ਆਟੋਪਾਇਲਟ ਮੋਡ 'ਤੇ ਚਲਦੀ ਟੇਸਲਾ ਕਾਰ 'ਚ ਹੋਈ ਔਰਤ ਦੀ ਡਿਲਿਵਰੀ, ਬੱਚੇ ਦਾ ਨਾਂ ਰੱਖਿਆ 'ਟੇਸਲਾ ਬੇਬੀ'

Tuesday, Dec 21, 2021 - 05:38 PM (IST)

ਆਟੋਪਾਇਲਟ ਮੋਡ 'ਤੇ ਚਲਦੀ ਟੇਸਲਾ ਕਾਰ 'ਚ ਹੋਈ ਔਰਤ ਦੀ ਡਿਲਿਵਰੀ, ਬੱਚੇ ਦਾ ਨਾਂ ਰੱਖਿਆ 'ਟੇਸਲਾ ਬੇਬੀ'

ਸੈਨ ਫ੍ਰਾਂਸਿਸਕੋ: ਅਮਰੀਕਾ ਵਿਚ ਇਕ ਔਰਤ ਨੇ ਦੁਨੀਆ ਦੇ ਪਹਿਲੇ 'ਟੇਸਲਾ ਬੱਚੇ' ਨੂੰ ਜਨਮ ਦਿੱਤਾ ਹੈ। ਦਰਅਸਲ ਇਸ ਬੱਚੇ ਦਾ ਜਨਮ ਐਲਨ ਮਸਕ ਦੀ ਮਲਕੀਅਤ ਵਾਲੀ ਇਲੈਕਟ੍ਰਿਕ ਕਾਰ ਟੇਸਲਾ ਦੀ ਅਗਲੀ ਸੀਟ 'ਤੇ ਉਸ ਸਮੇਂ ਹੋਇਆ ਜਦੋਂ ਕਾਰ ਆਟੋਪਾਇਲਟ ਮੋਡ 'ਤੇ ਚੱਲ ਰਹੀ ਸੀ। ਇਸ ਲਈ ਇਸ ਬੱਚੇ ਦਾ ਨਾਮ 'ਟੇਸਲਾ ਬੇਬੀ' ਰੱਖਿਆ ਹੈ। ਇਹ ਘਟਨਾ ਇਸ ਲਈ ਵੀ ਸੁਰਖੀਆਂ 'ਚ ਹੈ ਕਿਉਂਕਿ ਇਹ ਦੁਨੀਆ 'ਚ ਅਜਿਹਾ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਅਮਰੀਕਾ ਦੇ ਫਿਲਾਡੇਲਫੀਆ ਦੀ ਹੈ। 'ਦਿ ਗਾਰਡੀਅਨ' ਦੀ ਆਨਲਾਈਨ ਰਿਪੋਰਟ ਮੁਤਾਬਕ ਫਿਲਾਡੇਲਫੀਆ 'ਚ ਰਹਿਣ ਵਾਲੀ ਇਸ ਔਰਤ ਦਾ ਨਾਂ ਯਿਰਾਨ ਹੈ ਅਤੇ ਇਹ ਡਿਲਿਵਰੀ ਸਤੰਬਰ ਮਹੀਨੇ ਉਦੋਂ ਹੋਈ, ਜਦੋਂ ਔਰਤ ਆਪਣੇ 3 ਸਾਲ ਦੇ ਬੇਟੇ ਨੂੰ ਆਪਣੇ ਪਤੀ ਕੀਟਿੰਗ ਨਾਲ ਸਕੂਲ ਛੱਡਣ ਜਾ ਰਹੀ ਸੀ। ਇਸ ਦੌਰਾਨ ਕਾਰ ਦੀ ਅਗਲੀ ਸੀਟ 'ਤੇ ਬੈਠੀ ਔਰਤ ਨੂੰ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ।

ਇਹ ਵੀ ਪੜ੍ਹੋ : ਕੈਨੇਡਾ: ਕਾਰ ਹੇਠਾਂ ਦਰੜ ਕੇ ਸ਼ਖ਼ਸ ਨੂੰ ਮਾਰਨ ਦੇ ਦੋਸ਼ੀ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ

ਇਸ ਤੋਂ ਬਾਅਦ ਔਰਤ ਦੇ ਪਤੀ ਨੇ ਕਾਰ ਹਸਪਤਾਲ ਵੱਲ ਮੋੜ ਦਿੱਤੀ। ਹਸਪਤਾਲ ਨੂੰ ਜਾਂਦੇ ਰਸਤੇ 'ਚ ਕਾਫੀ ਆਵਾਜਾਈ ਸੀ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਪਹੁੰਚਣ 'ਚ ਦੇਰੀ ਹੋ ਗਈ। ਇਸ ਦੌਰਾਨ ਪਤੀ ਨੇ ਕਾਰ ਨੂੰ ਆਟੋਪਾਇਲਟ ਮੋਡ 'ਤੇ ਪਾ ਦਿੱਤਾ ਅਤੇ ਪਤਨੀ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਨੂੰ ਘਰ ਤੋਂ ਹਸਪਤਾਲ ਪਹੁੰਚਣ 'ਚ ਅੱਧਾ ਘੰਟਾ ਲੱਗਾ ਪਰ ਇਸ ਦੌਰਾਨ ਔਰਤ ਨੇ ਕਾਰ ਦੇ ਅੰਦਰ ਹੀ ਧੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਜੋੜਾ ਹਸਪਤਾਲ ਪਹੁੰਚਿਆ। ਹਸਪਤਾਲ ਦੇ ਸਟਾਫ਼ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਸਾਰੇ ਹੈਰਾਨ ਰਹਿ ਗਏ। ਚਲਦੀ ਕਾਰ 'ਚ ਪੈਦਾ ਹੋਈ ਇਸ ਬੱਚੀ ਦਾ ਨਾਂ ਹਸਪਤਾਲ 'ਚ ਮੌਜੂਦ ਨਰਸਾਂ ਨੇ ਟੇਸਲਾ ਬੇਬੀ ਰੱਖਿਆ ਹੈ। ਇਸ ਦੇ ਨਾਲ ਹੀ ਕਾਰ ਵਿਚ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦੀ ਵੀ ਇਕ ਵੱਖਰੀ ਪਛਾਣ ਬਣ ਗਈ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ’ਚ ਓਮੀਕਰੋਨ ਨਾਲ 12 ਦੀ ਮੌਤ, ਕ੍ਰਿਸਮਸ ’ਤੇ ਲਾਕਡਾਊਨ ਲਗਾਉਣ ਦੀ ਤਿਆਰੀ ’ਚ ਸਰਕਾਰ

ਦੱਸਿਆ ਜਾ ਰਿਹਾ ਹੈ ਕਿ ਇਹ ਅਧਿਕਾਰਤ ਤੌਰ 'ਤੇ ਦੁਨੀਆ ਦੀ ਪਹਿਲੀ ਟੇਸਲਾ ਬੇਬੀ ਹੈ, ਜਿਸ ਦਾ ਜਨਮ ਆਟੋਪਾਇਲਟ 'ਤੇ ਚੱਲਣ ਵਾਲੀ ਟੇਸਲਾ ਕਾਰ 'ਚ ਇਸ ਤਰ੍ਹਾਂ ਹੋਇਆ ਹੈ। ਫਿਲਹਾਲ ਨਵਜੰਮੀ ਬੱਚੀ ਅਤੇ ਉਸਦੀ ਮਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਟੇਸਲਾ ਦੀਆਂ ਕਾਰਾਂ ਆਟੋਪਾਇਲਟ ਮੋਡ ਕਾਰਨ ਅਕਸਰ ਸੁਰਖੀਆਂ 'ਚ ਰਹਿੰਦੀਆਂ ਹਨ। ਜਿੱਥੇ ਕੁਝ ਲੋਕ ਇਸ ਦੀ ਤਾਰੀਫ਼ ਕਰਦੇ ਹਨ, ਉੱਥੇ ਜ਼ਿਆਦਾਤਰ ਲੋਕ ਅਜਿਹੇ ਹਨ ਜੋ ਟੇਸਲਾ ਦੀਆਂ ਕਾਰਾਂ ਵਿਚ ਵਰਤੀ ਜਾਣ ਵਾਲੀ ਤਕਨੀਕ ਨਾਲ ਸਹਿਮਤ ਨਹੀਂ ਹਨ।

ਇਹ ਵੀ ਪੜ੍ਹੋ : ਇਜ਼ਰਾਈਲ ਵੱਲੋਂ ਬਣਾਈ ਰਾਈਫਲ ਖ਼ੁਦ ਹੀ ਕਰੇਗੀ ਸ਼ਿਕਾਰ, ਬਦਲ ਜਾਵੇਗਾ ਜੰਗ ਲੜਨ ਦਾ ਢੰਗ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News