WHO ਨੇ ਦੱਸਿਆ ''ਕੋਰੋਨਾ'' ''ਤੇ ਬਿਨਾਂ ਵੈਕਸੀਨ ਕਿਵੇਂ ਪਾਇਆ ਜਾ ਸਕਦੈ ਕਾਬੂ
Wednesday, Sep 02, 2020 - 09:49 AM (IST)
ਰੋਮ/ਜਿਨੇਵਾ : ਵਿਸ਼ਵ ਸਿਹਤ ਸੰਗਠਨ (WHO) ਦਾ ਕਹਿਣਾ ਹੈ ਕਿ ਯੂਰਪ ਅਤੇ ਦੁਨੀਆ ਦੇ ਹੋਰ ਦੇਸ਼ ਬਿਨਾਂ ਵੈਕਸੀਨ ਦੇ ਵੀ ਕੋਵਿਡ-19 'ਤੇ ਕਾਬੂ ਪਾ ਸਕਦੇ ਹਨ ਪਰ ਉਨ੍ਹਾਂ ਨੂੰ ਸਥਾਨਕ ਪੱਧਰ 'ਤੇ ਤਾਲਾਬੰਦੀ ਲਗਾਉਣੀ ਹੋਵੇਗੀ। WHO ਦੇ ਯੂਰਪ ਦੇ ਨਿਰਦੇਸ਼ਕ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇੱਥੇ ਰਾਸ਼ਟਰੀ ਪੱਧਰ 'ਤੇ ਤਾਲਾਬੰਦੀ ਸਫ਼ਲ ਰਹੀ ਹੈ ਪਰ ਜਿੱਥੇ ਇਨਫੈਕਸ਼ਨ ਫੈਲਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੈ, ਉੱਥੇ ਇਸ ਦੀ ਕਾਫ਼ੀ ਜ਼ਰੂਰਤ ਹੈ। ਉੱਧਰ ਇਟਲੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਪੀੜਤ ਮਰੀਜ਼ ਨੂੰ ਵਾਇਰਸ ਤੋਂ ਉੱਭਰਣ ਵਿਚ ਘੱਟ ਤੋਂ ਘੱਟ 1 ਮਹੀਨਾ ਲੱਗਦਾ ਹੈ। ਇਟਲੀ ਦੇ ਮੋਡੇਨਾ ਐਂਡ ਰੇਜੀਓ ਏਮਿਲਿਆ ਯੂਨੀਵਰਸਿਟੀ ਦੇ ਡਾ. ਫਰਾਂਸਿਸਕੋ ਵੇਂਤੁਰੇਲੀ ਅਤੇ ਉਨ੍ਹਾਂ ਦੇ ਸਾਥੀਆਂ ਨੇ 1162 ਮਰੀਜ਼ਾਂ 'ਤੇ ਅਧਿਐਨ ਕੀਤਾ ਹੈ। ਇਸ ਵਿਚ ਕੋਰੋਨਾ ਮਰੀਜ਼ਾਂ ਦੀ ਦੂਜੀ ਵਾਰ ਟੈਸਟਿੰਗ 15 ਦਿਨ ਬਾਅਦ, ਤੀਜੀ ਵਾਰ 14 ਦਿਨ ਬਾਅਦ ਅਤੇ ਚੌਥੀ ਵਾਰ 9 ਦਿਨ ਬਾਅਦ ਕੀਤੀ ਗਈ। ਇਸ ਵਿਚ ਪਤਾ ਲੱਗਾ ਕਿ ਪਹਿਲਾਂ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ, ਉਹ ਫਿਰ ਤੋਂ ਪਾਜ਼ੇਟਿਵ ਪਾਏ ਗਏੇ। ਔਸਤਨ 5 ਲੋਕਾਂ ਦੀ ਨੈਗੇਟਿਵ ਟੈਸਟ ਵਿਚ ਇਕ ਦਾ ਰਿਜ਼ਲਟ ਗਲਤ ਸੀ। ਇਸ ਲਈ ਪਾਜ਼ੇਟਿਵ ਆਉਣ ਦੇ ਇਕ ਮਹੀਨੇ ਬਾਅਦ ਹੀ ਦੁਬਾਰ ਟੈਸਟ ਕਰਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ 'ਤੇ ਹਮਲੇ ਦੀ ਜਾਂਚ ਲਈ ਮੁੱਖ ਮੰਤਰੀ ਦੇ ਹੁਕਮਾਂ 'ਤੇ SIT ਦਾ ਗਠਨ
ਵਿਸ਼ਵ ਸਿਹਤ ਸੰਗਠਨ ਦੇ ਯੂਰਪ ਦੇ ਖੇਤਰੀ ਨਿਰਦੇਸ਼ਕ ਹੈਂਸ ਕਲੂਗ ਨੇ ਸਕਾਈ ਨਿਊਜ਼ ਨੂੰ ਦੱਸਿਆ ਹੈ, 'ਜਦੋਂ ਅਸੀਂ ਮਹਾਮਾਰੀ 'ਤੇ ਜਿੱਤ ਹਾਸਲ ਕਰਾਂਗੇ, ਜ਼ਰੂਰੀ ਨਹੀਂ ਕਿ ਉਹ ਵੈਕਸੀਨ ਨਾਲ ਸੰਭਵ ਹੋਵੇ। ਅਜਿਹਾ ਅਸੀਂ ਉਦੋਂ ਕਰ ਸਕਾਂਗੇ, ਜਦੋਂ ਅਸੀਂ ਮਹਾਮਾਰੀ ਨਾਲ ਰਹਿਣਾ ਸਿੱਖ ਲਵਾਂਗੇ ਅਤੇ ਅਜਿਹਾ ਅਸੀਂ ਉਦੋਂ ਹੀ ਕਰ ਸਕਦੇ ਹਾਂ।' ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਆਉਣ ਵਾਲੇ ਮਹੀਨਿਆਂ ਵਿਚ ਇਨਫੈਕਸ਼ਲ ਦੀ ਦੂਜੀ ਵੇਵ ਤੋਂ ਬਚਣ ਲਈ ਫਿਰ ਤੋਂ ਵੱਡੇ ਪੈਮਾਨੇ 'ਤੇ ਤਾਲਾਬੰਦੀ ਲਗਾਉਣੀ ਪੈ ਸਕਦੇ ਹੈ, ਤਾਂ ਉਨ੍ਹਾਂ ਕਿਹਾ, ਨਹੀਂ। ਮੈਨੂੰ ਉਮੀਦ ਹੈ ਕਿ ਇਸ ਦੀ ਜ਼ਰੂਰਤ ਨਹੀਂ ਪਵੇਗੀ ਪਰ ਸਥਾਨਕ ਪੱਧਰ 'ਤੇ ਲੱਗਣ ਵਾਲੀ ਤਾਲਾਬੰਦੀ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।