ਰਾਹਤ ਭਰੀ ਖ਼ਬਰ: ਵਿਕਟੋਰੀਆ ''ਚ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਨਹੀਂ ਹੋਈ ਕੋਈ ਮੌਤ
Tuesday, Sep 15, 2020 - 09:50 AM (IST)
ਵਿਕਟੋਰੀਆ- ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ 42 ਮਾਮਲੇ ਦਰਜ ਹੋਏ ਹਨ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ। ਪਿਛਲੇ ਦੋ ਮਹੀਨਿਆਂ ਵਿਚ ਇਹ ਪਹਿਲੀ ਵਾਰ ਹੈ ਜਦ ਸੂਬੇ ਵਿਚ ਕੋਰੋਨਾ ਕਾਰਨ ਕਿਸੇ ਦੀ ਜਾਨ ਨਹੀਂ ਗਈ। ਇਸ ਤੋਂ ਪਹਿਲਾਂ 13 ਜੁਲਾਈ ਨੂੰ ਇਹ ਰਿਕਾਰਡ ਬਣਿਆ ਸੀ।
ਬੀਤੇ 14 ਦਿਨਾਂ ਤੋਂ ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਘੱਟਦੀ ਨਜ਼ਰ ਆ ਰਹੀ ਹੈ ਪਰ ਲੋਕਾਂ ਨੂੰ ਅਜੇ ਵੀ ਵਾਇਰਸ ਤੋਂ ਬਚਣ ਦੀ ਜ਼ਰੂਰਤ ਹੈ।
ਪ੍ਰੀਮੀਅਰ ਡੈਨੀਅਲ ਐਂਡਰੀਊ ਨੇ ਕਿਹਾ ਕਿ ਇਹ ਵੱਡੀ ਤੇ ਸਾਕਾਰਾਤਮਕ ਖ਼ਬਰ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਡਾ ਸੂਬਾ ਕੋਰੋਨਾ ਨੂੰ ਮਾਤ ਦੇਣ ਦੇ ਸਮਰੱਥ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਮੈਲਬੌਰਨ ਵਾਸੀਆਂ ਨੂੰ ਬਿਨਾਂ ਜ਼ਰੂਰਤ ਦੇ ਇਸ ਖੇਤਰ ਵਿਚ ਆਉਣ ਤੋਂ ਬਚਣਾ ਚਾਹੀਦਾ ਹੈ।
ਪ੍ਰੀਮੀਅਰ ਮੁਤਾਬਕ ਅਜੇ ਵੀ 118 ਵਿਕਟੋਰੀਅਨ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ, ਹਾਲਾਂਕਿ ਬੀਤੇ ਦਿਨ 122 ਲੋਕ ਹਸਪਤਾਲ ਵਿਚ ਸਨ। ਇਸ ਦੌਰਾਨ 8800 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ।