ਦੁਨੀਆ ਦਾ ਰੱਖਿਆ ਬਜਟ 162 ਲੱਖ ਕਰੋੜ ਦੇ ਪਾਰ, ਫੌਜੀ ਖਰਚਿਆਂ ਦੇ ਮਾਮਲੇ ''ਚ ਤੀਜਾ ਦੇਸ਼ ਬਣਿਆ ਭਾਰਤ

04/26/2022 6:09:27 PM

ਇੰਟਰਨੈਸ਼ਨਲ ਡੈਸਕ (ਬਿਊਰੋ): ਮੌਜੂਦਾ ਸਮੇਂ ਦੁਨੀਆ ਦਾ ਰੱਖਿਆ ਬਜਟ ਨਵਾਂ ਰਿਕਾਰਡ ਕਾਇਮ ਕਰ ਰਿਹਾ ਹੈ।ਇਸ ਸਮੇਂ ਦੁਨੀਆ ਦਾ ਰੱਖਿਆ ਬਜਟ 162 ਲੱਖ ਕਰੋੜ ਦੇ ਪਾਰ (2.1 ਟ੍ਰਿਲੀਅਨ ਅਮਰੀਕੀ ਡਾਲਰ) ਹੋ ਚੁੱਕਾ ਹੈ।ਰੱਖਿਆ ਖੇਤਰ ਦੇ 'ਥਿੰਕ-ਟੈਂਕ' ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (SIPRI) ਮੁਤਾਬਕ ਪਿਛਲੇ ਸਾਲ ਰੱਖਿਆ ਬਜਟ ਦੇ ਸਾਰੇ ਰਿਕਾਰਡ ਟੁੱਟ ਗਏ ਹਨ। ਸਿਪਰੀ ਦੇ ਅੰਕੜਿਆਂ ਅਨੁਸਾਰ ਦੁਨੀਆ ਦਾ ਰੱਖਿਆ ਬਜਟ ਪਿਛਲੇ ਸਾਲ 0.7 ਫੀਸਦੀ ਵਧ ਕੇ 2.1 ਟ੍ਰਿਲੀਅਨ ਅਮਰੀਕੀ ਡਾਲਰ (ਕਰੀਬ 162 ਲੱਖ ਕਰੋੜ ਰੁਪਏ) ਹੋ ਗਿਆ ਹੈ। ਇਸ ਰੱਖਿਆ ਖਰਚ ਵਿਚ ਚੋਟੀ ਦੇ 5 ਦੇਸ਼ਾਂ ਅਮਰੀਕਾ, ਚੀਨ, ਭਾਰਤ, ਬ੍ਰਿਟੇਨ ਅਤੇ ਰੂਸ ਦਾ ਸਾਂਝੇ ਤੌਰ 'ਤੇ 62 ਫੀਸਦੀ ਹਿੱਸਾ ਸ਼ਾਮਲ ਹੈ। 

ਸਿਪਰੀ ਦੇ ਅੰਕੜਿਆਂ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਰੱਖਿਆ ਖਰਚੇ 'ਚ ਜ਼ਬਰਦਸਤ ਵਾਧਾ ਹੋਇਆ ਹੈ।ਹਾਲਾਂਕਿ ਕੁਝ ਦੇਸ਼ਾਂ 'ਚ ਇਸ ਸਮੇਂ ਦੌਰਾਨ ਰੱਖਿਆ ਬਜਟ ਥੋੜ੍ਹਾ ਘਟਿਆ ਹੈ ਪਰ ਇਹ ਸਿਰਫ .1 ਫੀਸਦੀ ਹੈ। ਇਸ ਦਾ ਕਾਰਨ ਮਹਾਮਾਰੀ ਰਿਹਾ ਹੈ। ਜਿੱਥੇ ਰੱਖਿਆ ਬਜਟ 'ਚ ਕਟੌਤੀ ਕੀਤੀ ਗਈ ਹੈ, ਉੱਥੇ ਮਹਾਮਾਰੀ ਦੀ ਰੋਕਥਾਮ ਲਈ ਵਿਕਾਸ 'ਤੇ ਜ਼ਿਆਦਾ ਨਿਵੇਸ਼ ਕੀਤਾ ਗਿਆ ਹੈ। ਸਾਲ 2021 'ਚ ਵਿਸ਼ਵ ਅਰਥਵਿਵਸਥਾ ਦਾ 2.2 ਫੀਸਦੀ ਰੱਖਿਆ 'ਤੇ ਖਰਚ ਕੀਤਾ ਗਿਆ।ਸਿਪਰੀ ਦੇ ਮਿਲਟਰੀ ਐਕਸਪੇਂਡੀਚਰ ਐਂਡ ਆਰਮਜ਼ ਪ੍ਰੋਡਕਸ਼ਨ ਪ੍ਰੋਗਰਾਮ (MEAPP) ਦੇ ਸੀਨੀਅਰ ਖੋਜਕਾਰ ਡਿਏਗੋ ਲੋਪੇਜ਼ ਦਾ ਸਿਲਵਾ ਦਾ ਕਹਿਣਾ ਹੈ ਕਿ ਭਾਵੇਂ ਕੋਰੋਨਾ ਮਹਾਮਾਰੀ ਦੌਰਾਨ ਵਿਸ਼ਵ ਅਰਥਵਿਵਸਥਾ ਢਹਿ ਗਈ ਸੀ ਪਰ ਰੱਖਿਆ ਬਜਟ ਵਧਿਆ ਹੈ। ਇਸ ਮਿਆਦ ਦੌਰਾਨ ਫ਼ੌਜੀ ਖਰਚ 6.1 ਪ੍ਰਤੀਸ਼ਤ ਵਧਿਆ। 

ਦੇਸ਼                   ਰੱਖਿਆ ਬਜਟ           ਕਮੀ/ ਵਾਧਾ
                   (ਲੱਖ ਕਰੋੜ ਰੁਪਏ 'ਚ)
ਅਮਰੀਕਾ           61.43                       -1.4%
ਚੀਨ                 22.47                        +4.7%
ਭਾਰਤ               5.87                         +0.9%
ਬ੍ਰਿਟੇਨ              5.24                          +3%
ਰੂਸ                  5.05                          +2.9%
ਸਾਊਦੀ ਅਰਬ     4.26                          +17%
ਜਾਪਾਨ             4.14                          +7.3%
ਆਸਟ੍ਰੇਲੀਆ       2.43                         +4% 

ਸਭ ਤੋਂ ਜ਼ਿਆਦਾ ਫ਼ੌਜੀ ਖਰਚੇ ਦੇ ਮਾਮਲੇ ’ਚ ਅਮਰੀਕਾ ਟਾਪ ’ਤੇ ਹੈ। ਇਸ ਤੋਂ ਬਾਅਦ ਚੀਨ ਅਤੇ ਫਿਰ ਤੀਸਰੇ ਨੰਬਰ ’ਤੇ ਭਾਰਤ ਹੈ।ਭਾਰਤ 4 ਸਾਲ ਪਹਿਲਾਂ ਯਾਨੀ 2018 ’ਚ 5ਵੀਂ ਪੁਜ਼ੀਸ਼ਨ ’ਤੇ ਸੀ ਅਤੇ ਉਦੋਂ ਕੁੱਲ ਫ਼ੌਜੀ ਖਰਚਾ 66.5 ਬਿਲੀਅਨ ਡਾਲਰ ਸੀ। ਯਾਨੀ 2021 ਤੱਕ ਇਸ ਖਰਚੇ ’ਚ 10.1 ਬਿਲੀਅਨ ਡਾਲਰ (7.74 ਲੱਖ ਕਰੋਡ਼ ਰੁਪਏ) ਦਾ ਵਾਧਾ ਹੋਇਆ ਹੈ। ਭਾਰਤ ਫ਼ੌਜੀ ਖਰਚਿਆਂ ’ਚ ਪਿਛਲੇ ਸਾਲ 76.6 ਬਿਲੀਅਨ ਅਮਰੀਕੀ ਡਾਲਰ ਦੇ ਨਾਲ ਤੀਸਰੇ ਸਥਾਨ ’ਤੇ ਰਿਹਾ। ਸਰਕਾਰ ਨੇ 2020 ਦੇ ਮੁਕਾਬਲੇ 0.9 ਫ਼ੀਸਦੀ ਦਾ ਵਾਧਾ ਕੀਤਾ।2021 ’ਚ ਫ਼ੌਜ ’ਤੇ ਸਭ ਤੋਂ ਜ਼ਿਆਦਾ ਖਰਚ ਕਰਨ ਵਾਲੇ 5 ਦੇਸ਼ਾਂ ’ਚ ਅਮਰੀਕਾ, ਚੀਨ, ਭਾਰਤ, ਯੂਨਾਈਟਿਡ ਕਿੰਗਡਮ (ਬ੍ਰਿਟੇਨ) ਅਤੇ ਰੂਸ ਸ਼ਾਮਲ ਸਨ। ਕੁੱਲ ਖਰਚੇ ਦਾ 62 ਫ਼ੀਸਦੀ ਹਿੱਸਾ ਇਕੱਲੇ ਇਨ੍ਹਾਂ 5 ਦੇਸ਼ਾਂ ਨੇ ਖਰਚ ਕੀਤਾ। ਰਿਪੋਰਟ ਮੁਤਾਬਕ 2021 ’ਚ ਅਮਰੀਕੀ ਫ਼ੌਜੀ ਖਰਚਾ 801 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਜੋ 2020 ਦੇ ਮੁਕਾਬਲੇ 1.4 ਫ਼ੀਸਦੀ ਘੱਟ ਹੈ।

ਭਾਰਤ ਦੀ ਹੀ ਗੱਲ ਕਰੀਏ ਤਾਂ ਭਾਰਤ ਨੇ ਵੀ ਮਿਲਟਰੀ 'ਤੇ ਕਾਫੀ ਖਰਚ ਕੀਤਾ ਹੈ। ਭਾਰਤ ਦਾ ਮਿਲਟਰੀ ਖਰਚ ਲਗਾਤਾਰ ਦੂਜੇ ਸਾਲ ਵਧ ਕੇ 76.6 ਅਰਬ ਡਾਲਰ (5,87 ਲੱਖ ਕਰੋੜ ਰੁਪਏ) ਹੋ ਗਿਆ।ਇਸ ਦੇ ਨਾਲ ਹੀ ਇਸ 'ਤੇ ਅਮਰੀਕਾ ਦਾ ਖਰਚ ਕੁਝ ਘਟਿਆ ਹੈ। ਅਮਰੀਕਾ ਨੇ ਇਸ ਸਮੇਂ ਦੌਰਾਨ 801 ਅਰਬ ਡਾਲਰ (61.43 ਲੱਖ ਕਰੋੜ ਰੁਪਏ) ਖਰਚ ਕੀਤੇ ਸਨ ਜੋ ਉਸਦੀ ਕੁੱਲ ਜੀਡੀਪੀ ਦਾ 3.6 ਪ੍ਰਤੀਸ਼ਤ ਹੈ। ਹਾਲਾਂਕਿ ਪਹਿਲਾਂ ਇਹ 3.7 ਫੀਸਦੀ ਸੀ।ਦੂਜੇ ਪਾਸੇ ਜੇਕਰ ਰੂਸ ਦੀ ਗੱਲ ਕਰੀਏ ਤਾਂ ਇਸ ਦਾ ਰੱਖਿਆ ਬਜਟ ਵਧਿਆ ਹੈ। ਰੂਸ ਨੇ ਇਸ ਖਰਚ ਨੂੰ ਲਗਾਤਾਰ ਤਿੰਨ ਸਾਲਾਂ ਲਈ ਤੇਜ਼ ਕੀਤਾ ਹੈ ਅਤੇ ਆਪਣੇ ਫ਼ੌਜੀ ਖਰਚਿਆਂ ਵਿੱਚ 2.9 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਰੂਸ ਆਪਣੇ ਜੀਡੀਪੀ ਦਾ 4.1 ਫੀਸਦੀ ਰੱਖਿਆ 'ਤੇ ਖਰਚ ਕਰ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ -ਚੀਨ 'ਚ ਕੋਰੋਨਾ ਕਾਰਨ ਮੁੜ ਵਿਗੜਨ ਲੱਗੇ ਹਾਲਾਤ, ਬੀਜਿੰਗ 'ਚ ਕਰੋੜਾਂ ਲੋਕਾਂ ਲਈ ਨਵਾਂ ਫਰਮਾਨ ਜਾਰੀ

ਇਸ ਤੋਂ ਇਲਾਵਾ ਜੇਕਰ ਯੂਕ੍ਰੇਨ ਦੀ ਗੱਲ ਕਰੀਏ ਤਾਂ ਉਸ ਦੇ ਰੱਖਿਆ ਬਜਟ 'ਚ ਕਮੀ ਆਈ ਹੈ। ਯੂਕ੍ਰੇਨ ਨੇ ਇਸ ਸਮੇਂ ਦੌਰਾਨ ਆਪਣੇ ਜੀਡੀਪੀ ਦਾ 3.2 ਫੀਸਦੀ ਰੱਖਿਆ ਬਜਟ 'ਤੇ ਖਰਚ ਕੀਤਾ ਹੈ।ਚੀਨ 2012 ਤੋਂ ਹੁਣ ਤੱਕ ਮਤਲਬ 10 ਸਾਲ ਵਿਚ ਰੱਖਿਆ ਬਜਟ ਵਿਚ 72 ਫੀਸਦੀ ਦਾ ਵਾਧਾ ਕਰ ਚੁੱਕਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News