ਪਾਕਿ ਪਰਤਣ ਦੌਰਾਨ ਬੋਲਿਆ ਬਿਲਾਲ, ਮੁੜ ਵੀਜ਼ਾ ਲੈ ਕੇ ਆਵਾਂਗਾ ਭਾਰਤ
Tuesday, Jan 14, 2020 - 07:56 PM (IST)

ਅੰਮ੍ਰਿਤਸਰ/ਲਾਹੌਰ(ਆਈ.ਏ.ਐਨ.ਐਸ.)- 17 ਸਾਲਾ ਪਾਕਿਸਤਾਨੀ ਲੜਕਾ, ਜੋ ਭਾਰਤ ਵਿਚ ਕਰੀਬ ਦੋ ਸਾਲਾਂ ਤੋਂ ਜੁਵੇਨਾਈਲ ਹੋਮ ਵਿਚ ਬੰਦ ਸੀ, ਮੰਗਲਵਾਰ ਨੂੰ ਪਾਕਿਸਤਾਨ ਆਪਣੇ ਜੱਦੀ ਘਰ ਪਰਤ ਗਿਆ ਤੇ ਇਸ ਦੌਰਾਨ ਉਸ ਨੇ ਕਿਹਾ ਕਿ ਉਹ ਇਸ ਦੇਸ਼ ਵਾਪਸ ਆਉਣਾ ਪਸੰਦ ਕਰੇਗਾ ਪਰ ਵੀਜ਼ਾ ਦੇ ਨਾਲ।
ਆਪਣੀ ਸੁਰੱਖਿਅਤ ਵਾਪਸੀ ਲਈ ਭਾਰਤੀ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਮੁਬਸ਼ਰ ਬਿਲਾਲ ਨੇ ਮੀਡੀਆ ਨੂੰ ਦੱਸਿਆ ਕਿ ਉਹ ਭਰਾਵਾਂ, ਭੈਣਾਂ ਤੇ ਮਾਂ ਸਮੇਤ ਆਪਣੇ ਪਰਿਵਾਰ ਨੂੰ ਮਿਲਣ ਲਈ ਉਤਸੁਕ ਹੈ। ਫਰਵਰੀ 2018 ਵਿਚ ਅਣਜਾਣੇ ਵਿਚ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਤੋਂ ਬਾਅਦ ਬਿਲਾਲ ਨੂੰ ਪੰਜਾਬ ਦੇ ਹੁਸ਼ਿਆਰਪੁਰ ਕਸਬੇ ਵਿਚ ਇਕ ਜੁਵੇਨਾਈਲ ਹੋਮ ਵਿਚ ਰੱਖਿਆ ਗਿਆ ਸੀ। ਉਸ ਨੂੰ ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਅਟਾਰੀ-ਵਾਹਗਾ ਜੁਆਇੰਟ ਚੈੱਕ ਪੋਸਟ 'ਤੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ। ਬਿਲਾਲ ਪਾਕਿਸਤਾਨ ਦੇ ਕਸੂਰ ਜ਼ਿਲੇ ਨਾਲ ਸਬੰਧਤ ਹੈ।
ਮੀਡੀਆ ਨਾਲ ਗੱਲ ਕਰਦਿਆਂ ਬਿਲਾਲ ਨੇ ਕਿਹਾ ਕਿ ਮੈਂ ਆਪਣੀ ਸੰਭਾਲ ਤੇ ਸੁਰੱਖਿਅਤ ਵਾਪਸੀ ਦੀ ਸਹੂਲਤ ਲਈ ਭਾਰਤੀ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ। ਮੈਂ ਭਾਰਤ ਵਾਪਸ ਆਉਣਾ ਪਸੰਦ ਕਰਾਂਗਾ ਪਰ ਆਪਣਾ ਪਾਸਪੋਰਟ ਮਿਲਣ ਤੇ ਵੀਜ਼ਾ ਲੱਗਣ ਤੋਂ ਬਾਅਦ। ਉਸ ਦੀ ਦੇਸ਼ ਵਾਪਸੀ ਨਾਲ ਜੁੜਿਆ ਮੁਕੱਦਮਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ ਅਤੇ 15 ਜਨਵਰੀ ਨੂੰ ਅਗਲੀ ਸੁਣਵਾਈ ਲਈ ਸੂਚੀਬੱਧ ਹੈ। ਸੁਣਵਾਈ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਜੁਵੇਨਾਈਲ ਹੋਮ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਬਿਲਾਲ ਨੂੰ ਵਾਪਸ ਭੇਜਣ ਦਾ ਫੈਸਲਾ ਲਿਆ, ਜੋ ਕਿ ਮੁਬਾਰਕ ਦੇ ਨਾਂ ਨਾਲ ਮਸ਼ਹੂਰ ਹੈ। ਲੀਗਲ ਤੇ ਪ੍ਰੋਬੇਸ਼ਨ ਅਫਸਰ ਸੁਖਜਿੰਦਰ ਸਿੰਘ ਨੇ ਆਈ.ਏ.ਐਨ.ਐਸ. ਨੂੰ ਦੱਸਿਆ ਕਿ ਲੜਕੇ ਨੂੰ ਜੁਵੇਨਾਈਲ ਨਿਆਂ ਬੋਰਡ ਨੇ 4 ਸਤੰਬਰ 2018 ਨੂੰ ਬਰੀ ਕਰ ਦਿੱਤਾ ਸੀ।
ਲੜਕੇ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਹੋਏ ਝਗੜੇ ਤੋਂ ਬਾਅਦ 27 ਫਰਵਰੀ 2018 ਦੀ ਰਾਤ ਨੂੰ ਅਣਜਾਣੇ ਵਿਚ ਤਰਨਤਾਰਨ ਜ਼ਿਲੇ ਵਿਚ ਸਰਹੱਦ ਦੇ ਭਾਰਤ ਵਾਲੇ ਪਾਸੇ ਦਾਖਲ ਹੋ ਗਿਆ ਸੀ। ਉਸ ਦਾ ਘਰ ਭਾਰਤੀ ਖੇਤਰ ਦੇ ਨਜ਼ਦੀਕ ਸਥਿਤ ਹੈ ਤੇ ਇਥੇ ਕੋਈ ਕੰਡਿਆਲੀ ਤਾਰ ਨਹੀਂ ਹੈ।
Related News
ਹੜ੍ਹਾਂ ਦੌਰਾਨ ਪੰਜਾਬ ''ਚ ਅਨੋਖਾ ਵਿਆਹ, ਸੱਜ-ਧੱਜ ਕੇ ਲਾੜਾ ਟਰਾਲੀ ''ਚ ਬਰਾਤ ਲੈ ਕੇ ਕਾਰ ਤੱਕ ਪੁੱਜਾ, ਵੇਖਦੇ ਰਹੇ ਲੋਕ
