ਈਰਾਨ ਦੇ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਵਿਸ਼ਵ ਸ਼ਕਤੀਆਂ ਨੂੰ ਪਵੇਗਾ ‘ਜਾਗਣਾ’ : ਨਫਤਾਲੀ ਬੇਨੇਟ
Monday, Jun 21, 2021 - 01:17 PM (IST)

ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਪਿਛਲੇ ਹਫਤੇ ਨਵੀਂ ਗੱਠਜੋੜ ਸਰਕਾਰ ਦੇ ਸਹੁੰ ਚੁੱਕਣ ਤੋਂ ਬਾਅਦ ਐਤਵਾਰ ਨੂੰ ਆਪਣੀ ਪਹਿਲੀ ਕੈਬਨਿਟ ਮੀਟਿੰਗ ’ਚ ਈਰਾਨ ਦੇ ਨਵੇਂ ਰਾਸ਼ਟਰਪਤੀ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਈਰਾਨ ਦੀਆਂ ਰਾਸ਼ਟਰਪਤੀ ਚੋਣਾਂ ਤਹਿਰਾਨ ਨਾਲ ਪ੍ਰਮਾਣੂ ਸਮਝੌਤੇ ’ਤੇ ਪਰਤਣ ਤੋਂ ਪਹਿਲਾਂ ਵਿਸ਼ਵ ਸ਼ਕਤੀਆਂ ਦੇ ‘ਜਾਗਣ’ ਦਾ ਸੰਕੇਤ ਹੈ। ਈਰਾਨ ਦੀਆਂ ਰਾਸ਼ਟਰਪਤੀ ਚੋਣਾਂ ’ਚ ਨਿਆਂ ਪਾਲਿਕਾ ਦੇ ਮੁਖੀ ਕੱਟੜਪੰਥੀ ਇਬਰਾਹਿਮ ਰਈਸੀ ਨੇ 62 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ। 1988 ’ਚ ਈਰਾਨ-ਇਰਾਕ ਯੁੱਧ ਦੇ ਅੰਤ ’ਚ ਹਜ਼ਾਰਾਂ ਸਿਆਸੀ ਕੈਦੀਆਂ ਨੂੰ ਮੌਤ ਦੀ ਸਜ਼ਾ ਦੇਣ ਦੇ ਮਾਮਲੇ ’ਚ ਰਈਸੀ ਦੀ ਸ਼ਮੂਲੀਅਤ ਕਾਰਨ ਅਮਰੀਕਾ ਉਸ ’ਤੇ ਪਾਬੰਦੀ ਲਾ ਚੁੱਕਾ ਹੈ। ਹਾਲਾਂਕਿ ਰਈਸੀ ਨੇ ਇਸ ਮਾਮਲੇ ’ਤੇ ਵਿਸ਼ੇਸ਼ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਬੇਨੇਟ ਨੇ ਯਰੂਸ਼ਲਮ ’ਚ ਹੋਈ ਕੈਬਨਿਟ ਦੀ ਬੈਠਕ ’ਚ ਕਿਹਾ, “(ਈਰਾਨ ਦਾ ਸਰਵਉੱਚ ਨੇਤਾ) ਖਾਮਨੇਈ ਜਿਨ੍ਹਾਂ ਲੋਕਾਂ ਨੂੰ ਚੁਣ ਸਕਦਾ ਹੈ, ਉਨ੍ਹਾਂ ’ਚੋਂ ਉਨ੍ਹਾਂ ਨੇ ਤਹਿਰਾਨ ਦੇ ਜੱਲਾਦ ਦੀ ਚੋਣ ਕੀਤੀ, ਜੋ ਈਰਾਨ ’ਚ ਸੈਂਕੜੇ ਨਿਰਦੋਸ਼ ਆਮ ਨਾਗਰਿਕਾਂ ਦੀ ਹੱਤਿਆ ਕਰਨ ਵਾਲੀਆਂ ਕਮੇਟੀਆਂ ਦਾ ਮੁਖੀ ਹੈ।”
ਇਹ ਵੀ ਪੜ੍ਹੋ : ਆਸਟਰੇਲੀਆ ’ਤੇ ਦੁਨੀਆ ਦਾ ਸਭ ਤੋਂ ਗੁਪਤ ਲੋਕਤੰਤਰ ਬਣਨ ਦਾ ਲੱਗਾ ਦੋਸ਼
ਜ਼ਿਕਰਯੋਗ ਹੈ ਕਿ ਈਰਾਨ ਅਤੇ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਨੇ ਸਾਲ 2015 ’ਚ ਪਰਮਾਣੂ ਸਮਝੌਤਾ ਕੀਤਾ ਸੀ। ਇਸ ਦੇ ਤਹਿਤ ਈਰਾਨ ਨੂੰ ਆਪਣੇ ਪ੍ਰਮਾਣੂ ਪ੍ਰੋਗਰਾਮ ਵਿਚ ਕਟੌਤੀ ਦੇ ਬਦਲੇ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਸੀ ਪਰ ਸਾਲ 2018 ’ਚ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਨੂੰ ਇਸ ’ਚੋਂ ਬਾਹਰ ਕੱਢ ਦਿੱਤਾ, ਜਿਸ ਤੋਂ ਬਾਅਦ ਇਹ ਸਮਝੌਤਾ ਰੱਦ ਹੋ ਗਿਆ। ਇਸ ਸਮਝੌਤੇ ’ਚ ਨਵੀਂ ਜਾਨ ਫੂਕਣ ਦੇ ਇਰਾਦੇ ਨਾਲ ਐਤਵਾਰ ਤੋਂ ਵਿਆਨਾ ’ਚ ਈਰਾਨ ਤੇ ਸ਼ਕਤੀਸ਼ਾਲੀ ਦੇਸ਼ਾਂ ਦਰਮਿਆਨ ਅਪ੍ਰਤੱਖ ਗੱਲਬਾਤ ਫਿਰ ਤੋਂ ਸ਼ੁਰੂ ਹੋਣੀ ਹੈ। ਬੇਨੇਟ ਨੇ ਕਿਹਾ ਕਿ ਈਰਾਨ ਦੇ ਰਾਸ਼ਟਰਪਤੀ ਅਹੁਦੇ ਲਈ ਰਈਸੀ ਦੀ ਚੋਣ ਪ੍ਰਮਾਣੂ ਸਮਝੌਤੇ ’ਤੇ ਵਾਪਸ ਆਉਣ ਤੋਂ ਪਹਿਲਾਂ ਵਿਸ਼ਵ ਸ਼ਕਤੀਆਂ ਦੇ ਜਾਗਣ ਦਾ ਆਖਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਹਤਿਆਰੇ ਹਨ, ਸਮੂਹਿਕ ਹਤਿਆਰੇ। ਵਹਿਸ਼ੀ ਜੱਲਾਦ ਦੇ ਸ਼ਾਸਨ ਨੂੰ ਸਮੂਹਿਕ ਤਬਾਹੀ ਦੇ ਹਥਿਆਰ ਹਾਸਲ ਕਰਨ ਤੋਂ ਰੋਕਣਾ ਹੋਵੇਗਾ, ਜਿਸ ਨਾਲ ਇਸ ਨੂੰ ਹਜ਼ਾਰਾਂ ਨਹੀਂ ਬਲਕਿ ਲੱਖਾਂ ਲੋਕਾਂ ਨੂੰ ਮਾਰਨ ਦੀ ਛੋਟ ਮਿਲ ਜਾਵੇਗੀ।