ਖੁਦ ਸਟ੍ਰੈਚਰ ਚਲਾ ਕੇ ਸਬ-ਇੰਸਪੈਕਟਰ ਪਹੁੰਚੇ ਐਮਰਜੈਂਸੀ ਵਾਰਡ ’ਚ

11/09/2018 6:37:51 PM

ਜਲੰਧਰ (ਸ਼ੋਰੀ)-ਇਨ੍ਹੀਂ ਦਿਨੀਂ ਸਿਵਲ ਹਸਪਤਾਲ ’ਚ ਬਿਨਾਂ ਭੇਦਭਾਵ ਦੇ ਕਰਮਚਾਰੀ ਕੰਮ ਕਰਦੇ ਹਨ। ਭਾਵੇਂ ਆਮ ਆਦਮੀ ਹੋਵੇ ਜਾਂ ਫਿਰ ਪੁਲਸ ਵਾਲਾ ਲਾਪ੍ਰਵਾਹੀ ਸਾਰਿਆਂ ਨਾਲ ਬਰਾਬਰ ਦੀ ਵਰਤੀ ਜਾਂਦੀ ਹੈ। ਜਾਣਕਾਰੀ ਮੁਤਾਬਕ ਥਾਣਾ ਨੰ. 4 ਦੀ ਪੁਲਸ ਵੱਲੋਂ ਰੈਣਕ ਬਾਜ਼ਾਰ ਸਥਿਤ ਏ. ਸੀ. ਮਾਰਕੀਟ ’ਚ ਛਾਪੇਮਾਰੀ ਦੌਰਾਨ ਪੋੜੀਆਂ ਤੋਂ ਡਿੱਗ ਕੇ ਜ਼ਖ਼ਮੀ ਹੋਏ ਜੁਆਰੀ ਦਵਿੰਦਰ ਉਰਫ ਡੀ. ਸੀ. ਵਾਸੀ ਆਦਮਪੁਰ ਨੂੰ ਜੇਲ ਛੱਡਣ ਤੋਂ ਪਹਿਲਾਂ ਪੁਲਸ ਮੈਡੀਕਲ ਲਈ ਸਿਵਲ ਹਸਪਤਾਲ ਲਿਆਈ। ਕਾਰ ’ਚ ਬੈਠੇ ਡੀ. ਸੀ. ਨੂੰ ਜ਼ਖ਼ਮੀ ਹਾਲਤ ਵਿਚ ਬਾਹਰ ਕੱਢਣਾ ਮੁਸ਼ਕਲ ਸੀ ਕਿਉਂਕਿ ਉਸ ਦੇ ਦੋਵਾਂ ਪੈਰਾਂ ਦੀ ਹੱਡੀ ਟੁੱਟ ਚੁੱਕੀ ਸੀ ਅਤੇ ਪਲੱਸਤਰ ਲੱਗਾ ਸੀ। ਪੁਲਸ ਉਸਨੂੰ ਐਮਰਜੈਂਸੀ ਵਾਰਡ ਵਿਚ ਲਿਜਾਉਣ ਲਈ ਸਟ੍ਰੈਚਰ ਲੱਭਦੀ ਰਹੀ ਪਰ ਪੁਲਸ ਨੂੰ ਸਟ੍ਰੈਚਰ ਨਹੀਂ ਮਿਲਿਆ ਤੇ ਨਾ ਹੀ ਦਰਜਾ ਚਾਰ ਮੁਲਾਜ਼ਮ ਹੀ ਨਜ਼ਰ ਆਏ। ਆਖਿਰ ਪੁਲਸ ਨੇ ਆਪ੍ਰੇਸ਼ਨ ਥਿਏਟਰ ਵਿਚ ਜਾ ਕੇ ਵੇਖਿਆ ਤਾਂ ਉਥੇ ਸਟ੍ਰੈਚਰ ਪਿਆ ਸੀ। ਸਬ-ਇੰਸਪੈਕਟਰ ਲਖਵਿੰਦਰ ਨੇ ਖੁਦ ਸਟ੍ਰੈਚਰ ਚੁੱਕਿਆ ਅਤੇ ਸਾਥੀ ਪੁਲਸ ਮੁਲਾਜ਼ਮ ਵਿਨੋਦ ਦੀ ਮਦਦ ਨਾਲ ਜ਼ਖ਼ਮੀ ਹਾਲਤ ਵਿਚ ਡੀ. ਸੀ. ਨੂੰ ਬਿਠਾ ਕੇ ਖੁਦ ਹੀ ਸਟ੍ਰੈਚਰ ਨੂੰ ਧੱਕ ਕੇ ਡੀ. ਸੀ. ਨੂੰ ਡਾਕਟਰ ਕੋਲ ਲੈ ਗਏ ਅਤੇ ਬਾਅਦ ਵਿਚ ਖੁਦ ਹੀ ਸਟ੍ਰੈਚਰ ਚਲਾ ਕੇ ਬਾਹਰ ਕਾਰ ਵਿਚ ਡੀ. ਸੀ. ਨੂੰ ਲੈ ਕੇ ਪਹੁੰਚੇ। ਇਹ ਨਜ਼ਾਰਾ ਵੇਖ ਕੇ ਹਸਪਤਾਲ ਦੇ ਲੋਕ ਕਹਿੰਦੇ ਸੁਣੇ ਗਏ ਕਿ ਲਾਪ੍ਰਵਾਹੀ ਸਾਰਿਆਂ ਲਈ ਬਰਾਬਰ ਦੀ ਹੀ ਦਿਸ ਰਹੀ ਹੈ।


Related News