ਕੋਰੋਨਾ ਆਫ਼ਤ: ਵਿਸ਼ਵ ਭਰ 'ਚ 10 ਲੱਖ ਤੋਂ ਵੱਧ ਮੌਤਾਂ, ਜਾਣੋ ਅਮਰੀਕਾ-ਕੈਨੇਡਾ ਦਾ ਹਾਲ

09/29/2020 10:24:52 AM

ਟੋਰਾਂਟੋ- ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ ਵਿਸ਼ਵ ਭਰ ਵਿਚ 3,32,73,720 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਇਨ੍ਹਾਂ ਵਿਚੋਂ 10,00,555 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਕੋਰੋਨਾ ਦਾ ਸਭ ਤੋਂ ਵੱਧ ਸ਼ਿਕਾਰ ਅਮਰੀਕਾ ਹੋਇਆ ਹੈ। ਇੱਥੇ 2 ਲੱਖ ਤੋਂ ਵੱਧ ਭਾਵ 2,05,031 ਲੋਕ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ। ਇੱਥੇ 71 ਲੱਖ ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ। ਹਰ ਰੋਜ਼ ਕਈ ਲੋਕਾਂ ਦੀ ਜਾਨ ਜਾ ਰਹੀ ਹੈ ਤੇ ਇੰਨੀਆਂ ਲਾਸ਼ਾਂ ਦੇਖ ਡਾਕਟਰਾਂ ਦੀ ਵੀ ਰੂਹ ਕੰਬ ਗਈ ਹੈ। ਫਰੰਟ ਲਾਈਨ ਡਾਕਟਰਾਂ ਤੇ ਕਾਮਿਆਂ ਦੀ ਹਾਲਤ ਬਾਰੇ ਸੋਚ ਕੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ 'ਤੇ ਕੀ ਬੀਤਦੀ ਹੋਵੇਗੀ ਜਦ ਉਹ ਹਰ ਰੋਜ਼ ਸੈਂਕੜੇ ਲੋਕਾਂ ਨੂੰ ਤੜਫਦੇ ਤੇ ਮੌਤ ਨਾਲ ਲੜਦੇ ਦੇਖਦੇ ਹਨ।

ਸਿਰਫ ਨਿਊਯਾਰਕ ਵਿਚ ਹੀ 33,140 ਲੋਕਾਂ ਦੀ ਜਾਨ ਗਈ ਹੈ। ਨਿਊਜਰਸੀ ਵਿਚ 16,107, ਕੈਲੀਫੋਰਨੀਆ ਵਿਚ 15 ਹਜ਼ਾਰ, ਟੈਕਸਾਸ ਵਿਚ 15,773  ਅਤੇ ਫਲੋਰੀਡਾ ਵਿਚ 14 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਕੈਨੇਡਾ ਦੇ ਕੁਝ ਸੂਬਿਆਂ ਵਿਚ ਕੋਰੋਨਾ ਦਾ ਦੂਜਾ ਦੌਰ ਸ਼ੁਰੂ ਹੋ ਗਿਆ ਹੈ ਤੇ ਇੱਥੇ ਵੱਡੀ ਗਿਣਤੀ ਵਿਚ ਲੋਕ ਇਕ ਵਾਰ ਫਿਰ ਕੋਰੋਨਾ ਦੀ ਲਪੇਟ ਵਿਚ ਆ ਰਹੇ ਹਨ।  ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ 1739 ਨਵੇਂ ਮਾਮਲੇ ਆਉਣ ਨਾਲ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 1,55,301 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 9,728 ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਇੱਥੇ 1,32,607 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। 

ਇੱਥੇ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਕਿਊਬਿਕ ਤੇ ਓਂਟਾਰੀਓ ਵਿਚ ਦਰਜ ਹੋਏ ਹਨ। ਕਿਊਬਿਕ ਵਿਚ 72,651 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ ਤੇ ਹੁਣ ਤੱਕ 5,826 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ, ਓਂਟਾਰੀਓ ਵਿਚ 50,531 ਲੋਕ ਕੋਰੋਨਾ ਦੇ ਸ਼ਿਕਾਰ ਬਣੇ ਤੇ 2,840 ਲੋਕਾਂ ਨੇ ਇਸ ਕਾਰਨ ਜਾਨ ਗੁਆਈ। ਇਸ ਦੇ ਇਲਾਵਾ ਬ੍ਰਿਟਿਸ਼ ਕੋਲੰਬੀਆ ਵਿਚ 8,908 ਅਤੇ ਅਲਬਰਟਾ ਵਿਚ 17,749 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ। ਬਾਕੀ ਸੂਬਿਆਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਘੱਟ ਹੈ। 


Lalita Mam

Content Editor

Related News