ਔਰਤ ਦੇ ਜਜ਼ਬੇ ਨੂੰ ਸਲਾਮ, ਆਪਣੇ ਮਾਤਾ-ਪਿਤਾ ਨੂੰ ਬਚਾਉਣ ਲਈ ਜਾਪਾਨ ਤੋਂ ਪਹੁੰਚੀ ਯੂਕ੍ਰੇਨ

Wednesday, Apr 13, 2022 - 01:40 PM (IST)

ਟੋਕੀਓ (ਭਾਸ਼ਾ)- ਰੂਸ ਦੇ ਹਮਲਿਆਂ ਤੋਂ ਬਾਅਦ ਜਿੱਥੇ ਲੱਖਾਂ ਯੂਕ੍ਰੇਨੀ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਦੇਸ਼ ਛੱਡ ਕੇ ਭੱਜ ਗਏ ਹਨ, ਉੱਥੇ ਹੀ ਟੋਕੀਓ ਦੀ ਸਾਸ਼ਾ ਕਾਵੇਰੀਨਾ ਪੂਰਬੀ ਯੂਰਪੀ ਦੇਸ਼ ਵਿੱਚ ਰਹਿ ਰਹੇ ਆਪਣੇ ਮਾਤਾ-ਪਿਤਾ ਨੂੰ ਬਚਾਉਣ ਲਈ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਜਾਪਾਨ ਤੋਂ ਯੂਕ੍ਰੇਨ ਪਹੁੰਚ ਗਈ। ਰੂਸ ਦੇ ਹਮਲੇ ਵਿੱਚ ਯੂਕ੍ਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। ਮਾਰਚ ਦੇ ਸ਼ੁਰੂ ਵਿੱਚ, ਇੱਕ ਰੂਸੀ ਮਿਜ਼ਾਈਲ ਨੇ ਖਾਰਕੀਵ ਵਿੱਚ ਇੱਕ 16 ਮੰਜ਼ਿਲਾ ਇਮਾਰਤ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਸੀ। ਕਾਵੇਰੀਨਾ ਦੇ ਮਾਤਾ-ਪਿਤਾ, ਜੋ ਇਸ ਇਮਾਰਤ ਦੀ ਅੱਠਵੀਂ ਮੰਜ਼ਿਲ 'ਤੇ ਰਹਿੰਦੇ ਸਨ, ਇਸ ਹਮਲੇ ਵਿਚ ਵਾਲ-ਵਾਲ ਬਚ ਗਏ ਪਰ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਸਮੇਤ ਘਰ ਛੱਡ ਦਿੱਤਾ। 

ਹਮਲੇ ਤੋਂ ਘਬਰਾਈ ਕਾਵੇਰੀਨਾ ਦਾ ਮੁੱਖ ਉਦੇਸ਼ ਆਪਣੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਖਾਰਕੀਵ ਤੋਂ ਬਾਹਰ ਕੱਢਣਾ ਸੀ। ਉਹ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਯੂਕ੍ਰੇਨ ਪਹੁੰਚ ਗਈ। ਉੱਥੇ ਉਹ ਆਪਣੇ ਮਾਤਾ-ਪਿਤਾ ਨੂੰ ਖਾਰਕੀਵ ਤੋਂ ਰੋਮਾਨੀਆ ਦੀ ਸਰਹੱਦ ਨਾਲ ਲੱਗਦੇ ਦੱਖਣ-ਪੱਛਮੀ ਯੂਕ੍ਰੇਨ ਦੇ ਸ਼ਹਿਰ ਚੇਰਨੀਵਤਸੀ ਵਿੱਚ ਇੱਕ ਸੁਰੱਖਿਅਤ ਜਗ੍ਹਾ ਲੈ ਗਈ। ਚੇਰਨੀਵਤਸੀ ਤੋਂ ਇੱਕ ਆਨਲਾਈਨ ਇੰਟਰਵਿਊ ਵਿੱਚ ਸਾਸ਼ਾ ਨੇ ਕਿਹਾ ਕਿ ਯੂਕ੍ਰੇਨ ਦੇ ਨਿਵਾਸੀ ਬਹੁਤ ਚਿੰਤਤ ਹਨ ਕਿ ਜੇਕਰ ਰੂਸ ਸਾਡੇ ਦੇਸ਼ 'ਤੇ ਕਬਜ਼ਾ ਕਰ ਲੈਂਦਾ ਹੈ, ਤਾਂ ਯੂਕ੍ਰੇਨ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਮਾਰ ਦਿੱਤਾ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ- ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਖੁਲਾਸਾ, ਕੋਵਿਡ ਨੇ 7 ਕਰੋੜ ਤੋਂ ਵਧੇਰੇ ਲੋਕਾਂ ਨੂੰ ਗਰੀਬੀ ਵੱਲ ਧੱਕਿਆ

ਪੰਜ ਸਾਲਾਂ ਤੋਂ ਜਾਪਾਨ ਵਿੱਚ ਰਹਿ ਰਹੀ ਕਾਵੇਰੀਨਾ ਨੇ ਦੱਸਿਆ ਕਿ ਉਸ ਨੇ ਆਪਣੇ ਮਾਤਾ-ਪਿਤਾ ਲਈ ਚੇਰਨੀਵਤਸੀ ਵਿੱਚ ਇੱਕ ਮਕਾਨ ਕਿਰਾਏ ’ਤੇ ਲਿਆ ਹੋਇਆ ਹੈ।ਉਹਨਾਂ ਨੇ ਕਿਹਾ ਕਿ ਯੂਕ੍ਰੇਨੀ ਅਧਿਕਾਰੀਆਂ ਨੇ ਪੂਰਬੀ ਯੂਕ੍ਰੇਨ ਦੇ ਨਿਵਾਸੀਆਂ ਨੂੰ ਪੱਛਮ ਵੱਲ ਜਾਣ ਦੀ ਅਪੀਲ ਕੀਤੀ ਹੈ। ਚੇਰਨੀਵਤਸੀ ਵਿੱਚ ਹਵਾਈ ਹਮਲੇ ਦੀ ਆਵਾਜ਼ ਸੁਣਾਈ ਦਿੰਦੀ ਹੈ। ਕਾਵੇਰੀਨਾ ਨੇ ਦੱਸਿਆ ਕਿ ਉਸਦੇ ਪਿਤਾ ਦੇ ਜਾਣਕਾਰਾਂ ਵਿਚੋਂ ਇਕ ਨੂੰ "ਫਿਲਟਰਿੰਗ ਕੈਂਪ" ਵਿੱਚ ਲਿਜਾਇਆ ਗਿਆ। ਉੱਥੇ ਰੂਸੀ ਫ਼ੌਜ ਨੇ ਯੂਕ੍ਰੇਨ ਦੇ ਨਿਵਾਸੀਆਂ ਨੂੰ ਆਪਣੀਆਂ ਕਮੀਜ਼ਾਂ ਉਤਾਰਨ ਲਈ ਕਿਹਾ। ਰੂਸੀ ਸਿਪਾਹੀ ਇਹ ਦੇਖਣਾ ਚਾਹੁੰਦੇ ਸਨ ਕੀ ਉਸ ਆਦਮੀ ਦੇ ਸਰੀਰ 'ਤੇ ਯੂਕ੍ਰੇਨ ਦੇ ਪੱਖ ਵਿਚ ਕੋਈ ਟੈਟੂ ਤਾਂ ਨਹੀਂ ਬਣਿਆ ਹੈ। 

ਕਾਵੇਰੀਨਾ ਨੇ ਯੂਕ੍ਰੇਨ ਵਿੱਚ ਦਵਾਈਆਂ ਅਤੇ ਹੋਰ ਫਸਟ ਏਡ ਕਿੱਟਾਂ ਵੀ ਵੰਡੀਆਂ। ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ ਵਿੱਚ ਵੱਡੀ ਸਮੱਸਿਆ ਜਾਪਾਨ ਲਈ ਹਵਾਈ ਟਿਕਟਾਂ ਲੈਣ ਦੀ ਹੈ ਕਿਉਂਕਿ ਰੂਸੀ ਹਮਲੇ ਕਾਰਨ ਲੋਕਾਂ ਕੋਲ ਕੋਈ ਨੌਕਰੀ, ਮਕਾਨ, ਪੈਸਾ ਆਦਿ ਨਹੀਂ ਹੈ। ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਰੂਸ ਦੇ ਹਮਲੇ ਦੀ ਸ਼ੁਰੂਆਤ ਤੋਂ ਬਾਅਦ 40 ਲੱਖ ਤੋਂ ਜ਼ਿਆਦਾ ਯੂਕ੍ਰੇਨੀ ਨਾਗਰਿਕ ਦੇਸ਼ ਛੱਡ ਚੁੱਕੇ ਹਨ। ਹਮਲਿਆਂ ਵਿੱਚ ਯੂਕ੍ਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ, ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਲੱਖਾਂ ਲੋਕ ਦੇਸ਼ ਵਿੱਚ ਬੇਘਰ ਹੋ ਗਏ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News