ਵਿਜੀਲੈਂਸ ਨੇ 2 ਸਾਲ ਪਹਿਲਾਂ ਕੀਤੀ ਹੁੰਦੀ ਕਾਰਵਾਈ ਤਾਂ ਬੰਦ ਹੋ ਸਕਦਾ ਸੀ ਭ੍ਰਿਸ਼ਟਾਚਾਰ, ਪੜ੍ਹੋ ਪੂਰਾ ਮਾਮਲਾ

Friday, Sep 02, 2022 - 03:39 PM (IST)

ਜਲੰਧਰ (ਬਿਊਰੋ) : ਬੱਸ ਸਟੈਂਡ ਨਜ਼ਦੀਕ ਬੀਤੇ ਦਿਨੀਂ ਮੋਟਰ ਵ੍ਹੀਕਲ ਇੰਸਪੈਕਟਰ (ਐੱਮ. ਵੀ. ਆਈ.) ਦੇ ਦਫ਼ਤਰ 'ਚ ਰੇਡ ਕਰ ਕੇ ਗ੍ਰਿਫ਼ਤਾਰ ਕੀਤੇ ਗਏ ਨਰੇਸ਼ ਕਲੇਰ ਅਤੇ ਉਸਦੇ 2 ਕਰਿੰਦਿਆਂ ਕਾਲੂ ਤੇ ਰਾਧੇ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਵਿਜੀਲੈਂਸ ਨੇ ਮੁੜ ਅਦਾਲਤ 'ਚ ਪੇਸ਼ ਕੀਤਾ ਸੀ। ਮਾਣਯੋਗ ਅਦਾਲਤ ਵੱਲੋਂ ਐੱਮ. ਵੀ. ਆਈ. ਨਰੇਸ਼ ਕਲੇਰ ਦਾ ਤਿੰਨ ਦਿਨ ਦਾ ਰਿਮਾਂਡ ਹੋਰ ਵਧਾ ਦਿੱਤਾ ਗਿਆ ਹੈ, ਜਦੋਂ ਕਿ ਕਾਲੂ ਅਤੇ ਰਾਧੇ ਨੂੰ ਜੇਲ੍ਹ ਭੇਜ ਦਿੱਤਾ ਗਿਆ। ਵਿਜੀਲੈਂਸ ਨੇ ਅਦਾਲਤ 'ਚ ਕਿਹਾ ਕਿ ਮੁਲਜ਼ਮ ਐੱਮ. ਵੀ. ਆਈ. ਦਫ਼ਤਰ 'ਚੋਂ ਬਰਾਮਦ ਕੀਤੀਆਂ ਗਈਆਂ ਫਾਈਲਾਂ ਬਦਲੇ ਕਿੰਨੇ ਪੈਸੇ ਲੈਂਦਾ ਸੀ ਅਤੇ ਇਸ ਕਾਲੀ ਕਮਾਈ ਨੂੰ ਕਿਥੇ ਇਨਵੈਸਟ ਕੀਤਾ ਗਿਆ ਹੈ, ਬਾਰੇ ਪਤਾ ਕਰਨਾ ਹੈ।

ਇਹ ਵੀ ਪੜ੍ਹੋ : ਵਿਆਹ ਪੁਰਬ ਮੌਕੇ ਗੁਰਦੁਆਰਾ ਕੰਧ ਸਾਹਿਬ ਦਾ ਅਲੌਕਿਕ ਦ੍ਰਿਸ਼, ਦੇਸ਼ਾਂ-ਵਿਦੇਸ਼ਾਂ 'ਚੋਂ ਪਹੁੰਚ ਰਹੀ ਸੰਗਤ

ਵਿਜੀਲੈਂਸ ਦੇ ਸੂਤਰਾਂ ਦੀ ਮੰਨੀਏ ਤਾਂ ਐੱਮ. ਵੀ. ਆਈ. ਦਫ਼ਤਰ 'ਚ ਭ੍ਰਿਸ਼ਟਾਚਾਰ ਲਗਭਗ 2 ਸਾਲ ਪਹਿਲਾਂ ਖ਼ਤਮ ਹੋ ਸਕਦਾ ਸੀ ਪਰ ਉਸ ਸਮੇਂ ਐੱਸ. ਐੱਸ. ਪੀ. ਵਿਜੀਲੈਂਸ ਜਲੰਧਰ ਰੇਂਜ ਦੇ ਉੱਚ ਅਧਿਕਾਰੀਆਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਹੁਣ ਜਦੋਂ ਸਰਕਾਰ ਬਦਲੀ ਤਾਂ ਵੀ ਵਿਜੀਲੈਂਸ ਵਿਭਾਗ ਕੁੰਭਕਰਨੀ ਨੀਂਦ ਤੋਂ ਨਹੀਂ ਜਾਗਿਆ ਅਤੇ ਸਾਬਕਾ ਐੱਮ. ਵੀ. ਆਈ. ਦੀ ਸ਼ਿਕਾਇਤ ਨੂੰ ਠੰਡੇ ਬਸਤੇ 'ਚ ਪਾ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਐੱਮ. ਵੀ. ਆਈ. ਖ਼ਿਲਾਫ਼ ਚੱਲ ਰਹੀਆਂ ਸ਼ਿਕਾਇਤਾਂ ’ਤੇ ਕਾਰਵਾਈ ਤਾਂ ਕੀ ਹੋਣੀ ਸੀ, ਉਲਟਾ ਸਾਬਕਾ ਐੱਮ. ਵੀ. ਆਈ. ਨੂੰ ਹੁਸ਼ਿਆਰਪੁਰ 'ਚ ਰੇਡ ਕਰਨ ਤੋਂ ਪਹਿਲਾਂ ਸੂਚਨਾ ਪਹੁੰਚਾ ਦਿੱਤੀ ਗਈ। ਇਨ੍ਹਾਂ ਹੀ ਨਹੀਂ ਵਿਜੀਲੈਂਸ ਦੇ ਕੁਝ ਅਧਿਕਾਰੀਆਂ ਨੇ ਸਾਬਕਾ ਐੱਮ. ਵੀ. ਆਈ. ਖ਼ਿਲਾਫ਼ ਦਿੱਤੀਆਂ ਗਈਆਂ ਸ਼ਿਕਾਇਤਾਂ 'ਚੋਂ ਕੁਝ ਨੂੰ ਫਗਵਾੜਾ ਮਾਰਕ ਕਰ ਦਿੱਤਾ ਤਾਂ ਕੁਝ ਨੂੰ ਹੁਸ਼ਿਆਰਪੁਰ। ਹੈਰਾਨੀ ਦੀ ਗੱਲ ਹੈ ਕਿ ਦੋਵੇਂ ਸ਼ਿਕਾਇਤਕਰਤਾ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਸ਼ਿਕਾਇਤ ਵੀ ਜਲੰਧਰ ਦੇ ਐੱਸ. ਐੱਸ. ਪੀ. ਨੂੰ ਦਿੱਤੀ ਗਈ ਸੀ।

ਇਹ ਵੀ ਪੜ੍ਹੋ : DSP ਟਾਂਡਾ ਨੂੰ ਮਿਲੇ ਇਲਾਕੇ ਦੇ ਪਾਸਟਰ ਸਾਹਿਬਾਨ, ਪੰਜਾਬ ਸਰਕਾਰ ਤੋਂ ਕੀਤੀ ਇਹ ਮੰਗ

ਪਹਿਲੀ ਸ਼ਿਕਾਇਤ ਜਲੰਧਰ ਦੇ ਰਾਜਿੰਦਰ ਨਗਰ ਦੇ ਰਹਿਣ ਵਾਲੇ ਸੰਜੇ ਸਹਿਗਲ ਨੇ 2 ਸਾਲ ਪਹਿਲਾਂ ਕੀਤੀ ਸੀ, ਜਿਨ੍ਹਾਂ ਸਾਬਕਾ ਐੱਮ. ਵੀ. ਆਈ. ਦਵਿੰਦਰ ਸਿੰਘ ਖ਼ਿਲਾਫ਼ ਜ਼ਰੂਰਤ ਤੋਂ ਜ਼ਿਆਦਾ ਕਮਰਸ਼ੀਅਲ ਗੱਡੀਆਂ ਦੀ ਪਾਸਿੰਗ ਕਰਨ ਬਾਰੇ ਖੁਲਾਸਾ ਕੀਤਾ ਸੀ। ਉਨ੍ਹਾਂ ਐੱਮ. ਵੀ. ਆਈ. ਦੇ ਨਾਲ 6 ਕਰਿੰਦਿਆਂ ਖ਼ਿਲਾਫ਼ ਵੀ ਸ਼ਿਕਾਇਤ ਦਿੱਤੀ ਸੀ। ਦੂਜੀ ਸ਼ਿਕਾਇਤ ਸ਼ੀਤਲ ਨਗਰ ਨਿਵਾਸੀ ਕੁਲਦੀਪ ਸ਼ੈਂਟੀ ਨੇ ਸਾਬਕਾ ਐੱਮ. ਵੀ. ਆਈ. ਖ਼ਿਲਾਫ਼ ਦਿੱਤੀ ਸੀ, ਜਿਹੜੇ ਕਿ ਅੱਜ-ਕੱਲ੍ਹ ਹੁਸ਼ਿਆਰਪੁਰ ਵਿਚ ਤਾਇਨਾਤ ਹਨ ਪਰ ਪਤਾ ਨਹੀਂ ਕਿਹੜੇ ਕਾਰਨਾਂ ਕਰ ਕੇ ਦੋਵਾਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ। ਜੇਕਰ ਵਿਜੀਲੈਂਸ ਇਹੀ ਕਾਰਵਾਈ 2 ਸਾਲ ਪਹਿਲਾਂ ਕਰਦੀ ਤਾਂ ਹੋ ਸਕਦਾ ਸੀ ਕਿ ਭ੍ਰਿਸ਼ਟਾਚਾਰ ਨੂੰ ਨਕੇਲ ਪੈ ਜਾਂਦੀ।

ਰਾਜੇਸ਼ ਦੇ ਕਾਰਨਾਮਿਆਂ ਦੀ ਹੈ ਕਾਫ਼ੀ ਲੰਮੀ ਲਿਸਟ
ਵਿਭਾਗੀ ਸੂਤਰਾਂ ਮੁਤਾਬਕ ਇਸ ਕੇਸ 'ਚ ਨਾਮਜ਼ਦ ਮੁਲਜ਼ਮ ਰਾਜੇਸ਼ ਦੇ ਕਾਰਨਾਮਿਆਂ ਦੀ ਲਿਸਟ ਕਾਫ਼ੀ ਲੰਮੀ ਹੈ। ਰਾਜੇਸ਼ ਸਾਬਕਾ ਐੱਮ. ਵੀ. ਆਈ. ਦਵਿੰਦਰ ਸਿੰਘ ਅਤੇ ਮੌਜੂਦਾ ਐੱਮ. ਵੀ. ਆਈ. ਨਰੇਸ਼ ਕਲੇਰ ਨਾਲ ਸਾਲਾਂ ਤੋਂ ਕੰਮ ਕਰ ਰਿਹਾ ਹੈ। ਰਾਜੇਸ਼ ਹਫਤੇ ਵਿਚ ਦੋ ਦਿਨ ਜਲੰਧਰ ਅਤੇ ਤਿੰਨ ਦਿਨ ਹੁਸ਼ਿਆਰਪੁਰ ਕੰਮ ਕਰਦਾ ਹੈ। ਸੂਤਰਾਂ ਨੇ ਦੱਸਿਆ ਕਿ ਹੁਸ਼ਿਆਰਪੁਰ ਨਿਵਾਸੀ ਰਾਜੇਸ਼ ਨੇ ਮੌਜੂਦਾ ਸਮੇਂ ਹੁਸ਼ਿਆਰਪੁਰ 'ਚ ਹੀ ਬਗੈਰ ਗੱਡੀ ਦੇਖੇ ਅਣਗਿਣਤ ਪਾਸਿੰਗ ਕਰ ਕੇ ਫਾਈਲਾਂ ਐੱਮ. ਵੀ. ਆਈ. ਹੁਸ਼ਿਆਰਪੁਰ ਨਾਲ ਮਿਲ ਕੇ ਕਲੀਅਰ ਕਰ ਦਿੱਤੀਆਂ ਪਰ ਵਿਜੀਲੈਂਸ ਫਿਰ ਵੀ ਇਸ ਗੱਲ ਨੂੰ ਅਣਡਿੱਠ ਕਰਦੀ ਰਹੀ ਹੈ।

ਇਕ ’ਤੇ ਰਹਿਮ ਤੇ ਦੂਜੇ ਐੱਮ. ਵੀ. ਆਈ. ਕਾਰਵਾਈ?
ਸੂਤਰਾਂ ਨੇ ਦਾਅਵਾ ਕੀਤਾ ਕਿ ਹੁਸ਼ਿਆਰਪੁਰ 'ਚ ਅਣਗਿਣਤ ਫਾਈਲਾਂ ਬਗੈਰ ਗੱਡੀ ਦੇਖੇ ਪਾਸ ਕਰ ਦਿੱਤੀਆਂ ਗਈਆਂ ਪਰ ਵਿਜੀਲੈਂਸ ਨੇ ਫਿਰ ਵੀ ਅੱਖਾਂ ਬੰਦ ਕਰੀ ਰੱਖੀਆਂ, ਜਦੋਂ ਕਿ ਹੁਸ਼ਿਆਰਪੁਰ 'ਚ ਇਕ ਪ੍ਰਦੂਸ਼ਣ ਚੈੱਕ ਸੈਂਟਰ ਦੇ ਨਾਂ ’ਤੇ ਬੇਨਾਮੀ ਪ੍ਰਾਪਰਟੀਆਂ ਤੋਂ ਇਲਾਵਾ ਬਾਕੀ ਅਣਗਿਣਤ ਪ੍ਰਾਪਰਟੀਆਂ ਤੱਕ ਐੱਮ. ਵੀ. ਆਈ. ਦੇ ਮਜੀਠਾ ਨਿਵਾਸੀ ਡਰਾਈਵਰ ਨੇ ਲੈ ਲਈਆਂ।

ਵੱਡਾ ਸਵਾਲ ਹੈ ਕਿ ਕਿਹੜੇ ਨਿੱਜੀ ਕਾਰਨਾਂ ਕਰ ਕੇ ਵਿਜੀਲੈਂਸ ਹੁਸ਼ਿਆਰਪੁਰ ਵੱਲ ਧਿਆਨ ਨਹੀਂ ਦੇ ਰਹੀ। ਜ਼ਿਕਰਯੋਗ ਹੈ ਕਿ ਜਲੰਧਰ ਅਤੇ ਹੁਸ਼ਿਆਰਪੁਰ ਵਿਚ ਵਿਜੀਲੈਂਸ ਦਾ ਇਕ ਹੀ ਐੱਸ. ਐੱਸ. ਪੀ. ਹੈ। ਫਿਰ ਜਲੰਧਰ ਦੇ ਐੱਮ. ਵੀ. ਆਈ. ’ਤੇ ਕਾਰਵਾਈ ਤਾਂ ਹੁਸ਼ਿਆਰਪੁਰ ਦੇ ਐੱਮ. ਵੀ. ਆਈ. ’ਤੇ ਮਿਹਰਬਾਨੀ ਕਿਉਂ?


Anuradha

Content Editor

Related News