Trump ਦੀ ਟੈਰਿਫ ਘੋਸ਼ਣਾ 'ਤੇ ਫੁਟਿਆ ਵਰਲਡ ਲੀਡਰ ਦਾ ਗੁੱਸਾ, ਕੈਨੇਡੀਅਨ PM ਕਰਨਗੇ ਜਵਾਬੀ ਕਾਰਵਾਈ
Thursday, Apr 03, 2025 - 10:51 AM (IST)

ਓਟਾਵਾ (ਵਾਰਤਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਵਿਰੁੱਧ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਟਰੰਪ ਦੇ ਇਸ ਐਲਾਨ ਨਾਲ ਦੁਨੀਆ ਵਿੱਚ ਵਪਾਰ ਯੁੱਧ ਸ਼ੁਰੂ ਹੋਣ ਦਾ ਡਰ ਵਧ ਗਿਆ ਹੈ। ਟਰੰਪ ਦੇ ਇਸ ਐਲਾਨ ਮਗਰੋਂ ਦੁਨੀਆ ਭਰ ਦੇ ਨੇਤਾ ਗੁੱਸੇ ਵਿਚ ਹਨ। ਕੈਨੇਡਾ ਅਤੇ ਆਸਟ੍ਰੇਲੀਆ ਨੇ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਵਾਬੀ ਕਾਰਵਾਈ ਕਰਨ ਦੀ ਦਿੱਤੀ ਧਮਕੀ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਦੇਸ਼ ਅਮਰੀਕੀ ਆਯਾਤ ਡਿਊਟੀਆਂ ਦਾ ਜਵਾਬ ਜਵਾਬੀ ਕਦਮਾਂ ਨਾਲ ਦੇਵੇਗਾ। ਕਾਰਨੀ ਨੇ ਪੱਤਰਕਾਰਾਂ ਨੂੰ ਕਿਹਾ,"ਅਸੀਂ ਇਨ੍ਹਾਂ ਟੈਰਿਫਾਂ ਦਾ ਜਵਾਬ ਜਵਾਬੀ ਕਦਮਾਂ ਨਾਲ ਦੇਵਾਂਗੇ।" ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕਾ 5 ਅਪ੍ਰੈਲ ਤੋਂ ਸਾਰੇ ਵਿਦੇਸ਼ੀ ਆਯਾਤ 'ਤੇ 10 ਪ੍ਰਤੀਸ਼ਤ ਟੈਰਿਫ ਲਗਾਏਗਾ, ਜਦੋਂ ਕਿ 9 ਅਪ੍ਰੈਲ ਤੋਂ ਉਨ੍ਹਾਂ ਦੇਸ਼ਾਂ 'ਤੇ ਉੱਚ ਟੈਰਿਫ ਲਗਾਏ ਜਾਣਗੇ ਜਿਨ੍ਹਾਂ ਨਾਲ ਅਮਰੀਕਾ ਦਾ ਸਭ ਤੋਂ ਵੱਡਾ ਵਪਾਰ ਘਾਟਾ ਹੈ।
ਆਸਟ੍ਰੇਲੀਆ ਦੇ ਪੀ.ਐੱਮ ਦਾ ਫੁਟਿਆ ਗੁੱਸਾ
ਟਰੰਪ ਨੇ ਆਪਣੇ ਟੈਰਿਫ ਐਲਾਨ ਵਿੱਚ ਦੋਸਤਾਂ ਅਤੇ ਦੁਸ਼ਮਣਾਂ ਨੂੰ ਇੱਕੋ ਜਿਹਾ ਸ਼ਾਮਲ ਕੀਤਾ ਹੈ, ਜਿਸ ਨਾਲ ਅਮਰੀਕੀ ਵਪਾਰਕ ਭਾਈਵਾਲਾਂ ਦਾ ਗੁੱਸਾ ਭੜਕਿਆ ਹੈ ਜਿਨ੍ਹਾਂ ਨੇ ਜਵਾਬ ਦੇਣ ਦਾ ਗੱਲ ਕਹੀ ਹੈ। ਟਰੰਪ ਦੇ ਟੈਰਿਫ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਇਹ ਦੋਸਤਾਂ ਦਾ ਕੰਮ ਨਹੀਂ ਹੈ। ਆਸਟ੍ਰੇਲੀਆ ਤੋਂ ਬੀਫ ਦੀ ਦਰਾਮਦ 'ਤੇ ਸਖ਼ਤ ਪਾਬੰਦੀਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਮਰੀਕੀ ਲੋਕਾਂ ਨੂੰ ਇਸ ਅਨੁਚਿਤ ਕਦਮ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਸੇ ਲਈ ਸਾਡੀ ਸਰਕਾਰ ਪਰਸਪਰ ਟੈਰਿਫ ਲਗਾਉਣ ਦੀ ਕੋਸ਼ਿਸ਼ ਨਹੀਂ ਕਰੇਗੀ। ਉਸਨੇ ਕਿਹਾ,"ਅਸੀਂ ਹੇਠਾਂ ਵੱਲ ਜਾਣ ਵਾਲੀ ਦੌੜ ਵਿੱਚ ਸ਼ਾਮਲ ਨਹੀਂ ਹੋਵਾਂਗੇ, ਜਿਸ ਨਾਲ ਕੀਮਤਾਂ ਵਧ ਜਾਣਗੀਆਂ ਅਤੇ ਵਿਕਾਸ ਹੌਲੀ ਹੋ ਜਾਵੇਗਾ।"
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਪ੍ਰਸ਼ਾਸਨ ਨੂੰ ਝਟਕਾ, ਬੇਸਹਾਰਾ ਪ੍ਰਵਾਸੀ ਬੱਚਿਆਂ ਨੂੰ ਲੈ ਕੇ ਜੱਜ ਨੇ ਜਾਰੀ ਕੀਤੇ ਹੁਕਮ
ਬ੍ਰਿਟੇਨ ਨੇ ਕਹੀ ਇਹ ਗੱਲ
ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਰੈਸੀਪ੍ਰੋਕਲ ਟੈਰਿਫ 'ਤੇ ਤਿੱਖੀ ਟਿੱਪਣੀ ਕੀਤੀ ਅਤੇ ਕਿਹਾ ਕਿ ਵਪਾਰ ਯੁੱਧ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਸੰਸਦ ਨੂੰ ਕਿਹਾ,'ਅਸੀਂ ਹਰ ਸੰਭਵ ਸਥਿਤੀ ਲਈ ਤਿਆਰੀ ਕਰ ਲਈ ਹੈ। ਅਸੀਂ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕਰਾਂਗੇ।' ਜਰਮਨੀ ਨੇ ਚਿਤਾਵਨੀ ਦਿੱਤੀ ਹੈ ਕਿ ਵਪਾਰ ਯੁੱਧ ਦੋਵਾਂ ਧਿਰਾਂ ਨੂੰ ਨੁਕਸਾਨ ਪਹੁੰਚਾਏਗਾ। ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣੀਆਂ ਕੰਪਨੀਆਂ ਅਤੇ ਕਰਮਚਾਰੀਆਂ ਦੀ ਰੱਖਿਆ ਕਰੇਗਾ ਅਤੇ ਇੱਕ ਖੁੱਲ੍ਹੀ ਦੁਨੀਆ ਪ੍ਰਤੀ ਵਚਨਬੱਧ ਰਹੇਗਾ। ਆਇਰਲੈਂਡ ਦੇ ਵਪਾਰ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਤੇ ਯੂਰਪੀ ਸੰਘ ਅਮਰੀਕਾ ਨਾਲ ਗੱਲਬਾਤ ਰਾਹੀਂ ਹੱਲ ਲੱਭਣ ਲਈ ਤਿਆਰ ਹਨ।
ਟਰੰਪ ਦੀ ਸਹਿਯੋਗੀ ਸਮਝੀ ਜਾਣ ਵਾਲੀ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਵਪਾਰ ਯੁੱਧ ਤੋਂ ਬਚਣ ਲਈ ਰਾਸ਼ਟਰਪਤੀ ਟਰੰਪ ਨਾਲ ਕੰਮ ਕਰਨ ਦਾ ਪ੍ਰਣ ਲਿਆ। ਉਸ ਨੇ ਕਿਹਾ,"ਅਸੀਂ ਸੰਯੁਕਤ ਰਾਜ ਅਮਰੀਕਾ ਨਾਲ ਇੱਕ ਅਜਿਹੇ ਸਮਝੌਤੇ ਵੱਲ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿਸਦਾ ਉਦੇਸ਼ ਇੱਕ ਵਪਾਰ ਯੁੱਧ ਤੋਂ ਬਚਣਾ ਹੈ ਜੋ ਪੱਛਮੀ ਦੇਸ਼ਾਂ ਨੂੰ ਹੋਰ ਵਿਸ਼ਵਵਿਆਪੀ ਖਿਡਾਰੀਆਂ ਦੇ ਹੱਕ ਵਿੱਚ ਕਮਜ਼ੋਰ ਕਰ ਦੇਵੇਗਾ।" ਫਰਾਂਸੀਸੀ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਯੂਰਪੀ ਸੰਘ 'ਅਪ੍ਰੈਲ ਦੇ ਅੰਤ ਤੋਂ ਪਹਿਲਾਂ' ਟਰੰਪ ਦੇ ਨਵੇਂ ਟੈਰਿਫਾਂ ਦਾ ਜਵਾਬ ਦੇਵੇਗਾ।
ਬ੍ਰਾਜ਼ੀਲ ਨੇ ਸ਼ੁਰੂ ਕੀਤੀ ਕਾਰਵਾਈ
ਇਸ ਦੌਰਾਨ ਲਾਤੀਨੀ ਅਮਰੀਕਾ ਦੀ ਸਭ ਤੋਂ ਵੱਡੀ ਅਰਥਵਿਵਸਥਾ ਬ੍ਰਾਜ਼ੀਲ ਨੇ ਬੁੱਧਵਾਰ ਨੂੰ ਟਰੰਪ ਦੁਆਰਾ ਲਗਾਏ ਗਏ 10 ਪ੍ਰਤੀਸ਼ਤ ਟੈਰਿਫ ਦਾ ਮੁਕਾਬਲਾ ਕਰਨ ਲਈ ਇੱਕ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ। ਬ੍ਰਾਜ਼ੀਲ ਦੀ ਕਾਂਗਰਸ ਨੇ ਬਾਅਦ ਵਿੱਚ ਸਰਬਸੰਮਤੀ ਨਾਲ ਇੱਕ ਬਿੱਲ ਪਾਸ ਕੀਤਾ ਜਿਸ ਨਾਲ ਬ੍ਰਾਜ਼ੀਲ ਸਰਕਾਰ ਨੂੰ ਕਿਸੇ ਵੀ ਦੇਸ਼ ਜਾਂ ਵਪਾਰਕ ਸਮੂਹ ਵਿਰੁੱਧ ਬਦਲਾ ਲੈਣ ਦੀ ਇਜਾਜ਼ਤ ਦਿੱਤੀ ਗਈ ਜੋ ਦੇਸ਼ ਦੇ ਸਾਮਾਨ 'ਤੇ ਟੈਰਿਫ ਲਗਾਉਂਦਾ ਹੈ।
ਦੱਖਣੀ ਕੋਰੀਆ ਦੇ ਵਪਾਰ ਮੰਤਰਾਲੇ ਨੇ ਕਿਹਾ ਕਿ ਦੱਖਣੀ ਕੋਰੀਆ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਹਾਨ ਡਕ-ਸੂ ਨੇ ਅਧਿਕਾਰੀਆਂ ਨੂੰ ਵਪਾਰਕ ਸਮੂਹਾਂ ਨਾਲ ਮਿਲ ਕੇ ਨਵੇਂ 25 ਪ੍ਰਤੀਸ਼ਤ ਟੈਰਿਫਾਂ ਦੇ ਸੰਭਾਵੀ ਪ੍ਰਭਾਵ ਦਾ ਵਿਸ਼ਲੇਸ਼ਣ ਕਰਨ ਲਈ ਕਿਹਾ ਹੈ ਤਾਂ ਜੋ "ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ"।
ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਚੀਨ "ਆਪਣੇ ਅਧਿਕਾਰਾਂ ਅਤੇ ਹਿੱਤਾਂ ਦੀ ਰਾਖੀ ਲਈ ਸਖ਼ਤ ਜਵਾਬੀ ਕਦਮ ਚੁੱਕੇਗਾ।" ਹਾਲਾਂਕਿ ਚੀਨ ਨੇ ਇਹ ਨਹੀਂ ਦੱਸਿਆ ਕਿ ਇਸ ਦੇ ਜਵਾਬ ਵਿੱਚ ਉਹ ਕੀ ਕਦਮ ਚੁੱਕ ਸਕਦਾ ਹੈ। ਚੀਨ ਨੇ ਕਿਹਾ, "ਚੀਨ ਅਮਰੀਕਾ ਨੂੰ ਅਪੀਲ ਕਰਦਾ ਹੈ ਕਿ ਉਹ ਆਪਣੇ ਇਕਪਾਸੜ ਟੈਰਿਫ ਉਪਾਵਾਂ ਨੂੰ ਤੁਰੰਤ ਵਾਪਸ ਲਵੇ ਅਤੇ ਬਰਾਬਰ ਗੱਲਬਾਤ ਰਾਹੀਂ ਆਪਣੇ ਵਪਾਰਕ ਭਾਈਵਾਲਾਂ ਨਾਲ ਮਤਭੇਦਾਂ ਨੂੰ ਸਹੀ ਢੰਗ ਨਾਲ ਹੱਲ ਕਰੇ।"
ਨਿਊਜ਼ੀਲੈਂਡ ਨੇ ਵੀ ਟਰੰਪ ਦੇ ਟੈਰਿਫਾਂ ਦੇ ਤਰਕ 'ਤੇ ਇਤਰਾਜ਼ ਜਤਾਇਆ ਹੈ। ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਟਰੰਪ ਦੇ ਐਲਾਨ ਦੇ ਮੈਕਸੀਕੋ 'ਤੇ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।