ਜ਼ਮੀਨ ਹੇਠੋਂ ਮਿਲ ਰਹੇ ਹਨ 250-250 ਕਿਲੋ ਦੇ ਬੰਬ, ਸ਼ਹਿਰ ਛੱਡ ਭੱਜੇ ਲੋਕ
Tuesday, Jan 14, 2020 - 04:09 PM (IST)

ਬਰਲਿਨ- ਦੂਜੇ ਵਿਸ਼ਵ ਯੁੱਧ ਨੂੰ ਹੋਏ ਤਕਰੀਬਨ 75 ਸਾਲ ਹੋ ਚੁੱਕੇ ਹਨ ਪਰ ਇੰਨੇ ਸਮੇਂ ਤੋਂ ਬਾਅਦ ਵੀ ਜਰਮਨੀ ਦੇ ਡਾਰਟਮੁੰਡ ਸ਼ਹਿਰ ਵਿਚ ਜ਼ਮੀਨ ਦੇ ਅੰਦਰ ਚਾਰ ਵਜ਼ਨੀ ਬੰਬ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਲੋਕਾਂ ਨੂੰ ਜਿਵੇਂ ਹੀ ਜ਼ਮੀਨ ਦੇ ਅੰਦਰ ਬੰਬ ਦੇ ਦੱਬੇ ਹੋਣ ਦੀ ਖਬਰ ਮਿਲੀ ਲੋਕ ਸ਼ਹਿਰ ਛੱਡ ਕੇ ਭੱਜਣ ਲੱਗੇ ਹਨ।
ਦੱਸਿਆ ਜਾ ਰਿਹਾ ਹੈ ਕਿ ਜਰਮਨੀ ਦੇ ਪੱਛਮੀ ਸ਼ਹਿਰ ਡਾਰਟਮੁੰਡ ਵਿਚ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੇ ਚਾਰ ਬੰਬ ਮਿਲੇ ਹਨ। ਇਕ-ਇਕ ਬੰਬ ਦਾ ਵਜ਼ਨ ਕਰੀਬ 250 ਕਿਲੋ ਦੇ ਬਰਾਬਰ ਹੈ। ਬੰਬ ਦੀ ਸੂਚਨਾ ਮਿਲਦੇ ਹੀ ਉਥੇ ਪਹੁੰਚੀਆਂ ਸੁਰੱਖਿਆ ਏਜੰਸੀਆਂ ਨੇ ਉਸ ਨੂੰ ਕੱਢ ਕੇ ਡਿਫਿਊਜ਼ ਕਰ ਦਿੱਤਾ ਹੈ। ਡਾਰਟਮੁੰਡ ਸ਼ਹਿਰ ਦੇ ਲੋਕਾਂ ਨੂੰ ਜਿਵੇਂ ਹੀ ਸ਼ਹਿਰ ਵਿਚ ਜ਼ਮੀਨ ਦੇ ਅੰਦਰ ਬੰਬ ਹੋਣ ਦੀ ਖਬਰ ਮਿਲੀ ਤਾਂ ਲੋਕ ਜਾਨ ਬਚਾਉਣ ਲਈ ਸ਼ਹਿਰ ਛੱਡ ਕੇ ਭੱਜਣ ਲੱਗੇ। ਸੜਕਾਂ 'ਤੇ ਲੋਕਾਂ ਦੀ ਭੀੜ ਜਮਾ ਹੋਣ ਲੱਗੀ ਤੇ ਜਾਮ ਲੱਗ ਗਿਆ।
ਸਥਾਨਕ ਮੀਡੀਆ ਮੁਤਾਬਕ ਦੂਜੇ ਵਿਸ਼ਵ ਯੁੱਧ ਦੇ 75 ਸਾਲ ਬੀਤ ਜਾਣ ਤੋਂ ਬਾਅਦ ਵੀ ਜਰਮਨੀ ਵਿਚ ਲਗਾਤਾਰ ਉਸ ਵੇਲੇ ਦੇ ਬੰਬ ਬਰਾਮਦ ਹੋ ਰਹੇ ਹਨ ਜੋ ਯੁੱਧ ਵਿਚ ਵਰਤੇ ਨਹੀਂ ਗਏ। ਇਕ ਪਾਸੇ ਜਿਥੇ ਲੋਕਾਂ ਨੂੰ ਇਹਨਾਂ ਦੇ ਫਟਣ ਦਾ ਡਰ ਹੁੰਦਾ ਹੈ ਉਥੇ ਇਹਨਾਂ ਨੂੰ ਦੇਖਣੀ ਵਾਲਿਆਂ ਦੀ ਭੀੜ ਵੀ ਲੱਗ ਜਾਂਦੀ ਹੈ। ਜਰਮਨੀ ਵਿਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਧਮਾਕਾ ਸਾਲ 2017 ਵਿਚ ਹੋਇਆ ਸੀ, ਜਿਸ ਵਿਚ ਤਕਰੀਬਨ 65 ਹਜ਼ਾਰ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ।