ਕੋਰੋਨਾ ਨਾਲ ਅਮਰੀਕਾ ''ਚ ਵਿਗੜੇ ਹਾਲਾਤ, ਟਰੰਪ ਲੈਣਗੇ ਸਭ ਤੋਂ ਵੱਡਾ ਫੈਸਲਾ
Sunday, Apr 12, 2020 - 01:42 AM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ 'ਚ ਕੋਰੋਨਾ ਦੇ ਕਹਿਰ ਨਾਲ ਬਦਤਰ ਹਾਲਤ ਹੋਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਨਵੇਂ ਅੰਦਾਜ਼ਿਆਂ ਮੁਤਾਬਕ ਦੇਸ਼ ਵਿਚ ਮੌਤ ਦਾ ਅੰਕੜਾ 60 ਹਜ਼ਾਰ ਤੋਂ ਹੇਠਾਂ ਰਹਿ ਸਕਦਾ ਹੈ। ਹਾਲਾਂਕਿ ਇਸ ਨਾਲ ਕਦੇ ਖੁਸ਼ੀ ਨਹੀਂ ਹੋ ਸਕਦੀ ਪਹਿਲਾਂ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਕੋਰੋਨਾ ਦੇ ਚੱਲਦੇ ਅਮਰੀਕਾ ਵਿਚ ਦੋ ਲੱਖ ਲੋਕ ਮੌਤ ਦੇ ਮੂੰਹ ਵਿਚ ਜਾ ਸਕਦੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਸ ਦੁਸ਼ਮਨ ਕਾਰਨ ਠੱਪ ਪਈ ਅਮਰੀਕੀ ਅਰਥਵਿਵਸਥਾ ਨੂੰ ਦੁਬਾਰਾ ਖੋਲਣ ਦਾ ਜਦੋਂ ਵੀ ਫੈਸਲਾ ਲਿਆ ਜਾਵੇਗਾ ਤਾਂ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਹੋਵੇਗਾ।
ਮਹਾਮਾਰੀ ਦੇ ਚੱਲਦੇ 33 ਕਰੋੜ ਦੀ ਆਬਾਦੀ ਵਾਲੇ ਅਮਰੀਕਾ ਵਿਚ ਜਨਜੀਵਨ ਪੂਰੀ ਤਰ੍ਹਾਂ ਠਹਿਰ ਗਿਆ ਹੈ। 97 ਫੀਸਦੀ ਆਬਾਦੀ ਘਰਾਂ ਵਿਚ ਕੈਦ ਹੈ। ਕਾਰੋਬਾਰ ਠੱਪ ਪਿਆ ਹੈ। ਹਵਾਈ ਆਵਾਜਾਈ ਵਿਚ 96 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਤਕਰੀਬਨ 1.7 ਕਰੋੜ ਲੋਕ ਬੇਰੋਜ਼ਗਾਰ ਹੋ ਗਏ। 66 ਲੱਖ ਅਮਰੀਕੀਆਂ ਨੇ ਬੇਰੋਜ਼ਗਾਰੀ ਲਾਭ ਲਈ ਅਰਜ਼ੀ ਦਿੱਤੀ ਹੈ। ਪਟੜੀ ਤੋਂ ਉਤਰ ਰਹੀ ਅਮਰੀਕੀ ਅਰਥਵਿਵਸਥਾ ਦੇ ਮਸਲੇ 'ਤੇ ਟਰੰਪ ਨੇ ਕਿਹਾ ਹੈ ਕਿ ਮੈਂ ਇਕ ਫੈਸਲਾ ਲੈਣ ਜਾ ਰਿਹਾ ਹਾਂ ਅਤੇ ਮੈਂ ਭਗਵਾਨ ਨੂੰ ਇਹੀ ਉਮੀਦ ਕਰਦਾ ਹਾਂ ਕਿ ਇਹ ਸਹੀ ਫੈਸਲਾ ਹੋਵੇ, ਪਰ ਮੈਂ ਬਿਨਾਂ ਕਿਸੇ ਸਵਾਲ ਦੇ ਕਹਿਣਾ ਚਾਹਾਂਗਾ ਕਿ ਇਹ ਮੇਰੀ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਫੈਸਲਾ ਹੋਵੇਗਾ। ਟਰੰਪ ਨੇ ਹਾਲਾਂਕਿ ਆਪਣੇ ਫੈਸਲੇ ਦੇ ਐਲਾਨ ਲਈ ਕੋਈ ਤਾਰੀਕ ਨਹੀਂ ਦੱਸੀ।
ਕੋਰੋਨਾ ਨਾਲ ਜੂਝ ਰਹੇ ਅਮਰੀਕਾ ਵਿਚ ਇਨਫੈਕਟਿਡ ਲੋਕਾਂ ਦਾ ਅੰਕੜਾ ਪੰਜ ਲੱਖ ਤੋਂ ਪਾਰ ਪਹੁੰਚ ਚੁੱਕਾ ਹੈ। ਹੁਣ ਤੱਕ ਪੰਜ ਲੱਖ 21 ਹਜ਼ਾਰ ਤੋਂ ਜ਼ਿਆਦਾ ਲੋਕਾਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਬੀਤੇ 24 ਘੰਟਿਆਂ ਵਿਚ ਰਿਕਾਰਡ 2118 ਲੋਕਾਂ ਦੀ ਮੌਤ ਹੋਈ ਹੈ। ਦੁਨੀਆ ਵਿਚ ਕੋਰੋਨਾ ਨਾਲ ਇਕ ਦਿਨ ਵਿਚ ਮੌਤ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਇਟਲੀ ਤੋਂ ਵੀ ਜ਼ਿਆਦਾ ਹੋ ਗਈ ਹੈ। ਅੰਕੜਿਆਂ ਮੁਤਾਬਕ ਅਮਰੀਕਾ ਵਿਚ ਹੁਣ ਤੱਕ ਕੁਲ 20,057 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਇਟਲੀ ਵਿਚ ਹੁਣ ਤੱਕ 19468 ਲੋਕਾਂ ਦੀ ਮੌਤ ਹੋਈ ਹੈ।
ਅਮਰੀਕਾ ਵਿਚ ਕੋਰੋਨਾ ਮਹਾਮਾਰੀ ਦਾ ਕੇਂਦਰ ਬਣੇ ਨਿਊਯਾਰਕ ਸੂਬੇ ਵਿਚ ਹੀ ਇਕ ਲੱਖ 70 ਹਜ਼ਾਰ ਤੋਂ ਜ਼ਿਆਦਾ ਮਾਮਲੇ ਹਨ। ਇਸ ਸੂਬੇ ਵਿਚ ਹੁਣ ਤੱਕ 7800 ਤੋਂ ਜ਼ਿਆਦਾ ਪੀੜਤਾਂ ਦੀ ਜਾਨ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਵਿਚ ਹੀ ਇਥੇ 783 ਲੋਕਾਂ ਦੀ ਮੌਤ ਹੋਈ ਹੈ। ਜਦੋਂ ਕਿ ਗੁਆਂਢੀ ਸੂਬੇ ਨਿਊਜਰਸੀ ਵਿਚ ਦੋ ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ ਅਤੇ 54 ਹਜ਼ਾਰ ਤੋਂ ਜ਼ਿਆਦਾ ਇਨਫੈਕਟਿਡ ਹਨ। ਟਰੰਪ ਨੇ ਕਿਹਾ ਕਿ ਮਹਾਮਾਰੀ ਦੇ ਕੇਂਦਰ ਨਿਊਯਾਰਕ ਦੇ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਨਵੇਂ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆਈ ਰਹੀ ਹੈ।
ਰਾਸ਼ਟਰਪਤੀ ਟਰੰਪ ਨੇ ਕੋਰੋਨਾ ਦੀ ਮਾਰ ਨਾਲ ਜੂਝ ਰਹੇ ਇਟਲੀ ਦੀ ਮਦਦ ਕਰਨ ਦਾ ਹੁਕਮ ਦਿੱਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਯੂਰਪੀ ਦੇਸ਼ ਨੂੰ ਕੋਰੋਨਾ ਨਾਲ ਮੁਕਾਬਲਾ ਕਰਨ ਲਈ ਡਾਕਟਰੀ ਅਤੇ ਮਨੁੱਖੀ ਸਹਾਇਤਾ ਮੁਹੱਈਆ ਕਰਾਉਣ ਨੂੰ ਕਿਹਾ ਹੈ। ਟਰੰਪ ਨੇ ਇਕ ਮੇਮੋ ਵਿਚ ਕਿਹਾ ਕਿ ਸਾਡਾ ਕਰੀਬੀ ਅਤੇ ਪੁਰਾਣਾ ਸਹਿਯੋਗੀ ਇਟਲੀ ਕੋਵਿਡ-19 ਮਹਾਮਾਰੀ ਨਾਲ ਤਬਾਹ ਹੋ ਰਿਹਾ ਹੈ। ਉਸ ਦੀ ਸਿਹਤ ਵਿਵਸਥਾ ਢਹਿ-ਢੇਰੀ ਹੋਣ ਕੰਢੇ ਹੈ ਅਤੇ ਅਰਥਵਿਵਸਥਾ 'ਤੇ ਡੂੰਘੀ ਮੰਦੀ ਦਾ ਖਤਰਾ ਵੱਧ ਗਿਆ ਹੈ।