18 ਸਾਲਾਂ ਬਾਅਦ ਫੜੀ ਗਈ ਆਪਣੀ ਮਾਂ ਦਾ ਕਤਲ ਕਰਨ ਵਾਲੀ ਧੀ

Tuesday, Sep 24, 2019 - 01:01 PM (IST)

18 ਸਾਲਾਂ ਬਾਅਦ ਫੜੀ ਗਈ ਆਪਣੀ ਮਾਂ ਦਾ ਕਤਲ ਕਰਨ ਵਾਲੀ ਧੀ

ਸਿਡਨੀ— ਕਹਿੰਦੇ ਨੇ ਕਿ ਮਾਂ-ਧੀ ਦਾ ਰਿਸ਼ਤਾ ਬਹੁਤ ਖਾਸ ਹੁੰਦਾ ਹੈ ਤੇ ਉਹ ਇਕ-ਦੂਜੇ ਲਈ ਜਾਨ ਵੀ ਦੇ ਸਕਦੀਆਂ ਹਨ ਪਰ ਆਸਟ੍ਰੇਲੀਆ ਦੇ ਸਿਡਨੀ 'ਚ ਰਹਿੰਦੀ ਇਕ ਧੀ ਨੇ ਹੱਥੀਂ ਆਪਣੀ ਮਾਂ ਦਾ ਕਤਲ ਕਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ 18 ਸਾਲ ਬਾਅਦ ਪੁਲਸ ਉਸ ਤਕ ਪੁੱਜ ਸਕੀ। ਔਰਤ ਦਾ ਨਾਂ ਜਨਤਕ ਨਹੀਂ ਕੀਤਾ ਗਿਆ।

ਡਿਟੈਕਟਿਵ ਇੰਸਪੈਕਟਰ ਸਟੇਵਰਟ ਲੈਗਟ ਨੇ ਦੱਸਿਆ ਕਿ ਜਦ ਸਵੇਰ ਸਮੇਂ ਪੁਲਸ ਦੋਸ਼ੀ ਔਰਤ ਤਕ ਪੁੱਜੀ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਲਗਭਗ ਦੋ ਦਹਾਕਿਆਂ ਬਾਅਦ ਉਹ ਫੜੀ ਜਾਵੇਗੀ। ਪੁਲਸ ਨੇ ਦੱਸਿਆ ਕਿ 2 ਨਵੰਬਰ, 2001 'ਚ ਉਨ੍ਹਾਂ ਨੂੰ ਐਮਰਜੈਂਸੀ ਸਰਵਿਸ 'ਤੇ ਫੋਨ ਕਰਕੇ ਸੱਦਿਆ ਗਿਆ ਤੇ ਜਦ ਉਹ ਹੁੰਟਿਗਟਨ ਅਵੈਨਿਊ ਪੁੱਜੇ ਤਾਂ ਉਨ੍ਹਾਂ ਨੂੰ 56 ਸਾਲਾ ਈਰੇਨ ਜੋਨਸ ਦੀ ਲਾਸ਼ ਮਿਲੀ। ਉਸ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ।

ਕਾਤਲ ਧੀ, ਜਿਸ ਦੀ ਉਮਰ ਉਸ ਸਮੇਂ ਅਜੇ 27 ਕੁ ਸਾਲ ਸੀ, ਆਪਣੇ ਗੁਆਂਢੀਆਂ ਦੇ ਘਰ ਵੱਲ ਚਲੇ ਗਈ ਸੀ। ਪੁਲਸ ਨੂੰ ਲਾਸ਼ ਰਸੋਈ 'ਚੋਂ ਮਿਲੀ ਸੀ। ਕਾਫੀ ਲੰਬੀ ਜਾਂਚ ਮਗਰੋਂ ਪੁਲਸ ਨੂੰ ਕੁੱਝ ਸਬੂਤ ਮਿਲੇ ਹਨ। ਪੁਲਸ ਦਾ ਦੋਸ਼ ਹੈ ਕਿ ਔਰਤ ਨੇ ਆਪਣੀ ਮਾਂ ਦਾ ਕਤਲ ਜਾਇਦਾਦ ਦੇ ਲਾਲਚ 'ਚ ਕੀਤਾ ਹੋਵੇਗਾ। ਦੋ ਕੁ ਸਾਲ ਪਹਿਲਾਂ ਹੀ ਉਸ ਨੇ ਆਪਣੀ ਮਾਂ ਦੇ ਘਰ ਨੂੰ ਵੇਚ ਦਿੱਤਾ। ਉਹ ਆਪਣੀ ਮਾਂ ਦੀ ਇਕਲੌਤੀ ਸੰਤਾਨ ਹੈ। ਦੋਸ਼ੀ ਔਰਤ 3 ਬੱਚਿਆਂ ਦੀ ਮਾਂ ਹੈ ਅਤੇ ਹੁਣ ਉਹ 45 ਸਾਲ ਦੀ ਹੋ ਚੁੱਕੀ ਹੈ। ਵਾਨੇਰਲੀ ਪੁਲਸ ਸਟੇਸ਼ਨ 'ਚ ਉਸ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਬੂਤ ਨਾ ਮਿਲਣ ਕਾਰਨ ਕੇਸ ਬੰਦ ਕਰ ਦਿੱਤਾ ਗਿਆ ਸੀ ਤੇ ਫਿਰ 2017 'ਚ ਇਸ ਨੂੰ ਮੁੜ ਖੋਲ੍ਹਿਆ ਗਿਆ।


Related News