈੱਲਾਂ ਵਿਚ ਆਉਣ ਵਾਲੀਆਂ ਸਾਰੀਆਂ ਸ਼ਿਕਾਇਤਾਂ ਨੂੰ ਥਾਣਾ ਵਾਈਜ਼ ਸ਼ਿਫਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਥਾਣਾ ਪੱਧਰ ’ਤੇ ਹੀ ਇਨਸਾਫ਼ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਥਾਣੇ ਵਿਚ ਇਨਸਾਫ਼ ਨਹੀਂ ਮਿਲਦਾ ਜਾਂ ਕੋਈ ਮੁਲਾਜ਼ਮ ਕੰਮ ਕਰਨ ਵਿਚ ਕੋਤਾਹੀ ਵਰਤਦਾ ਹੈ ਤਾਂ ਲੋਕ ਸਿੱਧਾ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈੱਲਾਂ ਵਿਚੋਂ ਸ਼ਿਫਟ ਕੀਤੇ ਗਏ 100 ਮੁਲਾਜ਼ਮਾਂ ਨੂੰ ਸ਼ਹਿਰ ਵਿਚ ਲੱਗਣ ਵਾਲੇ ਨਾਕਿਆਂ ’ਤੇ ਲਾਇਆ ਜਾਵੇਗਾ।

ਇਹ ਵੀ ਪੜ੍ਹੋ ਡੌਂਕੀ ਲਾ ਕੇ 1000 ਬੰਦਾ ਟੱਪ ਗਿਆ ਮੈਕਸੀਕੋ ਬਾਰਡਰ, ਛੋਟੋ-ਛੋਟੇ ਬੱਚੇ ਵੀ ਸ਼ਾਮਲ, ਵੇਖੋ ਵੀਡੀਓ

ਉਨ੍ਹਾਂ ਸਾਫ਼ ਕਿਹਾ ਕਿ ਮੈਨੂੰ ਸਿਰਫ਼ 10 ਦਿਨਾਂ ਦਾ ਹੋਰ ਸਮਾਂ ਦੇਵੋ, ਤੁਹਾਨੂੰ ਆਪਣੇ-ਆਪ ਹੀ ਸ਼ਹਿਰ ਵਿਚ ਸੁਧਾਰ ਨਜ਼ਰ ਆਉਣ ਲੱਗੇਗਾ। ਉਨ੍ਹਾਂ ਸਾਫ਼ ਕਿਹਾ ਕਿ ਸ਼ਹਿਰ ਵਿਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇਗਾ। ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਤੇ ਥਾਣਾ ਇੰਚਾਰਜਾਂ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਿਚ ਕੋਈ ਜੁਰਮ ਹੋਇਆ ਤਾਂ ਉਸਦਾ ਜ਼ਿੰਮੇਵਾਰ ਇਲਾਕੇ ਦਾ ਏ. ਸੀ. ਪੀ. ਤੇ ਥਾਣਾ ਇੰਚਾਰਜ ਹੋਵੇਗਾ।

ਇਹ ਵੀ ਪੜ੍ਹੋ : 13 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਹਵਸ ਮਿਟਾਉਣ ਵਾਲਾ ਦਰਿੰਦਾ ਜਲੰਧਰ ਪੁਲਸ ਵੱਲੋਂ ਕਾਬੂ

ਪੀ. ਸੀ. ਆਰ. ਅਤੇ ਟ੍ਰੈਫਿਕ ਪੁਲਸ ਨੂੰ ਕੀਤਾ ਮਰਜ

ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਸ਼ਹਿਰ ਦੇ ਪੀ. ਸੀ. ਆਰ. ਅਤੇ ਟ੍ਰੈਫਿਕ ਪੁਲਸ ਵਿਚ ਵੱਡਾ ਫੇਰਬਦਲ ਕਰਦੇ ਹੋਏ ਦੋਵਾਂ ਨੂੰ ਮਰਜ ਕਰ ਦਿੱਤਾ। ਸੀ. ਪੀ. ਨੇ ਦੱਸਿਆ ਕਿ ਪੀ. ਸੀ. ਆਰ. ਅਤੇ ਟ੍ਰੈਫਿਕ ਪੁਲਸ ਨੂੰ ਮਰਜ ਕਰਨ ਦੇ ਨਾਲ-ਨਾਲ ਦੋਵਾਂ ਵਿਚ ਮੈਨਪਾਵਰ ਵਧਾਈ ਗਈ ਹੈ, ਜਿਸ ਨਾਲ ਸ਼ਹਿਰ ਵਿਚ ਲਾਅ ਐਂਡ ਆਰਡਰ ਅਤੇ ਟ੍ਰੈਫਿਕ ਵਿਵਸਥਾ ਵਿਚ ਸੁਧਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਦੇਖਣ ਨੂੰ ਮਿਲਦਾ ਹੈ ਕਿ ਸ਼ਹਿਰ ਵਿਚ ਕਈ ਨਾਜਾਇਜ਼ ਇਮਾਰਤਾਂ ਦੇ ਬਾਹਰ ਬਣੀ ਨਾਜਾਇਜ਼ ਪਾਰਕਿੰਗ ਕਾਰਨ ਸੜਕਾਂ ’ਤੇ ਜਾਮ ਲੱਗਦਾ ਹੈ। ਉਨ੍ਹਾਂ ਸਾਫ ਕਿਹਾ ਕਿ ਜੇਕਰ ਕੋਈ ਵੀ ਨਾਜਾਇਜ਼ ਪਾਰਕਿੰਗ ਦਿਸੀ ਤਾਂ ਨਗਰ ਨਿਗਮ ਨਾਲ ਤਾਲਮੇਲ ਕਰ ਕੇ ਉਕਤ ਪਾਰਕਿੰਗ ਨੂੰ ਤੁਰੰਤ ਬੰਦ ਕਰਵਾ ਕੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਦੁਬਾਰਾ ਚਲਾਇਆ ਜਾਵੇਗਾ।

ਇਹ ਵੀ ਪੜ੍ਹੋ : ਦੇਸ਼ ’ਚ ਭਾਜਪਾ ਦੀ ਝੰਡੀ, ਪੰਜਾਬ ਨੂੰ ਬਣਾਇਆ 'ਪ੍ਰਯੋਗ ਸੂਬਾ'

ਸਮੱਗਲਰਾਂ ਅਤੇ ਸ਼ੱਕੀਆਂ ਦੀ ਸੂਚਨਾ ’ਤੇ ਤੁਰੰਤ ਹੋਵੇਗੀ ਕਾਰਵਾਈ

ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੁਲਸ ਅਤੇ ਪਬਲਿਕ ਦੇ ਸਹਿਯੋਗ ਨਾਲ ਹੀ ਸ਼ਹਿਰ ਵਿਚੋਂ ਜੁਰਮ ਅਤੇ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕਦਾ ਹੈ। ਪੁਲਸ ਅਤੇ ਪਬਲਿਕ ਦੇ ਤਾਲਮੇਲ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਪੁਲਸ ਅਤੇ ਪਬਲਿਕ ਮੀਟ ਦਾ ਆਯੋਜਨ ਵੀ ਕਰਵਾਇਆ ਜਾਵੇਗਾ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਦੂਜੇ ਪਾਸੇ ਲੋਕ ਬੇਝਿਜਕ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਦੱਸ ਸਕਣਗੇ। ਉਨ੍ਹਾਂ ਲੋਕਾਂ ਨੂੰ ਵੀ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਵਿਚ ਕੋਈ ਵੀ ਨਸ਼ਾ ਸਮੱਗਲਰ ਜਾਂ ਕੋਈ ਸ਼ੱਕੀ ਵਿਅਕਤੀ ਰਹਿੰਦਾ ਹੈ ਤਾਂ ਤੁਸੀਂ ਇਸਦੀ ਸੂਚਨਾ ਤੁਰੰਤ ਪੁਲਸ ਨੂੰ ਦਿਓ। ਸੂਚਨਾ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Harnek Seechewal

Content Editor

Related News