Year Ender 2021: ''ਭੀੜਤੰਤਰ'', ''ਦੌਲਤ'' ਸਮੇਤ 10 ਵੱਡੇ ਸਬਕ ਜੋ ਦੁਨੀਆ ਨੂੰ ਮਿਲੇ
Thursday, Dec 30, 2021 - 05:30 PM (IST)
ਇੰਟਰਨੈਸ਼ਨਲ ਡੈਸਕ: ਸਾਲ 2021 ਖ਼ਤਮ ਹੋਣ ਜਾ ਰਿਹਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਦੁਨੀਆ ਨਵੇਂ ਸਾਲ ਦਾ ਸਵਾਗਤ ਕਰੇਗੀ। ਉਥੇ ਹੀ ਸਾਲ 2021 ਵਿਚ ਕਈ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਜੋ ਪੂਰੀ ਦੁਨੀਆ ਲਈ ਸਬਕ ਬਣ ਗਈਆਂ। ਇਹਨਾਂ ਵਿਚੋਂ ਕੁਝ ਅਹਿਮ ਘਟਨਾਵਾਂ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ।
ਲੋਕਤੰਤਰ 'ਤੇ ਹਮਲੇ ਨਾਲ ਜਦ ਅਮਰੀਕਾ ਹੋਇਆ ਸ਼ਰਮਸਾਰ
ਭੀੜਤੰਤਰ ਸਭ ਤੋਂ ਵੱਡਾ ਖਤਰਾ
6 ਜਨਵਰੀ 2021
ਇਹ ਦਿਨ ਅਮਰੀਕਾ ਨੂੰ ਸ਼ਰਮਸ਼ਾਰ ਕਰ ਕੇ ਉੱਥੇ ਦੇ ਇਤਿਹਾਸ ’ਚ ਇਕ ਵੱਡੇ ਕਾਲੇ ਅਧਿਆਇ ਦੇ ਰੂਪ ’ਚ ਦਰਜ ਹੋ ਗਿਆ ਹੈ। ਨਾਲ ਹੀ ਇਸ ਤੋਂ ਇਹ ਸਬਕ ਵੀ ਨਿਕਲਿਆ ਕਿ ਭੀੜਤੰਤਰ ਹੀ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਹੈ। ਚੋਣ ਹਾਰ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੀ ਭੀੜ ਨੇ ਵਾਸ਼ਿੰਗਟਨ ਡੀ.ਸੀ. ’ਚ ਕੈਪੀਟਲ ਹਿੱਲ ’ਤੇ ਹਮਲਾ ਕਰ ਦਿੱਤਾ ਤਾਂ ਕਿ ਕਾਂਗਰਸ ਦਾ ਸੰਯੁਕਤ ਸੈਸ਼ਨ ਨਾ ਹੋ ਸਕੇ ਤੇ ਜੋ ਬਾਈਡੇਨ ਦੀ ਜਿੱਤ ਦਾ ਐਲਾਨ ਨਾ ਕੀਤਾ ਜਾ ਸਕੇ। ਟਰੰਪ ਸਮਰਥਕਾਂ ਨੇ ਜੰਮ ਕੇ ਹੰਗਾਮਾ ਮਚਾਇਆ ਤੇ ਭੰਨਤੋੜ ਕੀਤੀ। ਕੈਪੀਟਲ ਪੁਲਸ ਨੂੰ ਫਾਇਰਿੰਗ ਕਰਨੀ ਪਈ। ਇਸ ਘਟਨਾ ’ਚ 5 ਲੋਕਾਂ ਦੀ ਮੌਤ ਹੋਈ। ਅਣਗਿਣਤ ਲੋਕ ਜ਼ਖ਼ਮੀ ਹੋਏ। ਇਨ੍ਹਾਂ ’ਚ 138 ਪੁਲਸ ਅਧਿਕਾਰੀ ਵੀ ਸਨ।
ਦੌਲਤ ਆਉਣੀ-ਜਾਣੀ
ਜੈਫ ਬੇਜੋਸ ਨੂੰ ਪਛਾੜ ਕੇ ਐਲਨ ਮਸਕ ਬਣੇ ਸਭ ਤੋਂ ਅਮੀਰ
7 ਜਨਵਰੀ 2021
ਟੈਸਲਾ ਤੇ ਸਪੇਸ-ਐਕਸ ਦੇ ਮੁਖੀ ਐਲਨ ਮਸਕ ਜੈਫ ਬੇਜੋਸ ਨੂੰ ਪਛਾੜ ਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ। ਬੇਜੋਸ 2017 ਤੋਂ ਲਗਾਤਾਰ ਨੰਬਰ ਇਕ ਦੀ ਪੁਜ਼ੀਸ਼ਨ ’ਤੇ ਬਣੇ ਹੋਏ ਸਨ। ਮਸਕ ਦੀ ਸ਼ੁੱਧ ਜਾਇਦਾਦ 185 ਅਰਬ ਡਾਲਰ ਤੋਂ ਜ਼ਿਆਦਾ ਮਾਪੀ ਗਈ।
ਸੁਧਾਰੇ ਜਾ ਸਕਦੇ ਹਨ ਵਿਗੜੇ ਰਿਸ਼ਤੇ
ਕਤਰ-ਸਾਊਦੀ ਅਰਬ ਸਰਹੱਦ ਫਿਰ ਖੋਲ੍ਹੀ ਗਈ
9 ਜਨਵਰੀ 2021
ਕਰੀਬ ਸਾਢੇ 3 ਸਾਲ ਬਾਅਦ ਕਤਰ ਤੇ ਸਾਊਦੀ ਅਰਬ ਨੇ ਆਪਣੀ ਜ਼ਮੀਨੀ ਸਰਹੱਦ ਨੂੰ ਇਕ-ਦੂਜੇ ਲਈ ਫਿਰ ਖੋਲ੍ਹ ਦਿੱਤਾ। ਇਸ ਇਤਿਹਾਸਕ ਸਮਝੌਤੇ ਤੋਂ ਬਾਅਦ ਜੂਨ 2017 ਤੋਂ ਦੋਵਾਂ ਦੇਸ਼ਾਂ ’ਚ ਵਿਗੜੇ ਸਬੰਧ ਇਕ ਵਾਰ ਫਿਰ ਬਹਾਲ ਹੋ ਗਏ। ਕਤਰ ਵੱਲੋਂ ਈਰਾਨ ’ਤੇ ਕੱਟੜਪੰਥੀ ਸਮੂਹਾਂ ਦਾ ਸਮਰਥਨ ਕਰਨ ’ਤੇ ਸਾਊਦੀ ਅਰਬ ਨੇ ਉਦੋਂ ਇਹ ਕਾਰਵਾਈ ਕੀਤੀ ਸੀ।
ਮਹਾਸ਼ਕਤੀਆਂ ਭਿੜੀਆਂ ਤਾਂ ਬਾਜ਼ਾਰ ਹਿੱਲੇ
ਅਮਰੀਕਾ ਨੇ ਚੀਨੀ ਉਤਪਾਦਾਂ ’ਤੇ ਪਾਬੰਦੀ ਲਗਾਈ
13 ਜਨਵਰੀ 2021
ਚੀਨ ਦੇ ਸ਼ਿਨਜਿਆਂਗ ਸੂਬੇ ’ਚ ਉਈਗਰ ਭਾਈਚਾਰੇ ਤੋਂ ਜਬਰੀ ਮਜ਼ਦੂਰੀ ਕਰਵਾਉਣ ਦੇ ਦੋਸ਼ ਲਗਾਉਂਦੇ ਹੋਏ ਅਮਰੀਕਾ ਨੇ ਚੀਨ ਤੋਂ ਕਪਾਹ ਅਤੇ ਟਮਾਟਰ ਨਾਲ ਸਬੰਧਤ ਸਾਰੇ ਉਤਪਾਦਾਂ ਦੀ ਦਰਾਮਦ ’ਤੇ ਰੋਕ ਲਗਾ ਦਿੱਤੀ। ਚੀਨ ਨੇ ਵੀ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ। ਇਸ ਦਾ ਅਸਰ ਦੁਨੀਆ ਦੇ ਬਾਜ਼ਾਰਾਂ ’ਤੇ ਵੀ ਨਜ਼ਰ ਆਇਆ।
ਮੌਕਾ ਮਿਲਦੇ ਹੀ ਪੈਦਾ ਹੋਇਆ ਅੱਤਵਾਦ
ਦੋ ਸਾਲ ਬਾਅਦ ਇਰਾਕ ’ਚ ਆਤਮਘਾਤੀ ਹਮਲਾ
27 ਜਨਵਰੀ : 2021
ਦੋ ਸਾਲਾਂ ਬਾਅਦ ਈਰਾਕ ਦੀ ਰਾਜਧਾਨੀ ਬਗਦਾਦ ’ਚ ਫਿਦਾਇਨ ਹਮਲਾ ਹੋਇਆ। ਇਸ ’ਚ 32 ਲੋਕਾਂ ਦੀ ਮੌਤ ਹੋ ਗਈ ਅਤੇ 100 ਲੋਕ ਜਮਖੀ ਹੋਏ। ਆਈ. ਐੱਸ. ਆਈ. ਐੱਸ. ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ।
ਤਾਨਾਸ਼ਾਹ ਫੌਜ ਨੇ ਲੋਕਤੰਤਰ ਕੁਚਲਿਆ
ਮਿਆਂਮਾਰ ’ਚ ਤਖਤਾ ਪਲਟ ਨੇ ਕੀਤਾ ਨਿਰਾਸ਼
1 ਫਰਵਰੀ 2021
ਮਿਆਂਮਾਰ ’ਚ ਇਹ ਸਵੇਰ ਆਪਣੇ ਨਾਲ ਤਾਨਾਸ਼ਾਹੀ ਫੌਜੀ ਸੱਤਾ ਦੀ ਦਸਤਕ ਲੈ ਕੇ ਆਈ। ਫੌਜ ਨੇ ਸੱਤਾਧਾਰੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਨੂੰ ਬਰਖਾਸਤ ਕਰਦਿਆਂ ਦੇਸ਼ ’ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ । ਸਟੇਟ ਕਾਊਂਸਲ ਅਾਂਗ ਸਾਨ ਸੂ ਕੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਤੇ ਸੱਤਾ ਕਮਾਂਡਰ ਇਨ ਚੀਫ ਮਿਉਂਗ ਹੇਲਾਂਗ ਨੂੰ ਸੌਂਪ ਦਿੱਤੀ ਗਈ। ਲੋਕਾਂ ਨੇ ਇਸ ਤਖਤਾ ਪਲਟ ਦਾ ਵਿਰੋਧ ਕੀਤਾ ਤਾਂ ਫੌਜ ਨੇ ਉਨ੍ਹਾਂ ਦਾ ਦਮਨ ਕੀਤਾ। ਦਮਨ ਦੀ ਕਾਰਵਾਈ ’ਚ 12 ਅਪ੍ਰੈਲ ਤੱਕ 707 ਨਾਗਰਿਕ ਮਾਰੇ ਗਏ। ਇਨ੍ਹਾਂ ’ਚ ਬੱਚੇ ਵੀ ਸ਼ਾਮਿਲ ਸਨ। 3 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
ਰਾਣੀ ਹੋਵੇ ਜਾਂ ਮਹਾਰਾਣੀ, ਹਰ ਘਰ ਦੀ ਇਕ ਕਹਾਣੀ
ਮੈਗਜਿਟ ਨੇ ਪੂਰੇ ਬ੍ਰਿਟੇਨ ਨੂੰ ਕੀਤਾ ਹੈਰਾਨ
19 ਫਰਵਰੀ 2021
ਡਿਊਕ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਗਨ ਮਾਰਕੇਲ ਨੇ ਜਦੋਂ ਸੋਸ਼ਲ ਮੀਡੀਆ ’ਤੇ ਰਾਇਲ ਦਰਜਾ ਛੱਡਣ ਦਾ ਐਲਾਨ ਕੀਤਾ ਤਾਂ ਪੂਰਾ ਬ੍ਰਿਟੇਨ ਹੈਰਾਨ ਤੇ ਵਿਆਕੁਲ ਹੋ ਗਿਆ। ਬਘਿੰਗਮ ਪੈਲੇਸ ਨੇ ਵੀ ਜਦੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਤਾਂ ਸਾਰੇ ਬ੍ਰਿਟੇਨ ਵਾਸੀ ਇਸ ਸ਼ਾਹੀ ਜੋਡ਼ੇ ਦੇ ਘਰ ਛੱਡਣ ਦੇ ਫੈਸਲੇ ਪਿੱਛੇ ਨੂੰਹ ਮੇਗਨ ’ਚ ਹੀ ਕਮੀ ਕੱਢ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਚਾਹੇ ਆਮ ਘਰ ਹੋ ਜਾਂ ਮਹਾਰਾਣੀ ਦਾ ਮਹਿਲ, ਹਰ ਘਰ ’ਚ ਨੂੰਹ ਹੀ ਬੇਟੇ ਨੂੰ ਪਰਿਵਾਰ ਤੋਂ ਵੱਖ ਕਰਦੀ ਹੈ ਪਰ ਬਾਅਦ ’ਚ ਮੇਗਨ ਨੇ ਇਕ ਇੰਟਰਵਿਊ ’ਚ ਇਹ ਕਹਿ ਕੇ ਸਨਸਨੀ ਮਚਾ ਦਿੱਤੀ ਕਿ ਉਨ੍ਹਾਂ ਨਾਲ ਸ਼ਾਹੀ ਪਰਿਵਾਰ ’ਚ ਰੰਗ ਦੇ ਆਧਾਰ ’ਤੇ ਭੇਦਭਾਵ ਹੋਇਆ ਹੈ।
ਸਭ ਤੋਂ ਵੱਡਾ ਜੇਲਬ੍ਰੇਕ
ਹੇਤੀ ਵਿਚ ਸੈਂਕੜੇ ਕੈਦੀ ਭੱਜੇ
26 ਫਰਵਰੀ 2021
ਹੇਤੀ ਵਿਚ ਸਭ ਤੋਂ ਵੱਡਾ ਜੇਲ ਬ੍ਰੇਕ ਹੋਇਆ। 200 ਤੋਂ ਜ਼ਿਆਦਾ ਕੈਦੀ ਜੇਲ ਤੋੜ ਕੇ ਭੱਜ ਗਏ। ਇਸ ਕਾਰਵਾਈ ਵਿਚ 25 ਹੋਰ ਮਾਰੇ ਗਏ। ਇਨ੍ਹਾਂ ਵਿਚੋਂ ਕੁਝ ਦੀ ਮੌਤ ਪੁਲਸ ਦੀ ਕਾਰਵਾਈ ਵਿਚ ਹੋਈ।
ਲਾਲ ਗ੍ਰਹਿ ’ਤੇ ਉੱਤਰਿਆ ਡ੍ਰੈਗਨ
ਮੰਗਲ ’ਤੇ ਉੱਤਰਨ ਵਾਲਾ ਤੀਜਾ ਦੇਸ਼ ਬਣਿਆ ਚੀਨ
14 ਮਈ 2021
ਮਚੀਨ ਦੇ ਤਿਆਨਵੇਨ-1 ਮਿਸ਼ਨ ਦੇ ਲੈਂਡਰ ਤੇ ਝੂਰੋਂਗ ਰੋਵਰ ਨੇ ਸਫਲਤਾਪੂਰਵਕ ਮੰਗਲ ਦੀ ਧਰਤੀ ਨੂੰ ਛੂਹਿਆ। ਇਸ ਦੇ ਨਾਲ ਹੀ ਰੂਸ ਤੇ ਅਮਰੀਕਾ ਤੋਂ ਬਾਅਦ ਮੰਗਲ ’ਤੇ ਸਫਲ ਲੈਂਡਿੰਗ ਕਰਨ ਵਾਲਾ ਚੀਨ ਤੀਜਾ ਦੇਸ਼ ਬਣ ਗਿਆ।
ਕੈਨੇਡਾ ’ਚ ਕੁਦਰਤ ਦਾ ਕਹਿਰ
ਲਿਟੋਨ ’ਚ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ
27 ਜੂਨ 2021
ਵਾਤਾਵਰਣ ਸਬੰਧੀ ਚਿੰਤਾਵਾਂ ’ਚ ਇਸ ਸਾਲ ਜੂਨ ’ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਭਿਆਨਕ ਗਰਮੀ ਵੇਖੀ ਗਈ। ਲਿਟੋਨ ’ਚ ਤਾਂ ਗਰਮੀ ਨੇ ਤਾਂ ਪਿਛਲੇ ਸਾਰੇ ਰਿਕਾਰਡ ਤੋਡ਼ ਦਿੱਤੇ ਤੇ 27 ਜੂਨ ਨੂੰ ਦੁਪਹਿਰ ਦਾ ਤਾਪਮਾਨ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਜ਼ਿਆਦਾ ਤਾਪਮਾਨ 46.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਸ ਤੋਂ ਪਹਿਲਾਂ ਦੇਸ਼ ’ਚ ਸੇਸਕਸ਼ੇਵਾਨ ’ਚ ਜੁਲਾਈ 1937 ’ਚ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।