12 ਸਾਲਾ ਲੇਖਿਕਾ ਐਸ਼ਲੀਨ ਖੇਲਾ ਨੂੰ ਮਿਲਿਆ ਆਸਟ੍ਰੇਲੀਆ 'ਚ ਰਾਜ ਪੁਰਸਕਾਰ (ਤਸਵੀਰਾਂ)

Friday, Mar 07, 2025 - 05:12 PM (IST)

12 ਸਾਲਾ ਲੇਖਿਕਾ ਐਸ਼ਲੀਨ ਖੇਲਾ ਨੂੰ ਮਿਲਿਆ ਆਸਟ੍ਰੇਲੀਆ 'ਚ ਰਾਜ ਪੁਰਸਕਾਰ (ਤਸਵੀਰਾਂ)

ਸਿਡਨੀ (ਚਾਂਦਪੁਰੀ)- ਪੰਜਾਬ ਦੇ ਜ਼ਿਲ੍ਹੇ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਸਜਾਵਲਪੁਰ ਨਾਲ ਸਬੰਧਤ ਆਸਟ੍ਰੇਲੀਆ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਕਾਸ਼ਿਤ ਲੇਖਿਕਾ ਐਸ਼ਲੀਨ ਖੇਲਾ ਨੂੰ ਸਨਮਾਨਿਤ ਕੀਤਾ ਗਿਆ। ਆਸਟ੍ਰੇਲੀਆ ਦੀ ਜੰਮਪਲ ਐਸ਼ਲੀਨ ਨੂੰ ਨਿਊ ਸਾਊਥ ਵੇਲਜ ਸੂਬੇ ਦੀ ਸਰਕਾਰ ਵਲੋਂ ਆਯੋਜਿਤ ਵਿਸ਼ਵ ਵੂਮੈਨਜ਼ ਦਿਵਸ ਨਾਲ ਸਬੰਧਤ ਅੰਤਰ ਰਾਸ਼ਟਰੀ ਕਨਵੈਨਸ਼ਨ ਸੈਂਟਰ ਸਿਡਨੀ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਰਕਾਰੀ ਸਮਾਗਮ ਦੌਰਾਨ 'ਨਿਊ ਸਾਊਥ ਵੇਲਜ ਵੂਮੈਨ ਆਫ ਦੀ ਯੀਅਰ' (ਉਮਰ 7-15 ਸਾਲ ਕੈਟਾਗਿਰੀ) ਨਾਮੀ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਐਸ਼ਲੀਨ ਨੂੰ ਇਹ ਸਨਮਾਨ ਸੂਬੇ ਦੇ ਔਰਤਾਂ ਦੇ ਮਾਮਲਿਆਂ ਦੇ ਮੰਤਰੀ ਮਾਣਯੋਗ ਜੋਡੀ ਹੈਰਿਸਨ ਵਲੋਂ ਦਿੱਤਾ ਗਿਆ।

PunjabKesari

PunjabKesari

ਇਹ ਪੁਰਸਕਾਰ ਐਸ਼ਲੀਨ ਨੂੰ ਉਸ ਵਲੋਂ ਛੋਟੀ ਉਮਰੇ ਹੁਣ ਤਾਂਈ ਲਿਖੀਆਂ ਦੋ ਪੁਸਤਕਾਂ ਦੀ ਵਿਕਰੀ ਤੋਂ ਹੋਈ ਸਾਰੀ ਕਮਾਈ ਆਸਟ੍ਰੇਲੀਆ ਸਣੇ ਵਿਸ਼ਵ ਭਰ ਦੇ ਗਰੀਬ ਤੇ ਅਣਗੌਲੇ ਬੱਚਿਆਂ ਦੀ ਸਿਹਤ ਤੇ ਭਲਾਈ ਲਈ ਦਾਨ ਕਰਨ ਕਰਕੇ ਅਤੇ ਪਹਿਲੀ ਕਿਤਾਬ ਦੇ ਪ੍ਰਕਾਸ਼ਿਤ ਹੋਣ ਵਾਲੇ ਸਾਰੇ ਖਰਚੇ ਉਸ ਵਲੋਂ 8 ਸਾਲ ਤੋਂ ਲੈ ਕੇ 11 ਸਾਲਾਂ ਦੀ ਉਮਰ ਤੱਕ ਬੋਤਲਾਂ ਤੇ ਕੈਨੀਆਂ ਰੀ ਸਾਈਕਲ ਕਰਕੇ ਤੇ ਬਾਗਬਾਨੀ ਕਰਕੇ ਆਪਣੇ ਬਲਬੂਤੇ ਜੁਟਾਉਣ ਲਈ ਦਿੱਤਾ ਗਿਆ ਹੈ। ਸਮਾਗਮ ਤੋਂ ਤੁਰੰਤ ਬਾਅਦ ਨਿਊ ਸਾਊਥ ਵੇਲਜ ਸੂਬੇ ਦੀ ਰਾਜਪਾਲ ਮਾਣਯੋਗ ਮਾਰਗਰੇਟ ਬੀਜਲੀ ਦੇ ਵਿਸ਼ੇਸ਼ ਸੱਦੇ 'ਤੇ ਰਾਜਪਾਲ ਸਰਕਾਰੀ ਭਵਨ ਸਿਡਨੀ ਵਿਖੇ ਪੁੱਜੀ। ਵਿਸ਼ੇਸ਼ ਭੇਂਟ ਵਾਰਤਾ ਦੌਰਾਨ ਰਾਜਪਾਲ ਨੇ ਖੇਲਾ ਦੀ ਲੇਖਣੀ ਰਾਹੀਂ ਸਮਾਜ ਭਲਾਈ ਦੇ ਉੱਦਮਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਖੇਲਾ ਅਨੇਕਾਂ ਹੋਰ ਕੁੜੀਆਂ ਤੇ ਔਰਤਾਂ ਲਈ ਰੋਲ ਮੌਡਲ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਬਾਰਬਾਡੋਸ ਨੇ PM ਮੋਦੀ ਨੂੰ ਸਰਵਉੱਚ ਰਾਸ਼ਟਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ

ਜ਼ਿਕਰਯੋਗ ਹੈ ਕਿ ਐਸ਼ਲੀਨ ਖੇਲਾ ਨੇ 2019 ਵਿਚ ਆਪਣੀ ਇੱਕ ਪੰਜਾਬ ਫੇਰੀ ਦੌਰਾਨ ਸੜਕ ਕਿਨਾਰੇ ਝੁੱਗੀਆਂ ਵਿਚ ਰਹਿੰਦੇ ਪ੍ਰਵਾਸੀ ਮਜਦੂਰਾਂ ਦੇ ਬੱਚਿਆਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੀ ਮਦਦ ਕਰਨ ਦੇ ਮਨਸੂਬੇ ਨਾਲ ਅੱਠ ਸਾਲ ਦੀ ਉਮਰੇ ਲਿਖਣਾ ਸ਼ੁਰੂ ਕੀਤਾ ਸੀ ਤੇ ਅੱਜ ਉਹ ਗਰੀਬ ਬੱਚਿਆਂ ਦੀ ਆਪਣੀਆਂ ਕਿਤਾਬਾਂ ਨਾਲ ਮਦਦ ਕਰਨ ਵਾਲੀ ਵਿਸ਼ਵ ਪ੍ਰਸਿੱਧ ਲੇਖਿਕਾ ਵਜੋਂ ਜਾਣੀ ਜਾਂਦੀ ਹੈ। 11 ਸਾਲਾਂ ਦੀ ਉਮਰ ਵਿਚ ਆਈ ਉਸਦੀ ਪਲੇਠੀ ਕਿਤਾਬ ‘ਸਤਾਰਾਂ ਕਹਾਣੀਆਂ’ ਤੇ ਬਾਰਾਂ ਸਾਲਾਂ ਦੀ ਉਮਰੇ ਉਸਦੀ ਦੂਜੀ ਕਿਤਾਬ ‘ਵਰਦੀ ਰਾਹੀਂ ਉਸ ਕੁੜੀ ਦੀ ਯਾਤਰਾ’ ਆਈ। ਇਨ੍ਹਾਂ ਕਿਤਾਬਾਂ ਦੀ ਮਦਦ ਨਾਲ ਹੁਣ ਤਾਂਈ ਉਹ ਹਜਾਰਾਂ ਡਾਲਰ ਯੂਨੀਸੈਫ, ਯੂ ਐਨ ਵੂਮੈਨ, ਸਟਾਰਲਾਈਟ ਚਿਲਡਰਨ ਸੰਸਥਾ ਤੇ ਕੈਂਸਰ ਕੌਂਸਲ ਆਸਟ੍ਰੇਲੀਆ ਨੂੰ ਦਾਨ ਕਰ ਚੁੱਕੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਝੁੱਗੀਆਂ ਵਿਚ ਰਹਿੰਦੇ ਤੇ ਅਨੇਕਾਂ ਸਰਕਾਰੀ ਸਕੂਲਾਂ ਦੇ ਗਰੀਬ ਬੱਚਿਆਂ ਨੂੰ ਲੈਪਟੌਪ, ਗਰਮ ਕੱਪੜੇ, ਜੁੱਤੀਆਂ, ਕਿਤਾਬਾਂ, ਸਟੇਸ਼ਨਰੀ ਤੇ ਪੌਸ਼ਟਿਕ ਭੋਜਨ ਦਾਨ ਕਰ ਚੁੱਕੀ ਹੈ। ਐਸ਼ਲੀਨ ਵਲੋਂ ਅੰਗਰੇਜ਼ੀ ਵਿਚ ਲਿਖੀਆਂ ਇਨ੍ਹਾਂ ਕਿਤਾਬਾਂ ਦਾ ਅਨੁਵਾਦ ਪੰਜਾਬੀ ਵਿਚ ਵੀ ਹੋ ਰਿਹਾ ਹੈ। ਐਸ਼ਲੀਨ ਦੀਆਂ ਕਿਤਾਬਾਂ ਈ ਬੇਅ ਤੇ ਐਮਾਜੋਨ ਸਣੇ ਉਸਦੀ ਵੈਬਸਾਈਟ ਐਸ਼ਲੀਨ ਖੇਲਾ ਡਾਟ ਕਾਮ 'ਤੇ ਵਿਸ਼ਵ ਭਰ ਵਿਚ ਉਪਲਬਧ ਹਨ। ਕਾਬਲੇ ਗੌਰ ਹੈ ਕਿ ਹਾਲ ਹੀ ਵਿਚ ਐਸ਼ਲੀਨ ਖੇਲਾ ਨੂੰ ਸਿਡਨੀ ਵਿਚ ਆਸਟ੍ਰੇਲੀਆ ਦਿਵਸ ਨਾਲ਼ ਸਬੰਧਤ ਯੰਗ ਸਿਟੀਜਨ ਆਫ ਦਾ ਯੀਅਰ 2025 ਪੁਰਸਕਾਰ ਵੀ ਹਿੱਲਜ ਸ਼ਾਇਰ ਕੌਂਸਲ ਵਲੋਂ ਦਿੱਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News