ਜਿਮ ''ਚ ਹੋਈ ਲੜਾਈ ਨੇ ਧਾਰਿਆ ਖੂਨੀ ਰੂਪ, ਜਮ ਕੇ ਹੋਇਆ ਕਲੇਸ਼
Monday, May 27, 2024 - 12:37 PM (IST)

ਮੋਗਾ (ਆਜ਼ਾਦ) : ਕੈਂਪ ਭੀਮ ਨਗਰ ਮੋਗਾ ਵਿਚ ਸਥਿਤ ਇਕ ਜਿਮ ਵਿਚ ਮਾਮੂਲੀ ਵਿਵਾਦ ਨੂੰ ਲੈ ਕੇ ਹੋਏ ਲੜਾਈ ਝਗੜੇ ਨੂੰ ਲੈ ਕੇ ਥਾਣਾ ਸਿਟੀ ਮੋਗਾ ਵਿਚ ਅਮਿਤ ਕਾਲੜਾ ਨਿਵਾਸੀ ਕੈਂਪ ਭੀਮ ਨਗਰ ਦੀ ਸ਼ਿਕਾਇਤ ’ਤੇ ਦਮਨ, ਵਿੱਕੀ ਅਤੇ 10-12 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਫੋਕਲ ਪੁਆਇੰਟ ਪੁਲਸ ਚੌਕੀ ਦੇ ਸਹਾਇਕ ਥਾਣੇਦਾਰ ਸਰਤਾਜ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਕੈਂਪ ਭੀਮ ਨਗਰ ਮੋਗਾ ਵਿਚ ਜਿਮ ਹੈ, ਉਥੇ ਦਮਨ ਅਤੇ ਵਿੱਕੀ ਜਿਮ ਲਾਉਣ ਲਈ ਆਉਂਦੇ ਹਨ। ਮਾਮੂਲੀ ਵਿਵਾਦ ਨੂੰ ਲੈ ਕੇ ਜਿਮ ਟ੍ਰੇਨਰ ਗੁਰਵਿੰਦਰ ਗੁਰੀ ਦੇ ਨਾਲ ਉਨ੍ਹਾਂ ਦੀ ਤਕਰਾਰ ਹੋ ਗਈ, ਜਿਸ ’ਤੇ ਉਥੋਂ ਚਲੇ ਗਏ ਅਤੇ ਆਪਣੇ ਸਾਥੀਆਂ ਨੂੰ ਲੈ ਕੇ ਜਿਮ ਵਿਚ ਵਾਪਸ ਆਏ ਅਤੇ ਝਗੜਾ ਕਰਨ ਲੱਗੇ ਅਤੇ ਭੰਨਤੋੜ ਕਰਨ ਦਾ ਵੀ ਦੋਸ਼ ਲਾਇਆ।
ਇਸ ਸਬੰਧ ਵਿਚ ਜਦ ਕਥਿਤ ਮੁਲਜ਼ਮ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਨਾਲ ਜਿਮ ਵਿਚ ਕੁੱਟ-ਮਾਰ ਕੀਤੀ ਗਈ ਅਤੇ ਜਿਮ ਦਾ ਦਰਵਾਜ਼ਾ ਬੰਦ ਕਰਕੇ ਸਾਨੂੰ ਬੰਧਕ ਬਣਾ ਲਿਆ, ਜਿਸ ’ਤੇ ਅਸੀਂ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ, ਜਿਸ ’ਤੇ ਸਤਬੀਰ ਸਿੰਘ ਆਦਿ ਸਾਨੂੰ ਛੁਡਾਉਣ ਅਤੇ ਜਿਮ ਸੰਚਾਲਕਾਂ ਨੂੰ ਸਮਝਾਉਣ ਲਈ ਉਥੇ ਪੁੱਜੇ ਤਾਂ ਉਨ੍ਹਾਂ ਸਤਵੀਰ ਸਿੰਘ ਨੂੰ ਵੀ ਕੁੱਟ-ਮਾਰ ਕੀਤੀ ਅਤੇ ਉਸ ਦੇ ਸਿਰ ’ਤੇ ਲੋਹੇ ਦੀ ਚੀਜ ਨਾਲ ਵਾਰ ਕੀਤਾ, ਜਿਸ ’ਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਕੇ ਡਿੱਗ ਗਿਆ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ।
ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗਣ ਕਾਰਣ ਕਈ ਟਾਂਕੇ ਉਸਦੇ ਸਿਰ ’ਤੇ ਲੱਗੇ। ਕਥਿਤ ਮੁਲਜ਼ਮਾਂ ਨੇ ਕਿਹਾ ਕਿ ਸਾਡੇ ਖਿਲਾਫ਼ ਜੋ ਮਾਮਲਾ ਦਰਜ ਹੋਇਆ ਹੈ, ਉਹ ਝੂਠਾ ਅਤੇ ਬੇਬੁਨਿਆਦ ਹੈ। ਸਾਨੂੰ ਕੁੱਟਮਾਰ ਕੀਤੀ ਗਈ ਅਤੇ ਸਾਡੇ ਖਿਲਾਫ਼ ਹੀ ਮਾਮਲਾ ਦਰਜ ਕਰਵਾ ਦਿੱਤਾ ਹੈ। ਉਨ੍ਹਾਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਤੋਂ ਗੁਹਾਰ ਲਾਈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ, ਜਿਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੈਜ ਨੂੰ ਖੰਗਾਲਿਆ ਜਾਵੇ, ਤਾਂਕਿ ਸੱਚਾਈ ਦਾ ਪਤਾ ਲੱਗ ਸਕੇ। ਇਸ ਸਬੰਧ ਵਿਚ ਜਦੋਂ ਫੋਕਲ ਪੁਆਇੰਟ ਪੁਲਸ ਦੇ ਇੰਚਾਰਜ ਮੋਹਕਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜ਼ਖਮੀ ਨੌਜਵਾਨ ਸਤਬੀਰ ਸਿੰਘ ਦੇ ਬਿਆਨ ਦਰਜ ਕਰਨ ਦੇ ਬਾਅਦ ਕਥਿਤ ਹਮਲਾਵਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਕੇ ਸੱਚਾਈ ਜਾਨਣ ਦਾ ਯਤਨ ਕਰ ਰਹੇ ਹਨ।