ਜਲਵਾਯੂ ਪਰਿਵਰਤਨ ਦੀ ਚੁਣੌਤੀ ਨਾਲ ਨਜਿੱਠਣ ''ਚ ਪਿਛੜ ਰਿਹੈ ਵਿਸ਼ਵ

01/24/2019 4:47:35 PM

ਦਾਵੋਸ (ਏ.ਐਫ.ਪੀ.)- ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟਾਰੇਸ ਨੇ ਵੀਰਵਾਰ ਨੂੰ ਸਾਵਧਾਨ ਕੀਤਾ ਕਿ ਜਲਵਾਯੂ ਪਰਿਵਰਤਨ ਦੀ ਚੁਣੌਤੀ ਨਾਲ ਨਜਿੱਠਣ ਵਿਚ ਵਿਸ਼ਵ ਹੁਣ ਪਿੱਛੜਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੱਦਾ ਦਿੱਤਾ ਕਿ ਸਰਕਾਰਾਂ ਨੂੰ ਪੈਰਿਸ ਸਮਝੌਤੇ ਤੋਂ ਅੱਗੇ ਵੱਧ ਕੇ ਸਾਹਸੀ ਵਚਨਬੱਧਤਾਵਾਂ 'ਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਦਾਵੋਸ ਵਿਚ ਵਿਸ਼ਵ ਆਰਥਿਕ ਮੰਚ ਤੋਂ ਬਾਅਦ ਕਿਹਾ ਕਿ ਜਲਵਾਯੂ ਪਰਿਵਰਤਨ ਸਾਡੇ ਸਮੇਂ ਦਾ ਮਹੱਤਵਪੂਰਨ ਮੁੱਦਾ ਹੈ ਪਰ ਅਸੀਂ ਇਸ ਚੁਣੌਤੀ ਨਾਲ ਨਜਿੱਠਣ ਵਿਚ ਪਿਛੜ ਰਹੇ ਹਾਂ।

ਗੁਟਾਰੇਸ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਵੱਖ-ਵੱਖ ਦੇਸ਼ ਸੰਕਲਪ ਲੱਭ ਸਕਣਗੇ ਪਰ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਾਨੂੰ ਰਾਜਨੀਤਕ ਇੱਛਾ ਸ਼ਕਤੀ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹੀਆਂ ਸਰਕਾਰਾਂ ਦੀ ਲੋੜ ਹੈ, ਜੋ ਇਹ ਸਮਝ ਸਕਣ ਕਿ ਜਲਵਾਯੂ ਪਰਿਵਰਤਨ ਸਾਡੇ ਸਮੇਂ ਦੀ ਸਭ ਤੋਂ ਮਹੱਤਵਪੂਰਨ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਪੈਰਿਸ ਵਿਚ ਜਤਾਈਆਂ ਗਈਆਂ ਵਚਨਬੱਧਤਾਵਾਂ ਪਹਿਲਾਂ ਹੀ ਭਰਪੂਰ ਨਹੀਂ ਹਨ। ਉਨ੍ਹਾਂ ਨੇ ਦਾਵੋਸ ਤੋਂ ਫੇਸਬੁੱਕ ਲਾਈਵ ਪ੍ਰਸਾਰਣ ਵਿਚ ਕਿਹਾ ਕਿ ਪੈਰਿਸ ਵਿਚ ਅਸੀਂ ਜਿਸ ਗੱਲ 'ਤੇ ਸਹਿਮਤ ਹੋਏ ਹਾਂ, ਜੇਕਰ ਉਸ ਨੂੰ ਪੂਰਾ ਕਰ ਲਿਆ ਜਾਵੇ ਤਾਂ ਤਾਪਮਾਨ ਵਿਚ ਤਿੰਨ ਡਿਗਰੀ ਸੈਲਸੀਅਸ ਤੋਂ ਵੀ ਜ਼ਿਆਦਾ ਦਾ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹੇ ਦੇਸ਼ਾਂ ਦੀ ਲੋੜ ਹੈ, ਜੋ ਮਜ਼ਬੂਤ ਵਚਨਬੱਧਤਾਵਾਂ ਕਰ ਸਕਣ। ਉਨ੍ਹਾਂ ਨੇ ਗਰੀਬ ਦੇਸ਼ਾਂ ਨੂੰ ਆਰਥਿਕ ਮਦਦ ਦੇਣ 'ਤੇ ਵੀ ਜ਼ੋਰ ਦਿੱਤਾ।


Sunny Mehra

Content Editor

Related News