ਯੂਰਪ ਤੇ ਅਮਰੀਕਾ ''ਚ ਮੰਦੀ ਤੇ ਮਹਿੰਗਾਈ ਕਾਰਨ ਭਾਰਤੀ ਉਤਪਾਦਾਂ ਦੀ ਮੰਗ ਘਟੀ

08/25/2022 4:52:13 PM

ਜਲੰਧਰ (ਧਵਨ) : ਭਾਰਤੀ ਬਰਾਮਦਕਾਰਾਂ ਅਤੇ ਲਘੂ ਉਦਯੋਗਾਂ ਦੀਆਂ ਸਮੱਸਿਆਵਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਪਹਿਲਾਂ ਬਰਾਮਦਕਾਰਾਂ ਨੇ ਕੋਵਿਡ ਦੇ ਕਾਰਨ ਪੈਦਾ ਹੋਏ ਹਾਲਾਤ ਦਾ ਸਾਹਮਣਾ ਕੀਤਾ ਅਤੇ ਇਸ ਤੋਂ ਬਾਅਦ ਰੂਸ ਅਤੇ ਯੂਕ੍ਰੇਨ ਵਿਚਕਾਰ ਚੱਲ ਰਹੀ ਜੰਗ ਕਾਰਨ ਮੰਗ 'ਚ ਆਈ ਗਿਰਾਵਟ ਦਾ ਉਨ੍ਹਾਂ ਨੇ ਸਾਹਮਣਾ ਕੀਤਾ। ਪ੍ਰਮੁੱਖ ਬਰਾਮਦਕਾਰ ਅਤੇ ਐੱਚ. ਆਰ. ਇੰਡਸਟਰੀਜ਼ ਦੇ ਚੇਅਰਮੈਨ ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਅਮਰੀਕਾ ਅਤੇ ਯੂਰਪ 'ਚ ਹੁਣ ਮਹਿੰਗਾਈ ਅਤੇ ਮੰਦੀ ਦਾ ਦੌਰ ਆ ਚੁੱਕਾ ਹੈ, ਇਸ ਲਈ ਉਥੇ ਸਥਿਤ ਸਟੋਰਾਂ ਵਿਚ ਭਾਰਤੀ ਹੈਂਡਟੂਲਜ਼ ਉਤਪਾਦਾਂ ਦੀ ਮੰਗ 'ਚ ਗਿਰਾਵਟ ਆ ਗਈ ਹੈ। 2022 ਨੂੰ ਲੈ ਕੇ ਕੋਈ ਵੀ ਵਿਦੇਸ਼ੀ ਸਟੋਰ ਹੈਂਡਟੂਲਜ਼ ਦੇ ਆਰਡਰ ਦੇਣ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : ਦਿੱਲੀ ਤੋਂ ਨਸ਼ਾ ਲਿਆ ਕੇ ਕਰਤਾਰਪੁਰ ’ਚ ਸਪਲਾਈ ਕਰਨ ਵਾਲੇ 2 ਚੜ੍ਹੇ ਪੁਲਸ ਅੜਿੱਕੇ

ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਵਿਦੇਸ਼ੀ ਸਟੋਰਾਂ ਅਤੇ ਗਾਹਕਾਂ ਨੇ ਭਾਰਤੀ ਉੱਦਮੀਆਂ ਨੂੰ ਕਿਹਾ ਕਿ ਉਹ ਮਹਿੰਗਾਈ ਅਤੇ ਮੰਦੀ ਨੂੰ ਦੇਖਦਿਆਂ 2022 ਦੇ ਬਾਕੀ ਰਹਿੰਦੇ ਮਹੀਨਿਆਂ ਲਈ ਆਰਡਰ ਦੇਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਸਟੋਰ 2023 ਲਈ ਆਰਡਰ ਜ਼ਰੂਰ ਦੇਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ਕਾਰਨ ਯੂਰਪ ਦੇ ਕਈ ਦੇਸ਼ਾਂ ਵਿਚ ਲੋਕਾਂ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਹੈਂਡਟੂਲਜ਼ ਉਤਪਾਦਾਂ ਨੂੰ ਖਰੀਦ ਸਕਣ। ਇਸਦਾ ਇਕ ਕਾਰਨ ਇਹ ਹੈ ਕਿ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵਧ ਚੁੱਕੀਆਂ ਹਨ ਕਿ ਲੋਕਾਂ ਨੂੰ ਇਸ ਸਮੇਂ ਖਾਣ-ਪੀਣ ਦੀਆਂ ਵਸਤੂਆਂ ਅਤੇ ਪੈਟਰੋਲ ਖਰੀਦਣ ਲਈ ਹੀ ਪੈਸੇ ਬਚ ਰਹੇ ਹਨ। ਜਦੋਂ ਤੱਕ ਮਹਿੰਗਾਈ ’ਤੇ ਰੋਕ ਨਹੀਂ ਲੱਗੇਗੀ, ਉਦੋਂ ਤੱਕ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਚੱਲ ਨਹੀਂ ਸਕੇਗੀ।

ਇਹ ਵੀ ਪੜ੍ਹੋ : PAU ਦੇ ਵਿਦਿਆਰਥੀਆਂ ਦਾ ਅਨੌਖਾ ਪ੍ਰਦਰਸ਼ਨ, ਪੰਜਾਬ ਸਰਕਾਰ ਨੂੰ ਜਗਾਉਣ ਲਈ ਚੁਣਿਆ ਇਹ ਰਾਹ

ਇੰਗਲੈਂਡ ਵਰਗੇ ਦੇਸ਼ ਵਿਚ ਮਹਿੰਗਾਈ ਕਾਰਨ ਹੁਣ ਹੜਤਾਲਾਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਲਈ ਆਪਣੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਹਾਲਾਤ ਵੀ ਯੂਰਪ ਵਰਗੇ ਬਣੇ ਹੋਏ ਹਨ। ਅਮਰੀਕੀ ਸਟੋਰ ਵੀ ਹੁਣ ਆਰਡਰ ਦੇਣ ਲਈ ਤਿਆਰ ਨਹੀਂ ਹਨ। ਅਮਰੀਕੀ ਗਾਹਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਟੋਰਾਂ 'ਚ ਢੁਕਵੀਂ ਮਾਤਰਾ ਵਿਚ ਮਾਲ ਪਿਆ ਹੈ, ਇਸ ਲਈ ਇਸ ਤੋਂ ਜ਼ਿਆਦਾ ਮਾਲ ਮੰਗਵਾਉਣ ਦੀ ਸਥਿਤੀ 'ਚ ਨਹੀਂ ਹਨ।

ਚੀਨ ’ਚ ਵਿਆਜ ਦਰਾਂ ਘਟੀਆਂ, ਭਾਰਤ ਸਰਕਾਰ ਵੀ ਘਟਾਵੇ
ਪ੍ਰਮੁੱਖ ਉੱਦਮੀ ਸੁਰੇਸ਼ ਸ਼ਰਮਾ ਨੇ ਕਿਹਾ ਕਿ ਚੀਨ 'ਚ ਮੰਦੀ ਦੇ ਹਾਲਾਤ ਨੂੰ ਦੇਖਦਿਆਂ ਚੀਨ ਸਰਕਾਰ ਅਤੇ ਉਨ੍ਹਾਂ ਦੇ ਕੇਂਦਰੀ ਬੈਂਕ ਨੇ ਇਕ ਮਹੱਤਵਪੂਰਨ ਫੈਸਲਾ ਲੈਂਦਿਆਂ ਪਿਛਲੇ ਦਿਨੀਂ ਵਿਆਜ ਦਰਾਂ ਨੂੰ ਘਟਾ ਦਿੱਤਾ। ਇਸੇ ਤਰ੍ਹਾਂ ਦਾ ਫੈਸਲਾ ਭਾਰਤ ਸਰਕਾਰ ਨੂੰ ਲੈਣਾ ਹੋਵੇਗਾ ਤਾਂ ਹੀ ਅਸੀਂ ਮੰਦੀ ਦੀ ਸਥਿਤੀ ਦਾ ਸਾਹਮਣਾ ਕਰਨ ਵਿਚ ਸਮਰੱਥ ਹੋਵਾਂਗੇ। ਚੀਨ ਸਰਕਾਰ ਨੇ ਆਪਣੇ ਉਦਯੋਗਾਂ ਨੂੰ ਬਚਾਉਣ ਲਈ ਅਤੇ ਉਨ੍ਹਾਂ ਨੂੰ ਸਸਤਾ ਫੰਡ ਉਪਲੱਬਧ ਕਰਵਾਉਣ ਲਈ ਵਿਆਜ ਦਰਾਂ ਵਿਚ ਕਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹਾਲਾਤ ਸੁਧਰਨਗੇ ਨਹੀਂ, ਉਦੋਂ ਤੱਕ ਉਦਯੋਗਾਂ ਨੂੰ ਭਾਰਤ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਦੇਣੀਆਂ ਹੋਣਗੀਆਂ। ਭਾਰਤ ਸਰਕਾਰ ਨੂੰ ਉੱਦਮੀਆਂ ਨਾਲ ਬੈਠਕ ਕਰਨੀ ਹੋਵੇਗੀ।

ਭਗਵੰਤ ਮਾਨ ਸਰਕਾਰ ਕਾਰੋਬਾਰੀਆਂ ਨੂੰ ਸਹਿਯੋਗ ਦੇਵੇ
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਭਗਵੰਤ ਮਾਨ ਸਰਕਾਰ ਨੂੰ ਕਾਰੋਬਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀਆਂ ਤੋਂ ਹੀ ਸਰਕਾਰ ਨੂੰ ਜ਼ਿਆਦਾ ਮਾਤਰਾ ਵਿਚ ਟੈਕਸ ਮਿਲੇਗਾ, ਜਿਸ ਨਾਲ ਸਰਕਾਰ ਵਿਕਾਸ ਦੇ ਕੰਮਾਂ ਨੂੰ ਸੰਪੰਨ ਕਰਨ ਦੇ ਨਾਲ-ਨਾਲ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਦਯੋਗ ਹੀ ਰੋਜ਼ਗਾਰ ਦੇ ਜ਼ਿਆਦਾ ਤੋਂ ਜ਼ਿਆਦਾ ਮੌਕੇ ਪੈਦਾ ਕਰ ਸਕਦੇ ਹਨ, ਇਸ ਲਈ ਉਦਯੋਗਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉੱਤਰੇ ਟਿੱਪਰ ਮਾਲਕ, ਜੰਮ ਕੇ ਕੀਤੀ ਨਾਅਰੇਬਾਜ਼ੀ


Anuradha

Content Editor

Related News