ਜਾਪਾਨ ਦੇ PM ਦਾ ਅਹੁਦਾ ਛੱਡਣਗੇ ਯੋਸ਼ੀਹਿਦਾ ਸੁਗਾ

Friday, Sep 03, 2021 - 03:38 PM (IST)

ਜਾਪਾਨ ਦੇ PM ਦਾ ਅਹੁਦਾ ਛੱਡਣਗੇ ਯੋਸ਼ੀਹਿਦਾ ਸੁਗਾ

ਇੰਟਰਨੈਸ਼ਨਲ ਡੈਸਕ : ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਅਸਤੀਫ਼ਾ ਦੇਣ ਦਾ ਫ਼ੈਸਲਾ ਕਰ ਲਿਆ ਹੈ। ਉਨ੍ਹਾਂ ਨੇ ਪਾਰਟੀ ਨੇਤਾਵਾਂ ਨੂੰ ਆਪਣਾ ਨਵਾਂ ਨੇਤਾ ਚੁਣਨ ਲਈ ਵੀ ਕਹਿ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਨਾਂ ਨੂੰ ਲੈ ਕੇ ਪਾਰਟੀ ’ਚ ਖਿੱਚੋਤਾਣ ਚੱਲ ਰਹੀ ਸੀ। ਸਥਾਨਕ ਚੋਣਾਂ ’ਚ ਪਾਰਟੀ ਦੀ ਹਾਰ ਤੋਂ ਬਾਅਦ ਖਿੱਚੋਤਾਣ ਕਾਫ਼ੀ ਵਧ ਗਈ ਸੀ। ਹਾਲਾਂਕਿ ਸੁਗਾ ਨੇ ਇਸ ਤੋਂ ਉਦੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਹ ਦੇਸ਼ ਦੀ ਅਗਵਾਈ ਕਰਦੇ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਸੁਗਾ ਇਸ ਮਹੀਨੇ ਆਪਣੇ ਕਾਰਜਕਾਲ ਦਾ ਇੱਕ ਸਾਲ ਪੂਰਾ ਕਰਨ ਵਾਲੇ ਸਨ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਇਸ ਅਹੁਦੇ ਲਈ ਨਵੇਂ ਨੇਤਾ ਦੀ ਚੋਣ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੁਗਾ ਇਸ ਅਹੁਦੇ ’ਤੇ ਸਭ ਤੋਂ ਘੱਟ ਸਮੇਂ ਤਕ ਰਹਿਣ ਵਾਲੇ ਵਿਅਕਤੀ ਬਣ ਜਾਣਗੇ।

ਜ਼ਿਕਰਯੋਗ ਹੈ ਕਿ ਸ਼ਿੰਜੋ ਆਬੇ ਦੇ ਅਹੁਦਾ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਪੀ. ਐੱਮ. ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਸ ਸਮੇਂ ਉਨ੍ਹਾਂ ਦੇ ਨਾਂ ’ਤੇ 70 ਫੀਸਦੀ ਤੋਂ ਵੱਧ ਲੋਕਾਂ ਨੇ ਮੋਹਰ ਲਗਾਈ ਸੀ ਪਰ ਸਥਾਨਕ ਚੋਣਾਂ ’ਚ ਕਰਾਰੀ ਹਾਰ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਦੇ 50 ਫੀਸਦੀ ਤੋਂ ਘੱਟ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੋਰੋਨਾ ਮਹਾਮਾਰੀ ਨੂੰ ਸਹੀ ਢੰਗ ਨਾਲ ਰੋਕਣ ਦੇ ਯੋਗ ਨਾ ਹੋਣ ’ਤੇ ਉਨ੍ਹਾਂ ’ਤੇ ਉਂਗਲ ਵੀ ਉਠਾਈ ਗਈ। ਸੁਗਾ ਸ਼ਿੰਜੋ ਆਬੇ ਦੇ ਬਹੁਤ ਨੇੜਲੇ ਨੇਤਾਵਾਂ ’ਚੋਂ ਇੱਕ ਸਨ। ਸ਼ਿੰਜੋ ਨੇ ਆਪਣੀ ਸਿਹਤ ਦੇ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੁਗਾ ਲੋਕਾਂ ਨੂੰ ਇਹ ਦੱਸਣ ’ਚ ਵੀ ਅਸਫਲ ਰਹੇ ਹਨ ਕਿ ਉਨ੍ਹਾਂ ਨੇ ਮਹਾਮਾਰੀ ਦੌਰਾਨ ਸਫਲਤਾਪੂਰਵਕ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਓਲੰਪਿਕ ਖੇਡਾਂ ਦਾ ਪ੍ਰੋਗਰਾਮ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਲੱਗਭਗ ਇੱਕ ਮਹੀਨਾ ਪਹਿਲਾਂ ਮੁਲਤਵੀ ਕਰ ਦਿੱਤਾ ਗਿਆ ਸੀ।


author

Manoj

Content Editor

Related News