ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਵਿਖੇ ਸਤਿਗੁਰੂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
Monday, Jun 26, 2023 - 01:37 AM (IST)
ਰੋਮ/ਇਟਲੀ (ਕੈਂਥ) : ਮਹਾਨ ਕ੍ਰਾਂਤੀਕਾਰੀ, ਯੁੱਗ ਪੁਰਸ਼, ਸਮਾਜ ਵਿਚ ਵਹਿਮਾਂ-ਭਰਮਾਂ ਦਾ ਨਾਸ਼ ਕਰਨ ਵਾਲੇ ਇਨਕਲਾਬੀ ਸੰਤ ਸਤਿਗੁਰੂ ਕਬੀਰ ਮਹਾਰਾਜ ਜੀ ਦਾ 625ਵਾਂ ਪ੍ਰਕਾਸ਼ ਦਿਹਾੜਾ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਰਚੀ ਬਾਣੀ ਦੇ ਜਾਪ ਉਪੰਰਤ ਸਜੇ ਵਿਸ਼ਾਲ ਧਾਰਮਿਕ ਦੀਵਾਨ ਤੋਂ ਭਾਈ ਮਨਜੀਤ ਨੇ ਸਤਿਗੁਰੂ ਕਬੀਰ ਸਾਹਿਬ ਜੀ ਦੇ ਇਨਕਲਾਬੀ ਜੀਵਨ ਵਿਚ ਕੀਤੀਆਂ ਘਾਲਣਾਵਾਂ ਦਾ ਵਿਸਥਾਰਪੂਰਵਕ ਵਰਣਨ ਕਰਦਿਆਂ ਕਿਹਾ ਕਿ ਸਤਿਗੁਰੂ ਕਬੀਰ ਸਾਹਿਬ ਜੀ ਦੀ ਸਮੁੱਚੀ ਬਾਣੀ ਜਿਥੇ ਸਭ ਨੂੰ ਮੁਨੱਖਤਾ ਦਾ ਉਪਦੇਸ਼ ਦਿੰਦੀ ਹੈ, ਉੱਥੇ ਹੀ ਸਾਨੂੰ ਸਮਾਜ ਅੰਦਰ ਫੈਲ ਰਹੇ ਵਹਿਮਾਂ-ਭਰਮਾਂ ਦਾ ਡਟਵਾਂ ਵਿਰੋਧ ਕਰਨ ਲਈ ਵੀ ਪ੍ਰੇਰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਚੁੱਕਣ ਜਾ ਰਹੀ ਇਹ ਕਦਮ

ਸਤਿਗੁਰੂ ਦੀ ਬਾਣੀ ਇਹ ਦਰਸਾਉਂਦੀ ਹੈ ਕਿ ਜਿਸ ਇਨਸਾਨ ਦੇ ਘਰ ਬੁੱਢੇ ਮਾਂ-ਬਾਪ ਸੇਵਾ ਦੁੱਖੋਂ ਦੁਖੀ ਹਨ ਅਤੇ ਉਹ ਇਨਸਾਨ ਧਾਰਮਿਕ ਅਸਥਾਨਾਂ ਉੱਤੇ ਜਾ-ਜਾ ਲੰਗਰ ਲਗਾਉਂਦਾ ਅਤੇ ਸੇਵਾ ਕਰਦਾ ਹੈ ਤਾਂ ਉਸ ਲਈ ਇਹ ਸਭ ਕੰਮ ਵਿਅਰਥ ਹਨ ਕਿਉਂਕਿ ਮਾਂ-ਬਾਪ ਦੀ ਸੇਵਾ ਤੋਂ ਵੱਡਾ ਕੋਈ ਦਾਨ-ਪੁੰਨ ਨਹੀਂ। ਇਸ ਮੌਕੇ ਰਾਮ ਆਸਰਾ ਪ੍ਰਧਾਨ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਾਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈ ਕੇ ਆਪਣਾ ਲੋਕ ਸੁਖੀ ਅਤੇ ਪ੍ਰਲੋਕ ਸੁਹੇਲਾ ਕਰਨਾ ਚਾਹੀਦਾ ਹੈ । ਅਜਿਹੇ ਰਹਿਬਰ ਦੁਨੀਆ ’ਚ ਵਿਰਲੇ ਹੀ ਆਉਂਦੇ ਹਨ। ਇਸ ਮੌਕੇ ਸੰਗਤਾਂ ਲਈ ਮਾਲ੍ਹ ਪੂੜਿਆਂ ਦੇ ਅਤੁੱਟ ਲੰਗਰ ਵੀ ਵਰਤਾਏ ਗਏ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਵਿਚ ‘ਮਾਨਸੂਨ’ ਦੀ ਦਸਤਕ ਨੂੰ ਲੈ ਕੇ ਤਾਜ਼ਾ ਅਪਡੇਟ, ਜਾਣੋ ਕਦੋਂ ਵਰ੍ਹੇਗਾ ਮੀਂਹ
