ਉੱਚੀ ਆਵਾਜ਼ ’ਚ ਕੁਰਾਨ ਨਹੀਂ ਪੜ੍ਹ ਸਕਣਗੀਆਂ ਔਰਤਾਂ, ਮਸਜਿਦ ’ਚ ਜਾਣ ’ਤੇ ਵੀ ਲੱਗੀ ਰੋਕ
Thursday, Oct 31, 2024 - 04:50 AM (IST)
 
            
            ਇਲਾਮਾਬਾਦ (ਭਾਸ਼ਾ) - ਅਫਗਾਨਿਸਤਾਨ ਦੇ ਇਕ ਮੰਤਰੀ ਨੇ ਕਿਹਾ ਕਿ ਅਫਗਾਨੀ ਔਰਤਾਂ ਨੂੰ ਹੋਰ ਔਰਤਾਂ ਦੇ ਸਾਹਮਣੇ ਉੱਚੀ ਆਵਾਜ਼ ’ਚ ਨਮਾਜ਼ ਅਦਾ ਕਰਨ ਜਾਂ ਕੁਰਾਨ ਪੜ੍ਹਨ ਤੋਂ ਮਨ੍ਹਾ ਕੀਤਾ ਗਿਆ ਹੈ। ਨੈਤਿਕਤਾ ਕਾਨੂੰਨਾਂ ਤਹਿਤ ਔਰਤਾਂ ’ਤੇ ਲਗਾਈ ਗਈ ਇਹ ਨਵੀਂ ਰੋਕਥਾਮ ਹੈ।
ਇਨ੍ਹਾਂ ਕਾਨੂੰਨਾਂ ਤਹਿਤ ਔਰਤਾਂ ਨੂੰ ਘਰ ਤੋਂ ਬਾਹਰ ਉੱਚੀ ਆਵਾਜ਼ ’ਚ ਗੱਲ ਕਰਨ ਤੇ ਆਪਣਾ ਚਿਹਰਾ ਦਿਖਾਉਣ ’ਤੇ ਰੋਕ ਹੈ। ਇਸ ਤੋਂ ਇਲਾਵਾ ਲੜਕੀਆਂ ਛੇਵੀਂ ਜਮਾਤ ਤੋਂ ਬਾਅਦ ਸਿੱਖਿਆ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ ਤੇ ਔਰਤਾਂ ਨੂੰ ਪਹਿਲਾਂ ਹੀ ਕਈ ਜਨਤਕ ਥਾਵਾਂ ਤੇ ਜ਼ਿਆਦਾਤਰ ਨੌਕਰੀਆਂ ਤੋਂ ਵਾਂਝਾ ਰੱਖਿਆ ਜਾਂਦਾ ਹੈ।
ਦੇਸ਼ ਦੇ ਧਾਰਮਿਕ ਮੰਤਰਾਲੇ ਦੇ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ ਕਿ ਕੀ ਇਹ ਪਾਬੰਦੀਆਂ ਨੈਤਿਕਤਾ ਕਾਨੂੰਨਾਂ ਦਾ ਹਿੱਸਾ ਬਣ ਜਾਣਗੀਆਂ ਜਾਂ ਨਹੀਂ।
ਪੂਰਬੀ ਲੋਗਰ ਸੂਬੇ ’ਚ ਇਕ ਸਮਾਗਮ ਦੌਰਾਨ ਧਰਮ ਮੰਤਰੀ ਖਾਲਿਦ ਹਨਫੀ ਨੇ ਕਿਹਾ ਕਿ ਇਕ ਔਰਤ ਲਈ ਦੂਜੀ ਬਾਲਗ ਔਰਤ ਦੇ ਸਾਹਮਣੇ ਕੁਰਾਨ ਦੀਆਂ ਆਇਤਾਂ ਪੜ੍ਹਨ ਦੀ ਮਨਾਹੀ ਹੈ। ਇਥੋਂ ਤੱਕ ਕੇ ਤਕਬੀਰ (ਅੱਲ੍ਹਾਹੂ ਅਕਬਰ) ਦੇ ਨਾਅਰੇ ਲਾਉਣ ਦੀ ਵੀ ਇਜਾਜ਼ਤ ਨਹੀਂ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            