WHO ਦਾ ਖੁਲਾਸਾ, ਕੋਰੋਨਾ ਮਰੀਜ਼ ਦੁਬਾਰਾ ਪਾਜ਼ੇਟਿਵ ਆਏ ਤਾਂ ਡਰਨ ਦੀ ਲੋੜ ਨਹੀਂ
Sunday, May 10, 2020 - 06:20 PM (IST)
ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਨੇ ਭਿਆਨਕ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਇਕ ਵੱਡੀ ਸਮੱਸਿਆ ਜਿਹੜੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਕੋਰੋਨਾ ਮਰੀਜ਼ ਦੁਬਾਰਾ ਪਾਜ਼ੇਟਿਵ ਹੋ ਰਹੇ ਹਨ। ਅਜਿਹੇ ਹਾਲਾਤਾਂ ਨਾਲ ਡਰੇ ਹੋਏ ਲੋਕਾਂ ਲਈ ਵਿਸ਼ਵ ਸਿਹਤ ਸੰਗਠਨ (WHO) ਨੇ ਸਥਿਤੀ ਸਪੱਸ਼ਟ ਕੀਤੀ ਹੈ। ਡਬਲਊ.ਐੱਚ.ਓ. ਨੇ ਆਪਣੀ ਰਿਸਰਚ ਫਾਈਟਿੰਗ ਟੀਮ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਜਿਹੜੇ ਮਰੀਜ਼ ਠੀਕ ਹੋ ਚੁੱਕੇ ਹਨ ਉਹਨਾਂ ਦੀ ਰਿਪੋਰਟ ਹਰ ਵਾਰੀ ਨੈਗੇਟਿਵ ਹੀ ਆਵੇ। ਅਸਲ ਵਿਚ ਫੇਫੜਿਆਂ ਦੇ ਮ੍ਰਿਤਕ ਸੈੱਲਾਂ ਦੇ ਕਾਰਨ ਰਿਪੋਰਟ ਦੁਬਾਰਾ ਪਾਜ਼ੇਟਿਵ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਮਰੀਜ਼ ਰੀ-ਇੰਫੈਕਟੇਟ ਹੈ। ਇਹ ਮਰੀਜ਼ ਦਾ ਰਿਕਵਰੀ ਫੇਜ਼ ਹੁੰਦਾ ਹੈ।
ਜਾਣੋ ਮਰੀਜ਼ਾਂ ਦੇ ਰਿਕਵਰੀ ਫੇਜ਼ ਦੇ ਬਾਰੇ 'ਚ
ਵਿਸ਼ਵ ਸਿਹਤ ਸੰਗਠਨ ਨੇ ਇਨਫੈਕਟਿਡ ਮਰੀਜ਼ਾਂ ਨੂੰ ਲੈਕੇ ਜਿਹੜੀ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ ਹੈ ਉਸ ਦੇ ਮੁਤਾਬਕ ਇਸ ਗੱਲ ਦੀ ਪੂਰੀ ਸੰਭਾਵਨਾ ਬਣੀ ਰਹਿੰਦੀ ਹੈ ਕਿ ਜਿਹੜਾ ਮਰੀਜ਼ ਇਕ ਵਾਰ ਠੀਕ ਹੋ ਚੁੱਕਾ ਹੈ ਉਸ ਦੀ ਰਿਪੋਰਟ ਦੁਬਾਰਾ ਪਾਜ਼ੇਟਿਵ ਆਵੇ। ਪਰ ਮਰੀਜ਼ਾਂ ਦਾ ਦੁਬਾਰਾ ਪਾਜ਼ੇਟਿਵ ਟੈਸਟ ਆਉਣ ਦੇ ਪਿੱਛੇ ਫੇਫੜਿਆਂ ਦੇ ਮਰੇ ਹੋਏ ਸੈੱਲ ਜ਼ਿੰਮੇਵਾਰ ਹੋ ਸਕਦੇ ਹਨ। ਇਸ ਨਾਲ ਮਰੀਜ਼ਾਂ ਨੂੰ ਡਰਨ ਦੀ ਲੋੜ ਨਹੀਂ। ਵਿਸ਼ਵ ਸਿਹਤ ਸੰਗਠਨ ਨੇ ਸਪਸ਼ੱਟ ਕੀਤਾ ਹੈ ਕਿ ਤਾਜ਼ਾ ਅੰਕੜਿਆਂ ਅਤੇ ਵਿਸ਼ਲੇਸ਼ਣਾਂ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਰਿਪੋਰਟ ਪਾਜ਼ੇਟਿਵ ਆਉਣਾ ਸੁਭਾਵਿਕ ਹੈ।ਠੀਕ ਹੋਣ ਦੇ ਬਾਅਦ ਮਰੀਜ਼ ਦੇ ਫੇਫੜਿਆਂ ਤੋਂ ਮ੍ਰਿਤਕ ਸੈੱਲ ਬਾਹਰ ਆ ਸਕਦੇ ਹਨ।ਇਹਨਾਂ ਮ੍ਰਿਤਕ ਸੈੱਲਾਂ ਦੇ ਆਧਾਰ 'ਤੇ ਰਿਪੋਰਟ ਪਾਜ਼ੇਟਿਵ ਆ ਸਕਦੀ ਹੈ ਪਰ ਇਹ ਮਰੀਜ਼ਾਂ ਦਾ ਰਿਕਵਰੀ ਫੇਜ਼ ਹੈ ਜਿਸ ਵਿਚ ਮਨੁੱਖ ਦਾ ਸਰੀਰ ਖੁਦ ਹੀ ਉਸ ਦੀ ਸਫਾਈ ਕਰਦਾ ਹੈ।
ਮਹਾਮਾਰੀ ਦੇ ਦੂਜੇ ਫੇਜ਼ ਦੀ ਗੱਲ ਗਲਤ
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਸਾਰੇ ਦੇਸ਼ਾਂ ਵਿਚ ਕਾਫੀ ਵੱਡੀ ਗਿਣਤੀ ਵਿਚ ਮਰੀਜ਼ਾਂ ਦੀ ਰਿਪੋਰਟ ਠੀਕ ਹੋਣ ਦੇ ਬਾਅਦ ਦੁਬਾਰਾਪਾਜ਼ੇਟਿਵ ਆਈ ਹੈ। ਇਹ ਖਾਸ ਚਿੰਤਾ ਦੀ ਗੱਲ ਨਹੀਂ ਹੈ। ਇਹ ਕੋਰੋਨਾ ਦਾ ਦੂਜਾ ਫੇਜ਼ ਨਹੀਂ ਹੈ। ਅਪ੍ਰੈਲ ਵਿਚ ਸਭ ਤੋਂ ਪਹਿਲਾਂ ਦੱਖਣੀ ਕੋਰੀਆ ਨੇ ਆਪਣੇ ਇੱਥੇ ਦੇ 100 ਮਰੀਜ਼ਾਂ ਦੀ ਰਿਪੋਰਟ ਦਿੱਤੀ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਠੀਕ ਹੋਣ ਦੇ ਬਾਅਦ ਉਹ ਦੁਬਾਰਾ ਪਾਜ਼ੇਟਿਵ ਨਿਕਲੇ ਹਨ। ਇਸ ਦੇ ਬਾਅਦ ਹੋਰ ਦੇਸ਼ਾਂ ਵਿਚ ਵੀ ਅਜਿਹੀਆਂ ਗੱਲਾਂ ਸਾਹਮਣੇ ਆਈਆਂ। ਪਰ ਹੁਣ ਸਪਸ਼ੱਟ ਹੈ ਕਿ ਇਸ ਨਾਲ ਜਜ਼ਿਆਦਾ ਖਤਰਾ ਨਹੀਂ।
ਪੜ੍ਹੋ ਇਹ ਅਹਿਮ ਖਬਰ- ਹਾਂਗਕਾਂਗ 'ਚ 3 ਦਵਾਈਆਂ ਦੇ ਮਿਸ਼ਰਣ ਨਾਲ ਜਲਦੀ ਠੀਕ ਹੋਏ ਕੋਰੋਨਾ ਮਰੀਜ਼
ਵਿਸ਼ਵ ਸਿਹਤ ਸੰਗਠਨ ਮਹਾਮਾਰੀ ਵਿਗਿਆਨੀ ਮਾਰੀਆ ਵਾਨ ਕੇਹੋਵ ਨੇ ਕਿਹਾ ਕਿ ਠੀਕ ਹੋਣ ਦੇ ਬਾਅਦ ਕੋਰੋਨਾ ਮਰੀਜ਼ਾਂ ਦੇ ਫੇਫੜੇ ਖੁਦ ਨੂੰ ਰਿਕਵਰ ਕਰਦੇ ਹਨ। ਅਜਿਹੇ ਵਿਚ ਉੱਥੇ ਮੌਜੂਦ ਡੈੱਡ ਸੈਲਜ਼ ਬਾਹਰ ਵੱਲ ਆਉਣ ਲੱਗਦੇ ਹਨ। ਅਸਲ ਵਿਚ ਇਹ ਫੇਫੜੇ ਦੇ ਹੀ ਸਮਰੱਥ ਅੰਸ਼ ਹੁੰਦੇ ਹਨ ਜੋ ਨੱਕ ਜਾਂ ਮੂੰਹ ਦੇ ਰਸਤੇ ਬਾਹਰ ਨਿਕਲਦੇ ਹਨ। ਇਹ ਡੈੱਡ ਸੈੱਲਜ਼ ਛੂਤ ਦੇ ਵਾਇਰਸ ਹਨ ਇਹ ਕਹਿਣਾ ਬਿਲਕੁੱਲ ਗਲਤ ਹੈ। ਨਾ ਹੀ ਇਹ ਇਨਫੈਕਸ਼ਨ ਦਾ ਰੀ-ਐਕਟੀਵੇਸ਼ਨ ਹੈ। ਅਸਲ ਵਿਚ ਇਹ ਸਥਿਤੀ ਤਾਂ ਇਲਾਜ ਪ੍ਰਕਿਰਿਆ ਦਾ ਇਕ ਹਿੱਸਾ ਹੈ ਜਿਸ ਵਿਚ ਸਰੀਰ ਖੁਦ ਨੂੰ ਰਿਕਵਰ ਕਰਦਾ ਹੈ।