ਠੰਡ ਨਾਲ ਤਾਲਮੇਲ ਬਿਠਾਉਣ ਲਈ ਭਾਰਤੀ ਕ੍ਰਿਕਟਰਾਂ ਨੇ ਟ੍ਰੇਨਿੰਗ ਸ਼ੁਰੂ ਕੀਤੀ

05/30/2024 11:16:53 AM

ਨਿਊਯਾਰਕ (ਭਾਸ਼ਾ) - ਫਲੱਡ ਲਾਈਟਾਂ ਵਿਚ ਦੋ ਮਹੀਨਿਆਂ ਤਕ ਆਈ. ਪੀ. ਐੱਲ. ਵਿਚ ਮੁਕਾਬਲੇਬਾਜ਼ੀ ਕ੍ਰਿਕਟ ਖੇਡਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਨੇ ਵਿਰਾਟ ਕੋਹਲੀ ਦੇ ਬਿਨਾਂ ਟੀ-20 ਵਿਸ਼ਵ ਕੱਪ ਲਈ ਇੱਥੇ ਸਵੇਰੇ ਅਭਿਆਸ ਸ਼ੁਰੂ ਕੀਤਾ ਹੈ। ਟੀ-20 ਵਿਸ਼ਵ ਕੱਪ ਵਿਚ ਭਾਰਤ ਦੇ ਸਾਰੇ ਸ਼ੁਰੂਆਤੀ ਮੈਚ ਸਵੇਰੇ 10.30 ਵਜੇ ਸ਼ੁਰੂ ਹੋਣਗੇ, ਇਸ ਲਈ ਸਵੇਰ ਦੇ ਟ੍ਰੇਨਿੰਗ ਸੈਸ਼ਨ ਨੂੰ ਮਹੱਤਵ ਦਿੱਤਾ ਗਿਆ । ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚੋਂ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਬਾਹਰ ਹੋਣ ਤੋਂ ਬਾਅਦ ਨਿੱਜੀ ਬ੍ਰੇਕ ਲਈ ਹੈ ਅਤੇ ਉਸਦੇ ਸ਼ੁੱਕਰਵਾਰ ਨੂੰ ਟੀਮ ਨਾਲ ਜੁੜਨ ਦੀ ਸੰਭਾਵਨਾ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਲੰਬੇ ਸਫਰ ਤੋਂ ਬਾਅਦ ਸ਼ਨੀਵਾਰ ਨੂੰ ਬੰਗਲਾਦੇਸ਼ ਖਿਲਾਫ ਭਾਰਤ ਦੇ ਇਕਲੌਤੇ ਅਭਿਆਸ ਮੈਚ ’ਚ ਹਿੱਸਾ ਲਵੇਗਾ ਜਾਂ ਨਹੀਂ। ਭਾਰਤ ਵਿਚ ਤੇਜ਼ ਗਰਮੀ ਵਿਚ 90 ਫੀਸਦੀ ਮੈਚ ਖੇਡਣ ਤੋਂ ਬਾਅਦ ਖਿਡਾਰੀ ਇੱਥੇ ਸਵੇਰ ਦੇ ਸੁਹਾਵਣੇ ਮੌਸਮ ਦੇ ਅਨੁਸਾਰ ਢਲਣ ’ਤੇ ਧਿਅਾਨ ਲਗਾਉਣਗੇ ਕਿਉਂਿਕ ਇੱਥੇ ਤਾਪਮਾਨ 25 ਤੋਂ 27 ਡਿਗਰੀ ਸੈਲਸੀਅਸ ਰਹਿੰਦਾ ਹੈ। ਸਵੇਰੇ ਹਲਕੀ ਹਵਾ ਵਿਚ ਸਫੈਦ ਕੂਕਾਬੂਰਾ ਗੇਂਦ ਦਾ ਸਾਹਮਣਾ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ ਅਤੇ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਪਵੇਗਾ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਦੀ ਬਰਸੀ 'ਤੇ ਚਰਨਜੀਤ ਚੰਨੀ ਨੇ ਪਾਈ ਪੋਸਟ, ਕਿਹਾ ਪੰਜਾਬ ਦੇ ਹੀਰੇ ਪੁੱਤ ਲਈ ਜਾਰੀ ਰੱਖਾਂਗੇ ਸੰਘਰਸ਼

ਸਫਰ ਦੀ ਥਕਾਵਟ ਤੋਂ ਬਾਅਦ ਖਿਡਾਰੀਆਂ ਨੂੰ ਸਵੇਰੇ ਇਨ੍ਹਾਂ ਹਾਲਾਤ ਮੁਤਾਬਕ ਢਲਣਾ ਪਵੇਗਾ। ਇਸ ਲਈ ਸਹਿਯੋਗੀ ਸਟਾਫ ਨੇ ਨਸਾਓ ਕਾਊਂਟੀ ਦੇ ਮੈਦਾਨਾਂ ’ਤੇ ਅਭਿਆਸ ਪਿੱਚਾਂ ’ਤੇ ਨੈੱਟ ਸੈਸ਼ਨਾਂ ਵਿਚ ਟ੍ਰੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਖਿਡਾਰੀਆਂ ਨੂੰ ਸਥਿਤੀਆਂ ਦੇ ਅਨੁਕੂਲ ਹੋਣ ਵਿਚ ਮਦਦ ਕਰਨ ਦਾ ਫੈਸਲਾ ਕੀਤਾ। ਟੀਮ ਦੇ 14 ਖਿਡਾਰੀਆਂ ਨੇ ਹਲਕੀ ‘ਜੌਗਿੰਗ’ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ‘ਸ਼ਟਲ ਰਨ’ ਕੀਤੀ ਅਤੇ ਕੁਝ ‘ਫੁੱਟ ਵਾਲੀ’ ਵੀ ਕੀਤੀ। ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਸੋਹਮ ਦੇਸਾਈ ਨੇ ਦੱਸਿਆ, “ਉਹ ਢਾਈ ਮਹੀਨਿਆਂ ਤੋਂ ਸਾਡੇ ਨਾਲ ਨਹੀਂ ਸਨ, ਇਸ ਲਈ ਸਾਡਾ ਟੀਚਾ ਹੈ ਕਿ ਪਤਾ ਕੀਤਾ ਜਾਵੇ ਕਿ ਉਹ ਹੁਣ ਕਿਸ ਸਥਿਤੀ ਵਿਚ ਹਨ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਕੀ ਕਰਨ ਦੀ ਲੋੜ ਹੈ। ਪਹਿਲਾ ਟੀਚਾ ਧੁੱਪ ਵਿਚ 45 ਮਿੰਟ ਬਿਤਾਉਣਾ ਹੈ।’’ਉਸ ਨੇ ਕਿਹਾ,‘‘ਖਿਡਾਰੀ ‘ਟਾਈਮ ਜ਼ੋਨ’ ਦੇ ਅਨੁਕੂਲ ਹੋ ਰਹੇ ਹਨ। ਅੱਜ ਅਸੀਂ ਆਪਣਾ ਪਹਿਲਾ ਮੈਦਾਨੀ ਸੈਸ਼ਨ ਕਰ ਰਹੇ ਹਾਂ। ’’

ਨਿਊਯਾਰਕ ਵਿਚ ਕ੍ਰਿਕਟ ਖੇਡਣ ਲਈ ਖਿਡਾਰੀਆਂ ਵਿਚ ਉਤਸੁਕਤਾ ਹੈ। ਭਾਰਤੀ ਟੀਮ ਆਪਣੇ ਵੈਸਟਇੰਡੀਜ਼ ਦੌਰੇ ਦੌਰਾਨ ਫਲੋਰੀਡਾ ਦੇ ਫੋਰਟ ਲਾਡਰਹਿਲ ਮੈਦਾਨ ’ਤੇ ਖੇਡ ਚੁੱਕੀ ਹੈ। ਆਲਰਾਊਂਡਰ ਰਵਿੰਦਰ ਜਡੇਜਾ ਨੇ ਕਿਹਾ, ‘‘ਅਸੀਂ ਪਹਿਲੀ ਵਾਰ ਨਿਊਯਾਰਕ ’ਚ ਕ੍ਰਿਕਟ ਖੇਡਾਂਗੇ, ਇਹ ਮਜ਼ੇਦਾਰ ਹੋਵੇਗੀ।’’ ਉਸ ਨੇ ਕਿਹਾ, ‘‘ਅਸੀਂ ਅਜੇ ਕ੍ਰਿਕਟ ਨਹੀਂ ਖੇਡੀ ਹੈ, ਅਸੀਂ ਅੱਜ ਇੱਥੇ ਟੀਮ ਗਤੀਵਿਧੀਆਂ ਲਈ ਆਏ ਹਾਂ। ਉਮੀਦ ਹੈ ਕਿ ਇਹ ਚੰਗਾ ਹੋਵੇਗਾ। ਮੌਸਮ ਬਹੁਤ ਚੰਗਾ ਹੈ।’’ ਉਪ ਕਪਤਾਨ ਹਾਰਦਿਕ ਪੰਡਯਾ ਧੁੱਪ ਅਤੇ ਚੰਗੇ ਮੌਸਮ ਤੋਂ ਉਤਸ਼ਾਹਿਤ ਨਜ਼ਰ ਆਇਆ ਜਦਕਿ ਸੂਰਯਾਕੁਮਾਰ ਯਾਦਵ ਕ੍ਰਿਕਟ ਵਿਚ ਉੱਥੋਂ ਦੇ ਪ੍ਰਵਾਸੀਆਂ ਦੀ ਦਿਲਚਸਪੀ ਬਾਰੇ ਜਾਣਨਾ ਚਾਹੁੰਦਾ ਸੀ। ਸੂਰਯਾਕੁਮਾਰ ਨੇ ਕਿਹਾ, ‘‘ਮੈਂ ਸੁਣਿਆ ਹੈ ਕਿ ਅਮਰੀਕਾ ’ਚ ਕ੍ਰਿਕਟ ਪ੍ਰਸਿੱਧ ਹੋ ਰਹੀ ਹੈ। ਇਸ ਲਈ ਅਸੀਂ ਸੱਚਮੁੱਚ ਉਤਸ਼ਾਹਿਤ ਹਾਂ ਅਤੇ ਪਹਿਲਾ ਦਿਨ ਬਹੁਤ ਵਧੀਆ ਰਿਹਾ। ਇਸ ਲਈ ਅਸੀਂ ਆਉਣ ਵਾਲੇ ਦਿਨਾਂ ਲਈ ਬਹੁਤ ਉਤਸ਼ਾਹਿਤ ਹਾਂ।’’

ਇਹ ਖ਼ਬਰ ਵੀ ਪੜ੍ਹੋ - ਕੀ ਸਿੱਧੂ ਮੂਸੇਵਾਲਾ ਨੇ ਆਖਰੀ ਗੀਤ 'The Last Ride' ਤੇ ਗੀਤ '295' ਰਾਹੀਂ ਕੀਤੀ ਸੀ ਆਪਣੇ ਮੌਤ ਦੀ ਭੱਵਿਖਵਾਣੀ ?

 

2007 ਦੀ ਚੈਂਪੀਅਨ ਭਾਰਤੀ ਟੀਮ 5 ਜੂਨ ਨੂੰ ਇੱਥੇ ਆਇਰਲੈਂਡ ਵਿਰੁੱਧ ਟੀ-20 ਵਿਸ਼ਵ ਕੱਪ ’ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ, ਜਿਸ ਤੋਂ ਬਾਅਦ 9 ਜੂਨ ਨੂੰ ਕੱਟੜ ਵਿਰੋਧੀ ਪਾਕਿਸਤਾਨ ਵਿਰੁੱਧ ਵੱਡਾ ਮੈਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਭਾਰਤੀ ਟੀਮ 12 ਜੂਨ ਨੂੰ ਮੇਜ਼ਬਾਨ ਅਮਰੀਕਾ ਨਾਲ ਭਿੜੇਗੀ, ਜਿਸ ਤੋਂ ਬਾਅਦ 15 ਜੂਨ ਨੂੰ ਫਲੋਰੀਡਾ ਦੇ ਲਾਡਰਹਿਲ ’ਚ ਉਸ ਦਾ ਸਾਹਮਣਾ ਕੈਨੇਡਾ ਨਾਲ ਹੋਵੇਗਾ। ਭਾਰਤ ਗਰੁੱਪ ਵਿਚ ਭਾਵੇਂ ਕਿਸੇ ਵੀ ਸਥਾਨ ’ਤੇ ਰਹੇ, ਉਸ ਨੂੰ ਏ-1 ਵਿਚ ਰੱਖਿਆ ਜਾਵੇਗਾ। ਟੀਮ ਇਸ ਤੋਂ ਬਾਅਦ ਟੂਰਨਾਮੈਂਟ ਦੇ ਸੁਪਰ 8 ਲਈ ਕੈਰੇਬੀਆਈ ਧਰਤੀ ’ਤੇ ਰਵਾਨਾ ਹੋਵੇਗੀ ਜਿੱਥੇ ਉਸਦਾ ਸਾਹਮਣਾ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਸ੍ਰੀਲੰਕਾ ਨਾਲ ਹੋਵੇਗਾ। 26 ਮਈ ਨੂੰ ਚੇਨਈ ਵਿਚ ਹੋਏ ਆਈ.ਪੀ.ਐੱਲ. ਫਾਈਨਲ ਵਿਚ ਭਾਰਤੀ ਟੀਮ ਦਾ ਕੋਈ ਵੀ ਖਿਡਾਰੀ ਨਹੀਂ ਖੇਡਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਡਾ ਸਿੱਧੂ ਮੂਸੇ ਵਾਲਾ ਬਾਰੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News