Year Ender : ਇਹਨਾਂ ਘਟਨਾਵਾਂ ਕਾਰਨ ਸੁਰਖੀਆਂ 'ਚ ਰਿਹਾ ਸਾਲ 2019
Friday, Dec 27, 2019 - 05:09 PM (IST)
 
            
            ਵਾਸ਼ਿੰਗਟਨ (ਵੈੱਬ ਡੈਸਕ): ਸਾਲ 2019 ਦੀ ਵਿਦਾਇਗੀ ਵਿਚ ਹੁਣ ਥੋੜ੍ਹੇ ਹੀ ਦਿਨ ਬਾਕੀ ਹਨ। ਇਸ ਸਾਲ ਦੇਸ਼ ਅਤੇ ਵਿਦੇਸ ਵਿਚ ਵਾਪਰੀਆਂ ਕਈ ਘਟਨਾਵਾਂ ਸੁਰਖੀਆਂ ਵਿਚ ਰਹੀਆਂ। ਇਹਨਾਂ ਘਟਨਾਵਾਂ ਲੋਕਾਂ ਦੇ ਮਨਾਂ ਵਿਚ ਅੱਜ ਵੀ ਤਾਜ਼ਾ ਹਨ ਅਤੇ ਇਹਨਾਂ ਦੀ ਕਵੇਰਜ਼ ਅੰਤਰਰਾਸ਼ਟਰੀ ਪੱਧਰ 'ਤੇ ਕੀਤੀ ਗਈ। ਅੱਜ ਅਸੀਂ ਤੁਹਾਨੂੰ ਕੁਝ ਚੋਣਵੀਆਂ ਘਟਨਾਵਾਂ ਬਾਰੇ ਦੱਸ ਰਹੇ ਹਾਂ।
1. ਉੱਤਰੀ ਕੋਰੀਆ ਦੀ ਧਰਤੀ ’ਤੇ ਟਰੰਪ ਦਾ ਪਹਿਲਾ ਕਦਮ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉੱਤਰੀ ਅਤੇ ਦੱਖਣੀ ਕੋਰੀਆ ਨੂੰ ਵੰਡਣ ਵਾਲੀ ਕੰਕਰੀਟ ਦੀ ਸਰਹੱਦ ’ਤੇ ਪੁੱਜੇ । ਇੱਥੇ ਉਹਨਾਂ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਹੱਥ ਮਿਲਾਇਆ ਅਤੇ ਤਸਵੀਰਾਂ ਖਿੱਚਵਾਈਆਂ। ਇਸ ਦੇ ਨਾਲ ਹੀ ਟਰੰਪ ਉੱਤਰੀ ਕੋਰੀਆ ਦੀ ਧਰਤੀ ’ਤੇ ਕਦਮ ਰੱਖਣ ਵਾਲੇ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣ ਗਏ।
2. ਮਹਾਕੁੰਭ ’ਚ ‘ਬੱਸ ਪਰੇਡ’ ਦਾ ਵਿਸ਼ਵ ਰਿਕਾਰਡ

ਪ੍ਰਯਾਗਰਾਜ ’ਚ 503 ਬੱਸਾਂ ਨੇ 3.2 ਕਿਲੋਮੀਟਰ ਲੰਬੀ ਪਰੇਡ ਕਰ ਕੇ ਇਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਆਬੂਧਾਬੀ ਦੇ ਨਾਂ ਸੀ। ਉਦੋਂ ਉਸ ਨੇ 390 ਬੱਸਾਂ ਦਾ ਰਿਕਾਰਡ ਬਣਾਇਆ ਸੀ।
3. ਯਿਸੂ ’ਤੇ ਅੱਤਵਾਦੀ ਛਿੱਟੇ

ਈਸਟਰ ਵਾਲੇ ਦਿਨ ਸ਼੍ਰੀਲੰਕਾ ’ਚ ਹੋਏ ਆਤਮਘਾਤੀ ਹਮਲੇ ’ਚ 250 ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ। ਨੇਗੋਂਬੋ ਦੇ ਸੇਂਟ ਸੈਬਸਟੀਅਨ ਚਰਚ ਵਿਖੇ ਖਿੱਚੀ ਗਈ ਉਕਤ ਤਸਵੀਰ ਤੋਂ ਘਟਨਾ ਦੀ ਭਿਆਨਕਤਾ ਨਜ਼ਰ ਆਉਂਦੀ ਹੈ।
4. ਇਸਰੋ ਮੁਖੀ ਨੂੰ ‘ਜਾਦੂ ਦੀ ਜੱਫੀ’

ਚੰਦਰਯਾਨ-2 ਦੇ ਲੈਂਡਰ ‘ਵਿਕਰਮ’ ਨਾਲੋਂ ਸੰਪਰਕ ਟੁੱਟਣ ਪਿੱਛੋਂ ਇਸਰੋ ਮੁਖੀ ਸਿਵਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤਾਂ ਕਾਫੀ ਭਾਵੁਕ ਹੋ ਗਏ। ਇਸ ਦੌਰਾਨ ਮੋਦੀ ਨੇ ਉਨ੍ਹਾਂ ਨੂੰ ਗਲੇ ਲਾ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਭਾਵੁਕਤਾ ਵਾਲੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਸੁਰਖੀਆਂ ’ਚ ਛਾਈ ਰਹੀ।
5. ਪੁਲਵਾਮਾ ਹਮਲਾ, ਜਦੋਂ ਰੋ ਪਿਆ ਪੂਰਾ ਦੇਸ਼

14 ਫਰਵਰੀ 2019 ਨੂੰ ਕਾਲੇ ਦਿਨ ਵਜੋਂ ਯਾਦ ਰੱਖਿਆ ਜਾਏਗਾ। ਇਸ ਸਾਲ ਉਕਤ ਦਿਨ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਜੰਮੂ-ਕਮਸ਼ੀਰ ਦੇ ਪੁਲਵਾਮਾ ਵਿਖੇ ਅੱਤਵਾਦੀ ਹਮਲਾ ਕੀਤਾ ਸੀ, ਜਿਸ ’ਚ ਸੀ.ਆਰ.ਪੀ.ਐੱਫ. ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ।
6. ਜਦੋਂ ਧਰਤੀ ਦੇ ‘ਫੇਫੜੇ’ ’ਚ ਲੱਗੀ ਅੱਗ

ਦੁਨੀਆ ਨੂੰ 20 ਫੀਸਦੀ ਆਕਸੀਜਨ ਦੇਣ ਵਾਲੇ ਅਮੇਜ਼ਨ ਜੰਗਲ ਦਾ ਇਕ ਵੱਡਾ ਹਿੱਸਾ ਸੜ ਕੇ ਸੁਆਹ ਹੋ ਗਿਆ। ਅਮੇਜ਼ਨ ਰੇਨ ਫਾਰੈਸਟ ’ਚ ਲੱਗੀ ਇਹ ਅੱਗ ਦੋ ਮਹੀਨਿਆਂ ਤੋਂ ਵੀ ਵੱਧ ਸਮਾਂ ਲੱਗੀ ਰਹੀ।
7. ਸ਼ਿਵ ਸਾਧਨਾ ’ਚ ਲੀਨ ਪੀ.ਐੱਮ. ਮੋਦੀ

ਲੋਕ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਖਤਮ ਹੋਣ ਪਿੱਛੋਂ ਪ੍ਰਧਾਨ ਮੰਤਰੀ ਨੇ ਕੇਦਾਰਨਾਥ ਵੱਲ ਰੁਖ ਕੀਤਾ। ਮੋਦੀ ਦੇ ਕੇਦਾਰਨਾਥ ਦੀ ਧਿਆਨ ਮੁਦਰਾ ਅਤੇ ਸਾਧਨਾ ਪਿੱਛੋਂ ਇਹ ਥਾਂ ਦੇਸ਼-ਵਿਦੇਸ਼ ’ਚ ਚਰਚਾ ਦਾ ਵਿਸ਼ਾ ਬਣ ਗਈ।
8. ਸੜ ਗਈ 850 ਸਾਲਾ ਪੁਰਾਣੀ ਇਤਿਹਾਸਕ ਚਰਚ

ਪੈਰਿਸ ਦੀ 850 ਸਾਲ ਪੁਰਾਣੀ ਨੋਟਰੇ-ਡੇਮ ਚਰਚ ’ਚ 16 ਅਪ੍ਰੈਲ ਨੂੰ ਅੱਗ ਲੱਗ ਗਈ ਸੀ। ਘਟਨਾ ਸਮੇਂ ਚਰਚ ’ਚ ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ। ਇਹ ਚਰਚ 1804 ’ਚ ਨੈਪੋਲੀਅਨ ਬੋਨਾਪਾਰਟ ਦੀ ਤਾਜਪੋਸ਼ੀ ਅਤੇ ਫਿਰ 1810 ’ਚ ਉਨ੍ਹਾਂ ਦੇ ਵਿਆਹ ਦੀ ਗਵਾਹ ਰਹੀ ਹੈ।
9. ਜਵਾਨ ਦੀ ਬਹਾਦਰੀ

ਇੰਡੀਅਨ ਆਰਮੀ ਬਹਾਦਰੀ ਲਈ ਜਾਣੀ ਜਾਂਦੀ ਹੈ। ਕਸ਼ਮੀਰ ’ਚ ਕੱਟੜਪੰਥੀਆਂ ਨਾਲ ਟਕਰਾਅ ਦੌਰਾਨ ਜਵਾਨ ਦੀ ਬਹਾਦਰੀ ਵੇਖ ਕੇ ਇਹ ਗੱਲ 100 ਟਕਾ ਸਹੀ ਸਾਬਿਤ ਹੋਈ।
10. ਜਕੀਰਾ ਅਤੇ ਪਰੀ ਦੀ ਅਨੋਖੀ ਦੋਸਤੀ

ਦਿੱਲੀ ਦੇ ਇਕ ਹਸਪਤਾਲ ’ਚ ਲਈ ਗਈ ਬੱਚੀ ਅਤੇ ਗੁੱਡੀ ਦੀ ਤਸਵੀਰ ਨੇ ਕਰੋੜਾਂ ਲੋਕਾਂ ਦੀਆਂ ਅੱਖਾਂ ਉਸ ਸਮੇਂ ਨਮ ਕਰ ਦਿੱਤੀਆਂ ਜਦੋਂ ਬੱਚੀ ਨੇ ਕਿਹਾ ਕਿ ਪਹਿਲਾਂ ਗੁੱਡੀ ਨੂੰ ਪਲਾਸਟਰ ਲੱਗੇਗਾ, ਫਿਰ ਮੈਨੂੰ।
11. ਐਵਰੈਸਟ ’ਤੇ ਸਫਾਈ

ਦੁਨੀਆ ਦੀ ਸਭ ਤੋਂ ਉੱਚੀ ਥਾਂ ਤੋਂ ਪਰਬਤਰੋਹੀਆਂ ਦੀ ਇਕ ਟੀਮ ਨੇ 11000 ਟਨ ਕਚਰਾ ਹਟਾਇਆ। ਇਹ ਕਚਰਾ ਪਿਛਲੇ ਕਈ ਦਹਾਕਿਆਂ ਤੋਂ ਇਥੇ ਪਿਆ ਹੋਇਆ ਸੀ। ਇਸ ਨੂੰ ਸਾਫ ਕਰਨ ’ਚ ਇਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਲੱਗਾ।
12. ਹਾਰ ਦੀ ਉਬਾਸੀ

ਭਾਰਤ ਨਾਲ ਮੁਕਾਬਲੇ ਦੌਰਾਨ ਆਪਣੀ ਟੀਮ ਦੀ ਕਰਾਰੀ ਹਾਰ ਦੇਖ ਕੇ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਉਬਾਸੀ ਲੈਣ ਲੱਗੇ। ਇਸ ਪਿੱਛੋਂ ਸਰਫਰਾਜ਼ ਦੀ ਸੁਸਤੀ ਦਾ ਲੋਕਾਂ ਨੇ ਖੂਬ ਮਜ਼ਾਕ ਉਡਾਇਆ।
13. ਪ੍ਰਦੂਸ਼ਣ ਦਰਮਿਆਨ ਆਸਥਾ ਦੀ ਡੁੱਬਕੀ

ਛੱਠ ਪੂਜਾ ਦੌਰਾਨ ਜਮੁਨਾ ਦਰਿਆ ’ਚ ਬਰਫ ਵਰਗੀ ਨਜ਼ਰ ਆਉਣ ਵਾਲੀ ਇਹ ਚਾਦਰ ਅਸਲ ’ਚ ਜ਼ਹਿਰੀਲੇ ਕੈਮੀਕਲ ਦੀ ਝੱਗ ਹੈ, ਜਿਸ ’ਚ ਸ਼ਰਧਾਲੂ ਆਸਥਾ ਦੀ ਡੁੱਬਕੀ ਲਾਉਣ ਲਈ ਮਜਬੂਰ ਹਨ।
14. ਹਿੰਸਾ ਦਰਮਿਆਨ ਸਕੂਨ ਭਰੀ ਤਸਵੀਰ

ਜਿੱਥੇ ਦੇਸ਼ ’ਚ ਸੀ.ਏ.ਏ. ਵਿਰੋਧੀ ਅੰਦੋਲਨ ਦੌਰਾਨ ਹਿੰਸਾ ਦੀਆਂ ਭਿਆਨਕ ਕਿਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ, ਉਥੇ ਦਿੱਲੀ ’ਚ ਪੁਲਸ ਦੇ ਇਕ ਜਵਾਨ ਨੂੰ ਫੁੱਲ ਦੇਣ ਵਾਲੀ ਇਹ ਤਸਵੀਰ ਸਕੂਨ ਭਰੀ ਰਹੀ।
15. ਤਸਵੀਰ ਖਿੱਚਣ ਵਾਲਾ ਬਣ ਗਿਆ ‘ਤਸਵੀਰ’

ਰੋਂਦੇ ਹੋਏ ਫੋਟੋਗ੍ਰਾਫਰ ਦੀ ਇਸ ਤਸਵੀਰ ਨੂੰ ਲੋਕਾਂ ਨੇ ਵਿਸ਼ਵ ਕੱਪ ’ਚ ਧੋਨੀ ਦਾ ਆਖਰੀ ਮੈਚ ਦੱਸ ਕੇ ਵਾਇਰਲ ਕਰ ਦਿੱਤਾ ਪਰ ਇਹ ਤਸਵੀਰ 2019 ਦੇ ਏਸ਼ੀਆ ਕੱਪ ਫੁੱਟਬਾਲ ਦੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            