ਕੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ BJP ’ਚ ਹੋਵੇਗਾ ਬਦਲਾਅ! ਦਿੱਲੀ ’ਚ ਸ਼ਾਹ ਅਤੇ ਨੱਢਾ ਨੇ ਸ਼ੁਰੂ ਕੀਤਾ ਮੰਥਨ

Wednesday, Jun 07, 2023 - 05:38 PM (IST)

ਜਲੰਧਰ (ਅਨਿਲ ਪਾਹਵਾ) : ਜਲੰਧਰ ਲੋਕ ਸਭਾ ਉਪ ਚੋਣਾਂ ’ਚ ਭਾਜਪਾ ਨੂੰ ਮਿਲੀ ਹਾਰ ਨੇ ਪਾਰਟੀ ਹਾਈ ਕਮਾਨ ਨੂੰ ਚਿੰਤਾ ’ਚ ਪਾ ਦਿੱਤਾ ਹੈ। ਪਾਰਟੀ ਦੇ ਕੇਂਦਰੀ ਨੇਤਾਵਾਂ ਵਲੋਂ ਪੰਜਾਬ ’ਤੇ ਹੁਣ ਖ਼ਾਸ ਧਿਆਨ ਦੇਣ ਲਈ ਰਣਨੀਤੀ ਬਣਾਈ ਜਾ ਰਹੀ ਹੈ, ਜਿਸ ਲਈ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਬੈਠਕਾਂ ਦਾ ਸਿਲਸਿਲਾ ਜ਼ੋਰਾਂ ਨਾਲ ਚੱਲ ਰਿਹਾ ਹੈ। ਜਲੰਧਰ ਦੀ ਲੋਕ ਸਭਾ ਉਪ ਚੋਣ ਦੇ ਬਾਅਦ ਅਖਬਾਰਾਂ ’ਚ ਪ੍ਰਕਾਸ਼ਿਤ ਹੋ ਰਹੀਆਂ ਖਬਰਾਂ ਨੂੰ ਲੈ ਕੇ ਕੇਂਦਰੀ ਲੀਡਰਸ਼ਿਪ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਪਾਰਟੀ ਹੁਣ ਸੂਬੇ ’ਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਰਣਨੀਤੀ ਬਣਾਉਣ ’ਚ ਲੱਗ ਗਈ ਹੈ।

ਖਾਮੀਆਂ ਅਤੇ ਗੜਬੜੀਆਂ ਨਾਲ ਭਰਪੂਰ ਰਹੀ ਲੋਕ ਸਭਾ ਉਪ ਚੋਣ

ਜਾਣਕਾਰੀ ਮੁਤਾਬਕ ਭਾਜਪਾ ਹਾਈ ਕਮਾਨ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਪੂਰੇ ਦੇਸ਼ ’ਚ ਤਾਂ ਮੁਹਿੰਮ ਚਲਾਉਣ ਦੀ ਤਿਆਰੀ ’ਚ ਹੈ ਹੀ ਤੇ ਨਾਲ ਹੀ ਪਾਰਟੀ ਪੰਜਾਬ ਨੂੰ ਇਸ ਵਾਰ ਪੂਰੀ ਅਹਿਮੀਅਤ ਦੇ ਰਹੀ ਹੈ। ਪੰਜਾਬ ਨੂੰ ਲੈ ਕੇ ਪਾਰਟੀ ਨੇ ਇਕ ਖਾਕਾ ਤਿਆਰ ਕੀਤਾ ਹੈ, ਜਿਸ ’ਚ ਆਉਣ ਵਾਲੇ ਸਮੇਂ ’ਚ ਸੂਬਾ ਯੂਨਿਟ ’ਚ ਬਦਲਾਅ ਤੋਂ ਲੈ ਕੇ ਹੋਰ ਯੋਜਨਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਖ਼ਾਸ ਕਰ ਕੇ ਜਲੰਧਰ ਲੋਕ ਸਭਾ ਉਪ ਚੋਣ ’ਚ ਜਿਸ ਤਰ੍ਹਾਂ ਖਾਮੀਆਂ ਅਤੇ ਗੜਬੜੀਆਂ ਪਾਈਆਂ ਗਈਆਂ, ਉਹ ਭਾਜਪਾ ਦੇ ਕਈ ਨੇਤਾਵਾਂ ਨੂੰ ਰਾਸ ਨਹੀਂ ਆਈਆਂ। ਸੂਬੇ ’ਚ ਪਾਰਟੀ ਬੇਸ਼ੱਕ ਓਨੀ ਮਜ਼ਬੂਤ ਨਹੀਂ ਹੈ ਪਰ ਜਲੰਧਰ ਦੀ ਲੋਕ ਸਭਾ ਉਪ ਚੋਣ ਪਾਰਟੀ ਲਈ ਇਕ ਸੁਨਹਿਰਾ ਮੌਕਾ ਸੀ, ਜਿਸ ’ਚ ਉਹ ਖ਼ੁਦ ਨੂੰ ਸਾਬਿਤ ਕਰ ਸਕਦੀ ਸੀ ਪਰ ਪਾਰਟੀ ਦੇ ਨੇਤਾ ਸਿਰਫ਼ ਇਸੇ ਗੱਲ ਤੋਂ ਫੁੱਲੇ ਨਹੀਂ ਸਮਾ ਰਹੇ ਕਿ ਉਨ੍ਹਾਂ ਦੀ ਵੋਟ ਫ਼ੀਸਦੀ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਸੰਗਰੂਰ ਉਪ ਚੋਣਾਂ ਦੇ ਮੁਕਾਬਲੇ ਵਧ ਗਈ ਹੈ। ਇਸ ਮਾਮੂਲੀ ਵਾਧੇ ਨੂੰ ਹੀ ਪਾਰਟੀ ਦੇ ਨੇਤਾ ਹਰ ਥਾਈਂ ਬੈਠਕਾਂ ’ਚ ਖੂਨ ਕੈਸ਼ ਕਰ ਰਹੇ ਹਨ ਤੇ ਕੇਂਦਰੀ ਲੀਡਰਸ਼ਿਪ ਦੀਆਂ ਅੱਖਾਂ ’ਚ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਅਸਲੀਅਤ ਇਹ ਹੈ ਕਿ ਪਾਰਟੀ ਨੇ ਜਲੰਧਰ ਦੀ ਲੋਕ ਸਭਾ ਉਪ ਚੋਣ ’ਚ ਜ਼ਮਾਨਤ ਜ਼ਬਤ ਕਰਵਾਈ ਹੈ, ਜੋ ਕਿ ਇਕ ਰਾਸ਼ਟਰੀ ਕੌਮਾਂਤਰੀ ਪੱਧਰ ਦੀ ਪਾਰਟੀ ਲਈ ਸ਼ਰਮਨਾਕ ਗੱਲ ਹੈ।

ਚੰਡੀਗੜ੍ਹ ਅਤੇ ਜਲੰਧਰ ’ਚ ਦੋ ਦਿਨ ਕੇਂਦਰੀ ਲੀਡਰਸ਼ਿਪ ਕਰੇਗੀ ਬੈਠਕਾਂ

ਉਧਰ ਇਹ ਖਬਰ ਵੀ ਸਾਹਮਣੇ ਆਈ ਹੈ ਕਿ ਕੇਂਦਰ ਦੇ ਕੁਝ ਨੇਤਾ ਅਗਲੇ 2 ਦਿਨ ਤਕ ਪੰਜਾਬ ’ਚ ਵਨ-ਟੂ-ਵਨ ਬੈਠਕਾਂ ਕਰਨਗੇ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਇਨ੍ਹਾਂ ਬੈਠਕਾਂ ਰਾਹੀਂ ਰਣਨੀਤੀ ਤਿਆਰ ਕੀਤੀ ਜਾਵੇਗੀ। ਪਾਰਟੀ ਦੇ ਸੂਬਾਈ ਮੁਖੀ ਵਿਜੇ ਰੁਪਾਣੀ 2 ਦਿਨ ਦੇ ਪੰਜਾਬ ਦੌਰੇ ’ਤੇ ਆ ਰਹੇ ਹਨ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਉਹ ਚੰਡੀਗੜ੍ਹ ’ਚ ਪਾਰਟੀ ਦੇ ਵੱਖ-ਵੱਖ ਨੇਤਾਵਾਂ ਨਾਲ ਬੈਠਕਾਂ ਕਰਨਗੇ ਜਦਕਿ ਵੀਰਵਾਰ ਨੂੰ ਜਲੰਧਰ ’ਚ ਬੈਠਕਾਂ ਦਾ ਸਿਲਸਿਲਾ ਸ਼ੁਰੂ ਹੋਵੇਗਾ। ਜਾਣਕਾਰ ਤਾਂ ਇਹ ਵੀ ਦੱਸ ਰਹੇ ਹਨ ਕਿ ਜਲੰਧਰ ’ਚ ਓਪਨ ਬੈਠਕ ਰੱਖੀ ਗਈ ਹੈ, ਜਿਸ ’ਚ ਪਾਰਟੀ ਦੇ ਵਰਕਰ ਜਾਂ ਨੇਤਾ ਆਪਣੀ ਗੱਲ ਰੱਖ ਸਕਦੇ ਹਨ। ਜੇਕਰ ਇਹ ਸਹੀ ’ਚ ਓਪਨ ਬੈਠਕ ਹੋਈ ਤਾਂ ਇਸ ਗੱਲ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ’ਚ ਇਗਨੋਰ ਹੋਈ ਭਾਜਪਾ ਨੇਤਾ ਆਪਣੀ ਗੱਲ ਰੱਖ ਸਕਦੇ ਹਨ। ਉਂਝ ਲੋਕ ਸਭਾ ਉਪ ਚੋਣਾਂ ’ਚ ਪਾਰਟੀ ਦੇ ਵਧੇਰੇ ਨੇਤਾ ਇਗਨੋਰ ਹੀ ਰਹੇ ਅਤੇ ਉਨ੍ਹਾਂ ਨੂੰ ਮੌਜੂਦਾ ਪਾਵਰਫੁਲ ਲਾਬੀ ਨੇ ਕਿਸੇ ਕੰਮ ਨਹੀਂ ਲਗਾਇਆ ਅਤੇ ਇਸ ਦਾ ਖਮਿਆਜ਼ਾ ਪਾਰਟੀ ਨੂੰ ਉਪ ਚੋਣ ’ਚ ਭੁਗਤਣਾ ਪਿਆ। ਜੇਕਰ ਸਹੀ ’ਚ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ’ਚ ਪੰਜਾਬ ਨੂੰ ਲੈ ਕੇ ਗੰਭੀਰ ਹੈ ਤਾਂ ਉਸ ਨੂੰ ਪੁਰਾਣੇ ਨੇਤਾਵਾਂ ਅਤੇ ਵਰਕਰਾਂ ਨੂੰ ਮੁੜ ਨਾਲ ਜੋੜਣਾ ਹੀ ਹੋਵੇਗਾ ਨਹੀਂ ਤਾਂ ਨਵੀਂ ਲਾਬੀ ਦੇ ਨਾਲ ਪਾਰਟੀ 3 ਚੋਣਾਂ ਪਹਿਲਾਂ ਹੀ ਹਾਰ ਚੁੱਕੀ ਹੈ।

ਅਮਿਤ ਸ਼ਾਹ ਇਸ ਮਹੀਨੇ ਪੰਜਾਬ ਦਾ ਕਰਨਗੇ ਦੌਰਾ

ਜਾਣਕਾਰੀ ਮਿਲੀ ਹੈ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਪੰਜਾਬ ਨੂੰ ਲੈ ਕੇ ਦਿੱਲੀ ’ਚ ਮੰਥਨ ਚੱਲ ਰਿਹਾ ਹੈ। ਸੂਤਰਾਂ ਤੋਂ ਮਿਲੀ ਖਬਰ ਮੁਤਾਬਕ ਮੰਗਲਵਾਰ ਨੂੰ ਵੀ ਪਾਰਟੀ ਪ੍ਰਧਾਨ ਜੇ. ਪੀ. ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਰਮਿਆਨ ਬੈਠਕ ਹੋਈ ਹੈ, ਜਿਸ ’ਚ ਪੰਜਾਬ ਨੂੰ ਲੈ ਕੇ ਵੀ ਮੰਥਨ ਕੀਤਾ ਗਿਆ। ਪੰਜਾਬ ਦੇ ਜਲੰਧਰ ’ਚ ਲੋਕ ਸਭਾ ਉਪ ਚੋਣਾਂ ’ਚ ਹਾਰ ਦੇ ਬਾਅਦ ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਨੇ ਪਾਰਟੀ ਮੁਖੀਆਂ ਨੂੰ ਇਕ ਰਿਪੋਰਟ ਦਿੱਤੀ ਸੀ, ਜਿਸ ’ਚ ਹਾਰ ਦੇ ਕਾਰਨਾਂ ’ਤੇ ਚਰਚਾ ਕੀਤੀ ਗਈ ਸੀ। ਇਨ੍ਹਾਂ ਕਾਰਨਾਂ ’ਚੋਂ ਇਕ ਕਾਰਨ ਪੰਜਾਬ ’ਚ ਪਾਵਰਫੁਲ ਲਾਬੀ ਦੀਆਂ ਮਨਮਰਜ਼ੀਆਂ ਵੀ ਇਕ ਵੱਡਾ ਕਾਰਨ ਦੱਸਿਆ ਗਿਆ ਸੀ। ਜਾਣਕਾਰ ਤਾਂ ਇਹ ਵੀ ਦੱਸ ਰਹੇ ਹਨ ਕਿ ਜੂਨ ਮਹੀਨੇ ’ਚ ਅਮਿਤ ਸ਼ਾਹ ਪੰਜਾਬ ਦੇ ਦੌਰੇ ’ਤੇ ਆਉਣਗੇ, ਸ਼ਾਇਦ ਪਾਰਟੀ ਵੱਲੋਂ ਕਿਸੇ ਜ਼ਿਲੇ ’ਚ ਰੈਲੀ ਦਾ ਵੀ ਆਯੋਜਨ ਕੀਤਾ ਜਾ ਸਕਦਾ ਹੈ, ਜਿਸ ਬਾਰੇ ਅਜੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਚੰਡੀਗੜ੍ਹ ਅਤੇ ਜਲੰਧਰ ’ਚ ਹੋ ਰਹੀਆਂ ਬੈਠਕਾਂ ’ਚ ਸਥਾਨ ਨੂੰ ਲੈ ਕੇ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News