ਆਮ ਗਰਭ ਰੋਕੂ ਦਵਾਈਆਂ ਨਾਲ ਔਰਤਾਂ ''ਚ ਵਧ ਸਕਦੈ ਇਸ ਇਨਫੈਕਸ਼ਨ ਦਾ ਖਤਰਾ
Sunday, Jan 07, 2018 - 05:02 AM (IST)

ਵਾਸ਼ਿੰਗਟਨ — ਔਰਤਾਂ ਲਈ ਇਕ ਚਿਤਾਵਨੀ! ਇਕ ਸੱਜਰੇ ਅਧਿਐਨ ਵਿਚ ਔਰਤਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੋ ਆਮ ਗਰਭ ਰੋਕੂ ਦਵਾਈਆਂ ਟੀਕਿਆਂ ਰਾਹੀਂ ਇਸਤੇਮਾਲ ਕਰਦੀਆਂ ਹਨ, ਉਨ੍ਹਾਂ ਵਿਚ 40 ਫੀਸਦੀ ਤਕ ਐੱਚ. ਆਈ. ਵੀ. ਇਨਫੈਕਸ਼ਨ ਵਧਣ ਦਾ ਖਤਰਾ ਹੁੰਦਾ ਹੈ। ਡਿਪੋਟ- ਮੈਡਰੋਕਸੀ ਪ੍ਰੋਜੈਸਟਰੋਨ ਅਸੈਟੇਟ (ਡੀ. ਐੱਮ. ਪੀ. ਏ.) ਇਕ ਐਸੀ ਦਵਾਈ ਹੈ ਜੋ ਬਰਥ ਕੰਟਰੋਲ ਹਿੱਤ ਹਰ ਤਿੰਨ ਮਹੀਨਿਆਂ ਬਾਅਦ ਟੀਕੇ ਦੁਆਰਾ ਔਰਤਾਂ ਨੂੰ ਦਿੱਤੀ ਜਾਂਦੀ ਹੈ, ਜੋ ਬੱਚੇਦਾਨੀ ਵੱਲੋਂ ਅੰਡਾ ਜਾਰੀ ਕਰਨ ਦੇ ਕਾਰਜ ਵਿਚ ਰੁਕਾਵਟ ਪਾਉਂਦੀ ਹੈ ਅਤੇ ਬੱਚੇਦਾਨੀ ਦੇ ਮੂੰਹ ਕੋਲ ਗਹਿਰੇ ਰੇਸ਼ੇ ਦੀ ਤਹਿ ਪੈਦਾ ਕਰਦੀ ਹੈ ਜੋ ਸ਼ੁਕਰਾਣੂਆਂ ਨੂੰ ਅੱਗੇ ਜਾਣ ਤੋਂ ਰੋਕ ਦਿੰਦੀ ਹੈ। ਮਾਹਰ ਖੋਜੀਆਂ ਅਨੁਸਾਰ ਡੀ. ਐੱਮ. ਪੀ. ਏ. ਦਵਾਈ ਤੋਂ ਦੂਰੀ ਬਣਾਈ ਰੱਖਣ ਨਾਲ ਔਰਤਾਂ ਦਾ ਐੱਚ. ਆਈ. ਵੀ. ਇਨਫੈਕਸ਼ਨ ਦਾ ਖਤਰਾ ਟਲ ਸਕਦਾ ਹੈ। ਖੋਜੀਆਂ ਦੇ ਅਧਿਐਨ ਮੁਤਾਬਿਕ ਡੀ. ਐੱਮ. ਪੀ. ਏ. ਦੀ ਥਾਂ 'ਤੇ ਹੋਰ ਸੁਰੱਖਿਅਤ ਗਰਭ ਰੋਕੂ ਦਵਾਈਆਂ ਠੀਕ ਹਨ।