ਨਹੀਂ ਮਿਲੀ ਬੀਫ ਪੈਟੀ ਤਾਂ ਮਹਿਲਾ ਨੇ ਭੰਨ੍ਹ ਦਿੱਤੇ ਰੈਸਤਰਾਂ ਦੇ ਸ਼ੀਸ਼ੇ
Monday, Feb 11, 2019 - 08:13 PM (IST)

ਨਿਊਯਾਰਕ— ਨਿਊਯਾਰਕ 'ਚ ਇਕ ਮਹਿਲਾ ਦਾ ਉਦੋਂ ਪਾਰਾ ਚੜ੍ਹ ਗਿਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਜਿਸ ਬੈਕ ਹੋਮ ਰੈਸਤਰਾਂ 'ਚ ਉਹ ਆਈ ਹੈ ਉਥੇ ਉਸ ਦੀ ਪਸੰਦੀਦਾ ਬੀਫ ਪੈਟੀ ਖਤਮ ਹੋ ਗਈ ਹੈ। ਮਹਿਲਾ ਨੂੰ ਇਸ ਤੋਂ ਬਾਅਦ ਇੰਨਾ ਗੁੱਸਾ ਆਇਆ ਕਿ ਉਸ ਨੇ ਇਕ ਬੇਸਬਾਲ ਬੈਟ ਨਾਲ ਰੈਸਤਰਾਂ ਦੀ ਖਿੜਕੀ ਭੰਨ੍ਹ ਦਿੱਤੀ।
ਪੁਲਸ ਮੁਤਾਬਕ ਔਰਤ ਜਦੋਂ ਰੈਸਤਰਾਂ ਪਹੁੰਚੀ ਤਾਂ ਉਸ ਨੇ ਬੀਫ ਪੈਟੀ ਮੰਗੀ। ਉਸ ਨੂੰ ਕਿਹਾ ਗਿਆ ਕਿ ਬੀਫ ਪੈਟੀ ਖਤਮ ਹੋ ਗਈ ਹੈ ਤਾਂ ਉਹ ਨਿਰਾਸ਼ ਹੋ ਗਈ। ਮਹਿਲਾ ਪਹਿਲਾਂ ਤਾਂ ਰੈਸਤਰਾਂ 'ਚੋਂ ਚਲੀ ਗਈ ਪਰ ਮੁੜ ਉਹ ਇਕ ਬੇਸਬਾਲ ਬੈਟ ਲੈ ਕੇ ਰੈਸਟਰਾਂ 'ਚ ਆ ਗਈ। ਇਸ ਤੋਂ ਬਾਅਦ ਉਸ ਨੇ ਬੇਸਬਾਲ ਬੈਟ ਨਾਲ ਖਿੜਕੀ ਦੇ ਸ਼ੀਸ਼ੇ ਨੂੰ ਭੰਨ੍ਹਣਾ ਸ਼ੁਰੂ ਕਰ ਦਿੱਤਾ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਔਰਤ ਨੂੰ ਅਜਿਹੀਆਂ ਹਰਕਤਾਂ ਕਰਦੇ ਦੇਖਿਆ ਗਿਆ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਔਰਤ ਉਥੋਂ ਭੱਜ ਗਈ ਤੇ ਪੁਲਸ ਅਜੇ ਵੀ ਔਰਤ ਨੂੰ ਲੱਭ ਰਹੀ ਹੈ।
ਵੀਡੀਓ 'ਚ ਦਿਖ ਰਿਹਾ ਹੈ ਕਿ ਕਾਲੇ ਤੇ ਸਫੈਦ ਕੱਪੜੇ ਪਹਿਨੇ ਔਰਤ ਹੱਥ 'ਚ ਇਕ ਬੇਸਬੈਟ ਘੁਮਾ ਰਹੀ ਹੈ। ਦੁਕਾਨਦਾਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਤੋੜਭੰਨ੍ਹ ਕਰਕੇ ਭੱਜ ਜਾਂਦੀ ਹੈ। ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ। ਮੌਰਿਸੇਨੀਆ 'ਚ ਬੈਕ ਹੋਮ ਰੈਸਤਰਾਂ ਇਕ ਆਮ ਰੈਸਤਰਾਂ ਹੈ ਜੋ ਕਿ ਸਪੈਸ਼ਲ ਕਰੀ ਗੋਟ ਪਰੋਸਦਾ ਹੈ ਤੇ ਸ਼ਹਿਰ 'ਚ ਬਹੁਤ ਮਸ਼ਹੂਰ ਹੈ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਗਾਹਕ ਨੇ ਸਾਮਾਨ ਨਾ ਮਿਲਣ 'ਤੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਬਲਕਿ ਪਹਿਲਾਂ ਵੀ ਅਜਿਹਾ ਹੁੰਦਾ ਰਿਹਾ ਹੈ। ਭਾਰਤ 'ਚ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੁੰਦੀਆਂ ਹਨ। ਹਾਲ 'ਚ ਇਕ ਥਾਂ ਮੋਮੋ ਦੀ ਚਟਨੀ ਨੂੰ ਲੈ ਕੇ ਹੋਏ ਵਿਵਾਦ 'ਚ ਇਕ ਨੌਜਵਾਨ ਨੇ ਦੁਕਾਨਦਾਰ ਦੀ ਜਾਨ ਤੱਕ ਲੈ ਲਈ ਸੀ।