ਅਫਗਾਨਿਸਤਾਨ ਵਿਚ ਲੜਕੀ ਨੇ ਸ਼ੁਰੂ ਕੀਤਾ ਪਹਿਲਾ ਜਨਾਨਾ ਜਿਮ, ਕੁੜੀਆਂ ਸਣੇ ਬੀਬੀਆਂ ਲੈ ਰਹੀਆਂ ਨੇ ਟ੍ਰੇਨਿੰਗ

11/20/2017 5:45:42 PM

ਕਾਬੁਲ (ਏਜੰਸੀ)- ਅਫਗਾਨਿਸਤਾਨ ਨੂੰ ਸੱਤਾਧਾਰੀ ਦੇਸ਼ ਮੰਨਿਆ ਜਾਂਦਾ ਹੈ ਪਰ ਹੁਣ ਉਥੇ ਵੱਡੇ ਸਮਾਜਿਕ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਖਾਸ ਕਰਕੇ ਉਨ੍ਹਾਂ ਖੇਤਰਾਂ ਵਿਚ ਜਿੱਥੇ ਔਰਤਾਂ ਦੇ ਪ੍ਰਵੇਸ਼ ਉੱਤੇ ਪਾਬੰਦੀ ਰਹੀ ਹੈ। ਅਜਿਹੇ ਹੀ ਬਦਲਾਅ ਦੀ ਕੜੀ ਬਣੀ ਹੋਈ ਹੈ ਕਾਬੁਲ ਦੀ ਤਹਮੀਨਾ ਮਾਹਿਦ ਨੂਰਿਸਤਾਨੀ। ਉਨ੍ਹਾਂ ਨੇ ਕਾਬੁਲ ਵਿਚ ਦੇਸ਼ ਦਾ ਪਹਿਲਾ ਜਨਾਨਾ ਜਿਮ ਸ਼ੁਰੂ ਕੀਤਾ ਹੈ। 13 ਲੱਖ ਰੁਪਏ ਨਾਲ ਬਣੇ ਜਿਮ ਨੂੰ ਉਨ੍ਹਾਂ ਨੇ ਬਲਿਊ ਮੂਨ ਫਿਟਨੈਸ ਕਲੱਬ ਨਾਂ ਦਿੱਤਾ ਹੈ। ਨੂਰਿਸਤਾਨੀ ਨੇ ਦੱਸਿਆ, ਮੈਂ ਔਰਤਾਂ ਨੂੰ ਤੰਦਰੁਸਤ, ਖੇਡ ਦੇ ਨਾਲ-ਨਾਲ ਖੁਦ ਦੀ ਰੱਖਿਆ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੀ ਹਾਂ। ਕਲੱਬ ਵਿਚ ਟ੍ਰੇਨਰ ਵੀ ਔਰਤਾਂ ਹੀ ਹਨ। ਨੂਰਿਸਤਾਨੀ ਨੇ ਦੱਸਿਆ, ਦੇਸ਼ ਵਿਚ ਲੜਕੀਆਂ ਨੂੰ ਲੋਕ ਸਕੂਲ ਜਾਂ ਘਰ ਦੇ ਬਾਹਰ ਕੰਮ ਕਰਨ ਤੋਂ ਰੋਕਦੇ ਹਨ। ਇਹ ਕਲੱਬ ਉਨ੍ਹਾਂ ਕੁੜੀਆਂ ਜਾਂ ਔਰਤਾਂ ਨੂੰ ਸਮਰਪਿਤ ਹੈ, ਜੋ ਸਮਾਜ ਦੀਆਂ ਇਨ੍ਹਾਂ ਬੰਦਿਸ਼ਾਂ ਨੂੰ ਤੋੜ ਕੇ ਸਿਹਤ ਸਮਾਜ ਲਈ ਅੱਗੇ ਆਉਣਾ ਚਾਹੁੰਦੀਆਂ ਹਨ। ਕਲੱਬ ਵਿਚ 50 ਮੈਂਬਰ ਹਨ, ਜਿਸ ਵਿਚ 17 ਸਾਲ ਦੀਆਂ ਕੁੜੀਆਂ ਨੂੰ ਲੈ ਕੇ 70 ਸਾਲ ਦੀ ਬਜ਼ੁਰਗ ਸ਼ਾਮਲ ਹੈ।
ਟੀ.ਵੀ. ਚੈਨਲ ਵੀ ਚਲਾ ਰਹੀਆਂ ਹਨ ਔਰਤਾਂ
ਅਫਗਾਨਿਸਤਾਨ ਵਿਚ ਪਹਿਲਾ ਅਜਿਹਾ ਟੀ.ਵੀ. ਚੈਨਲ ਸ਼ੁਰੂ ਹੋਇਆ ਹੈ, ਜਿਸ ਨੂੰ ਔਰਤਾਂ ਵਲੋਂ ਚਲਾਇਆ ਜਾ ਰਿਹਾ ਹੈ। ਇਸ ਟੀ.ਵੀ. ਚੈਨਲ ਉੱਤੇ ਔਰਤਾਂ ਨਾਲ ਜੁੜੇ ਪ੍ਰੋਗਰਾਮ ਹੀ ਪ੍ਰਸਾਰਿਤ ਹੁੰਦੇ ਹਨ। ਸਿਰਫ ਪੰਜ ਮਹੀਨੇ ਪਹਿਲਾਂ ਸ਼ੁਰੂ ਹੋਇਆ ਇਹ ਚੈਨਲ ਦੇਸ਼ ਦੀ ਟੀ.ਵੀ. ਰੇਟਿੰਗ ਵਿਚ ਲਗਾਤਾਰ ਆਪਣੀ ਥਾਂ ਬਣਾ ਰਿਹਾ ਹੈ।
ਬਾਗਲਾਨ ਵਿਚ ਅਜਿਹਾ ਰੈਸਟੋਰੈਂਟ, ਜਿਥੇ ਮੈਨੇਜਰ ਤੋਂ ਵੇਟਰ ਤੱਕ ਦੀ ਸਰਵਿਸ ਦੇ ਰਹੀਆਂ ਹਨ ਔਰਤਾਂ
ਅਫਗਾਨਿਸਤਾਨ ਦੇ ਬਾਗਲਾਨ ਸੂਬੇ ਵਿਚ 20 ਔਰਤਾਂ ਦੇ ਇਕ ਸਮੂਹ ਨੇ ਦੇਸ਼ ਦਾ ਅਜਿਹਾ ਪਹਿਲਾ ਰੈਸਟੋਰੈਂਟ ਸ਼ੁਰੂ ਕੀਤਾ ਹੈ, ਜਿਥੇ ਔਰਤਾਂ ਹੀ ਸੰਚਾਲਕ ਹਨ। ਉਸ ਵਿਚ ਮੁਲਾਜ਼ਮਾਂ ਵੀ ਔਰਤਾਂ ਹਨ। ਇਸ ਰੈਸਟੋਰੈਂਟ ਵਿਚ ਜਿਮ ਦੀ ਸਹੂਲਤ ਵੀ ਮਿਲ ਰਹੀ ਹੈ। ਇਸ ਸਮੂਹ ਦੀ ਮੁਖੀ ਅਤੇ ਰੈਸਟੋਰੈਂਟ ਮਾਲਕ ਗੀਤੀ ਨੇ ਦੱਸਿਆ ਕਿ ਅਸੀਂ ਇਹ ਰੈਸਟੋਰੈਂਟ ਆਪਣੀ ਪੂੰਜੀ ਨਾਲ ਸਥਾਪਿਤ ਕੀਤਾ ਹੈ। ਸਾਨੂੰ ਉਮੀਦ ਹੈ ਕਿ ਸਰਕਾਰ ਸਾਡੇ ਕਾਰੋਬਾਰ ਨੂੰ ਅੱਗੇ ਵਧਾਉਣ ਵਿਚ ਮਦਦ ਕਰੇਗੀ। ਇਸ ਨਾਲ ਔਰਤਾਂ ਆਰਥਿਕ ਤੌਰ ਉੱਤੇ ਸਮਰੱਥ ਬਣ ਸਕਣਗੀਆਂ।


Related News