ਕਾਂਗਰਸ ਨੂੰ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ, 6 ਵਿਧਾਇਕਾਂ ਦੀ ਭਾਜਪਾ ਲੀਡਰਸ਼ਿਪ ਨਾਲ ਮੁਲਾਕਾਤ
Tuesday, Jun 07, 2022 - 03:51 PM (IST)
ਜਲੰਧਰ (ਨਰਿੰਦਰ ਮੋਹਨ) : ਝਟਕੇ-ਦਰ-ਝਟਕੇ ਤੋਂ ਬਾਅਦ ਕਾਂਗਰਸ ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ ਹੋ ਰਹੀ ਹੈ। ਪੰਜਾਬ ਕਾਂਗਰਸ ਦੇ 6 ਵਿਧਾਇਕਾਂ ਨੇ ਦਿੱਲੀ ’ਚ ਭਾਜਪਾ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਭਾਜਪਾ ’ਚ ਉਨ੍ਹਾਂ ਦੇ ਦਾਖ਼ਲੇ ਦੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਕ ਹੋਰ ਕਾਂਗਰਸੀ ਵਿਧਾਇਕ ਦਾ ਸਮਰਥਨ ਭਾਜਪਾ ਨੂੰ ਹੈ ਪਰ ਉਹ ਦਿੱਲੀ ਦੀ ਬੈਠਕ ’ਚ ਸ਼ਾਮਲ ਨਹੀਂ ਸੀ, ਜਦੋਂ ਕਿ 5 ਹੋਰ ਕਾਂਗਰਸ ਵਿਧਾਇਕਾਂ ਦੇ ਨਾਲ ਭਾਜਪਾ ਦੇ ਨੇਤਾਵਾਂ ਦੀ ਗੱਲਬਾਤ ਚੱਲ ਰਹੀ ਹੈ। ਭਾਜਪਾ ਦੇ ਇਕ ਸੀਨੀਅਰ ਨੇਤਾ ਅਨੁਸਾਰ, ਜੇਕਰ ਇਹ ਗੱਲਬਾਤ ਸਫ਼ਲ ਹੁੰਦੀ ਹੈ ਤਾਂ ਦਲ-ਬਦਲ ਵਿਰੋਧੀ ਨਿਯਮਾਂ ਦੇ ਤਹਿਤ ਦੋ-ਤਿਹਾਈ ਵਿਧਾਇਕ ਪਾਰਟੀ ਛੱਡ ਕੇ ਭਾਜਪਾ ’ਚ ਆ ਸਕਦੇ ਹਨ। ਕਾਂਗਰਸ ਦੇ ਸਾਬਕਾ ਵਿਧਾਇਕਾਂ ਦੀ ਭਾਜਪਾ ’ਚ ਦਿਲਚਸਪੀ ਦੀ ਸੂਚੀ ਕਰੀਬ-ਕਰੀਬ 2 ਦਰਜਨ ਹੈ।
ਇਹ ਵੀ ਪੜ੍ਹੋ : ਪਹਿਲਾਂ ਮੁੰਬਈ ਹੁਣ ਦਿੱਲੀ ਬਣੀ ਪਨਾਹਗਾਹ, ਜਾਣੋ ਕਿਉਂ ਗੈਂਗਸਟਰਾਂ ਦੀ ਪਹਿਲੀ ਪਸੰਦ ਬਣੀ 'ਰਾਜਧਾਨੀ'
ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਹਾਰ ਦਾ ਝਟਕਾ ਲੱਗਾ ਸੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਕਾਂਗਰਸ ਛੱਡਣਾ ਅਤੇ ਨਵਜੋਤ ਸਿੰਘ ਸਿੱਧੂ ਦਾ ਜੇਲ੍ਹ ਜਾਣਾ ਵੀ ਕਾਂਗਰਸ ਲਈ ਇਕ-ਇਕ ਕਰ ਕੇ 2 ਝਟਕੇ ਸਨ। ਅਜੇ ਪੰਜਾਬ ਕਾਂਗਰਸ ਇਸ ਤੋਂ ਉੱਭਰ ਵੀ ਨਹੀਂ ਸਕੀ ਸੀ ਕਿ ਦੋ ਦਿਨ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਨੇਤਾ ਅਤੇ 4 ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ, ਕੇਵਲ ਸਿੰਘ ਢਿੱਲੋਂ ਅਤੇ ਕਮਲਜੀਤ ਸਿੰਘ ਢਿੱਲੋਂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਛੇਤੀ ਹੀ ਬਾਅਦ ਭਾਜਪਾ ’ਚ ਨੇਤਾਵਾਂ ਦਾ ਜਾਣਾ, ਜਿਸ ਨੇ ਵਿਧਾਨ ਸਭਾ ’ਚ ਸਿਰਫ਼ ਦੋ ਸੀਟਾਂ ਜਿੱਤੀਆਂ ਸੀ, ਆਪਣੇ ਆਪ ’ਚ ਹੈਰਾਨੀ ਦੀ ਗੱਲ ਹੈ।
ਇਹ ਵੀ ਪੜ੍ਹੋ- ਪੰਜਾਬ ’ਚ 'ਗੈਂਗਸਟਰਵਾਦ' ਕਾਰਨ ਵਧੀ ਪੰਜਾਬ ਪੁਲਸ ਦੀ ਚਿੰਤਾ, ਕਾਨੂੰਨ ਵਿਵਸਥਾ 'ਤੇ ਉੱਠ ਰਹੇ ਸਵਾਲ
ਪਿਛਲੇ ਹਫ਼ਤੇ ਹੀ ਪੰਜਾਬ ਕਾਂਗਰਸ ਦੇ 6 ਗ਼ੈਰ-ਮਲਵਈ ਵਿਧਾਇਕਾਂ ਨੇ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਹੈ। ਇਨ੍ਹਾਂ ’ਚੋਂ 2 ਸਾਬਕਾ ਮੰਤਰੀ ਵੀ ਹਨ। ਸੂਤਰਾਂ ਅਨੁਸਾਰ ਪੰਜਾਬ ਦੇ ਮਾਲਵਾ ਖੇਤਰ ਤੋਂ ਕਾਂਗਰਸ ਦਾ ਇਕ ਵਿਧਾਇਕ ਬੇਸ਼ੱਕ ਇਸ ਬੈਠਕ ’ਚ ਸ਼ਾਮਲ ਨਹੀਂ ਸੀ ਪਰ ਉਸ ਵਿਧਾਇਕ ਦਾ ਨਾਂ ਪਹਿਲਾਂ ਤੋਂ ਹੀ ਭਾਜਪਾ ਲੀਡਰਸ਼ਿਪ ਦੇ ਕੋਲ ਹੈ। ਬੈਠਕ ’ਚ ਇਸ ਗੱਲ ’ਤੇ ਚਰਚਾ ਹੋਈ ਕਿ ਦਲ-ਬਦਲ ਵਿਰੋਧੀ ਕਾਨੂੰਨ ਤੋਂ ਬਚਣ ਲਈ ਕਾਂਗਰਸ ਦੇ 5 ਹੋਰ ਵਿਧਾਇਕਾਂ ਨੂੰ ਵੀ ਭਾਜਪਾ ’ਚ ਸ਼ਾਮਲ ਹੋਣ ਲਈ ਤਿਆਰ ਕੀਤਾ ਜਾਵੇ। ਮਾਝਾ ’ਚ ਹੀ ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨਾਲ ਵੀ ਗੱਲਬਾਤ ਦੀ ਕੋਸ਼ਿਸ਼ ਹੋਈ ਪਰ ਇਸ ’ਚ ਸਫ਼ਲਤਾ ਨਹੀਂ ਮਿਲੀ। ਵੈਸੇ ਵੀ ਕਾਂਗਰਸ ਦੇ ਭਾਜਪਾ ਹਮਦਰਦੀ ਵਾਲੇ ਨੇਤਾ ਰੰਧਾਵਾ ਦੇ ਭਾਜਪਾ ’ਚ ਲਿਆਉਣ ਲਈ ਸਹਿਮਤ ਨਹੀਂ ਸਨ। ਇਸੇ ਤਰ੍ਹਾਂ ਦੋਆਬਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਤੱਕ ਪਹੁੰਚ ਕੀਤੀ ਗਈ ਪਰ ਉਨ੍ਹਾਂ ਨੇ ਕੋਈ ਰਿਸਪਾਂਸ ਨਹੀਂ ਦਿੱਤਾ। ਧਿਆਨ ਯੋਗ ਹੈ ਕਿ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਵੀ ਮੌਜੂਦਾ ’ਚ ਆਜ਼ਾਦ ਵਿਧਾਇਕ ਹਨ। ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਤੋਂ ਭਾਜਪਾ ਦੀ ਟਿਕਟ ਮਿਲਣ ਦਾ ਵੀ ਵੱਡਾ ਪ੍ਰਭਾਵ ਪਿਆ ਹੈ। ਪੰਜਾਬ ਕਾਂਗਰਸ ਤੋਂ 2 ਸੰਸਦ ਮੈਂਬਰ ਵੀ ਭਾਜਪਾ ’ਚ ਸ਼ਾਮਲ ਹੋਣ ਲਈ ਸਨਮਾਨਯੋਗ ਅਤੇ ਵੱਡਾ ਰਾਹ ਲੱਭ ਰਹੇ ਹਨ। ਇਕ ਸਾਬਕਾ ਸਪੀਕਰ ਵੀ ਆਪਣੇ ਅਹੁਦੇ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਾਰਫ਼ਤ ਭਾਜਪਾ ’ਚ ਜਾਣ ਦੇ ਚਾਹਵਾਨ ਹਨ।
ਇਹ ਵੀ ਪੜ੍ਹੋ- ਕਾਂਗਰਸ ਨੂੰ ਕੈਪਟਨ ਤੋਂ ਵੱਡਾ ਝਟਕਾ ਦੇਣ ’ਚ ਕਾਮਯਾਬ ਰਹੇ ਜਾਖੜ, ਭਾਜਪਾ 'ਚ ਵਧਿਆ ਕੱਦ
ਕਾਂਗਰਸ ਨੂੰ ਸਭ ਤੋਂ ਵੱਡਾ ਝਟਕਾ ਸੁਨੀਲ ਜਾਖੜ ਦੇ ਗ੍ਰਹਿ ਖੇਤਰ ਅਬੋਹਰ ਤੋਂ ਲੱਗਣ ਵਾਲਾ ਹੈ। ਉੱਥੋਂ 75 ਫ਼ੀਸਦੀ ਕਾਂਗਰਸ ਦੇ ਨੇਤਾ, ਅਹੁਦੇਦਾਰ ਅਤੇ ਵਰਕਰ ਕਾਂਗਰਸ ਦੇ ਝੰਡੇ ਉਤਾਰ ਚੁੱਕੇ ਹਨ ਅਤੇ ਭਾਜਪਾ ’ਚ ਸ਼ਾਮਲ ਹੋਣ ਦੇ ਤਿਆਰੀ ’ਚ ਹਨ। ਸੁਨੀਲ ਜਾਖੜ ਦੇ ਅਬੋਹਰ ਦੌਰੇ ਤੋਂ ਬਾਅਦ ਕਾਂਗਰਸ ਦੀ ਸਥਿਤੀ ਅਬੋਹਰ ’ਚ ਡਾਵਾਂਡੋਲ ਹੋਣ ਵਾਲੀ ਹੈ। ਅਬੋਹਰ ਨਗਰ ਨਿਗਮ ’ਤੇ ਜਾਖੜ ਸਮਰਥਕਾਂ ਦਾ ਕਬਜ਼ਾ ਹੈ। ਕਾਂਗਰਸ ਦੇ ਇਕ ਕੌਂਸਲਰ ਦਾ ਕਹਿਣਾ ਸੀ ਕਿ ਅਬੋਹਰ ’ਚ ਤਾਂ ਜਾਖੜ ਹੀ ਕਾਂਗਰਸ ਸੀ, ਹੁਣ ਜਾਖੜ ਹੀ ਜਦੋਂ ਭਾਜਪਾ ’ਚ ਗਏ ਤਾਂ ਉਹ ਜਾਖੜ ਪਰਿਵਾਰ ਦੇ ਨਾਲ ਹੀ ਹਨ। ਅਬੋਹਰ ’ਚ ਕਾਂਗਰਸ ਵਿਧਾਇਕ ਸੰਦੀਪ ਜਾਖੜ ਨਾਲ ਭਾਜਪਾ ਨੇਤਾਵਾਂ ਦੀ ਮੁਲਾਕਾਤ ਦੇ ਵੀ ਕਈ ਮਾਅਇਨੇ ਕੱਢੇ ਜਾ ਰਹੇ ਹਨ।
ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ