ਚਿਲੀ ਦੇ ਜੰਗਲਾਂ ''ਚ ਭਿਆਨਕ ਅੱਗ ਦਾ ਤਾਂਡਵ; 18 ਲੋਕਾਂ ਦੀ ਮੌਤ, ਹਜ਼ਾਰਾਂ ਪਰਿਵਾਰ ਹੋਏ ਬੇਘਰ
Monday, Jan 19, 2026 - 10:18 AM (IST)
ਪੈਂਕੋ/ਸੈਂਟੀਆਗੋ (ਏਜੰਸੀ) - ਦੱਖਣੀ ਅਮਰੀਕੀ ਦੇਸ਼ ਚਿਲੀ ਇਸ ਸਮੇਂ ਕੁਦਰਤ ਦੀ ਭਿਆਨਕ ਮਾਰ ਹੇਠ ਹੈ। ਮੱਧ ਅਤੇ ਦੱਖਣੀ ਚਿਲੀ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਏਕੜ ਜੰਗਲ ਸੜ ਕੇ ਸਵਾਹ ਹੋ ਚੁੱਕੇ ਹਨ। ਇਸ ਅੱਗ ਨੇ ਸੈਂਕੜੇ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਕਾਰਨ ਇਲਾਕੇ ਵਿੱਚ ਹਾਹਾਕਾਰ ਮਚੀ ਹੋਈ ਹੈ।
ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਦੇਸ਼ ਦੇ ਮੱਧ ਬਾਇਓਬਿਓ ਖੇਤਰ ਅਤੇ ਰਾਜਧਾਨੀ ਸੈਂਟੀਆਗੋ ਤੋਂ ਲਗਭਗ 500 ਕਿਲੋਮੀਟਰ ਦੂਰ ਸਥਿਤ ਨੁਬਲੇ ਖੇਤਰ ਵਿੱਚ 'ਆਫ਼ਤ ਦੀ ਸਥਿਤੀ' (State of Disaster) ਘੋਸ਼ਿਤ ਕਰ ਦਿੱਤੀ ਹੈ। ਸੁਰੱਖਿਆ ਮੰਤਰੀ ਲੁਈਸ ਕੋਰਡੇਰੋ ਅਨੁਸਾਰ, ਇਸ ਐਲਾਨ ਨਾਲ ਫੌਜ ਦੀ ਮਦਦ ਲੈਣ ਵਿੱਚ ਅਸਾਨੀ ਹੋਵੇਗੀ ਤਾਂ ਜੋ ਹੁਣ ਤੱਕ 8,500 ਹੈਕਟੇਅਰ ਵਿੱਚ ਫੈਲੀ ਅੱਗ 'ਤੇ ਕਾਬੂ ਪਾਇਆ ਜਾ ਸਕੇ। ਪ੍ਰਸ਼ਾਸਨ ਮੁਤਾਬਕ ਲਗਭਗ 50,000 ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ।
ਇਹ ਵੀ ਪੜ੍ਹੋ: 1300 ਦੀ ਆਟੇ ਦੀ ਥੈਲੀ ! ਗੁਆਂਢੀ ਦੇਸ਼ 'ਚ ਮਚੀ ਹਾਹਾਕਾਰ, ਜਨਤਾ ਲਈ 1 ਡੰਗ ਦੀ ਰੋਟੀ ਵੀ ਹੋਈ ਮੁਸ਼ਕਲ

ਸਥਾਨਕ ਪ੍ਰਸ਼ਾਸਨ ਅਤੇ ਲੋਕਾਂ ਵਿੱਚ ਭਾਰੀ ਰੋਸ
ਹਾਲਾਂਕਿ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਹੈ ਕਿ ਸਾਰੇ ਸਰੋਤ ਉਪਲਬਧ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਤੱਟੀ ਕਸਬੇ ਪੈਂਕੋ ਦੇ ਮੇਅਰ ਰੋਡਰੀਗੋ ਵੇਰਾ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਕਈ ਘੰਟਿਆਂ ਤੋਂ ਮਦਦ ਦੀ ਉਡੀਕ ਕਰ ਰਹੇ ਹਨ ਪਰ ਸਰਕਾਰ ਦੀ ਕੋਈ ਮੌਜੂਦਗੀ ਨਜ਼ਰ ਨਹੀਂ ਆ ਰਹੀ। ਲੋਕਾਂ ਦਾ ਦੋਸ਼ ਹੈ ਕਿ ਅੱਗ ਅੱਧੀ ਰਾਤ ਨੂੰ ਅਚਾਨਕ ਲੱਗੀ, ਜਿਸ ਕਾਰਨ ਕਈ ਪਰਿਵਾਰ ਆਪਣੇ ਘਰਾਂ ਵਿੱਚ ਹੀ ਫਸ ਗਏ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਉੱਘੇ ਖੇਡ ਪ੍ਰਮੋਟਰ ਸੰਦੀਪ ਸਿੰਘ ਦੀ ਮੌਤ

ਗਰਮੀ ਅਤੇ ਤੇਜ਼ ਹਵਾਵਾਂ ਨੇ ਵਧਾਈ ਮੁਸ਼ਕਲ
ਇਸ ਸਮੇਂ ਚਿਲੀ ਭਿਆਨਕ ਗਰਮੀ ਦੀ ਲਪੇਟ ਵਿੱਚ ਹੈ, ਜਿੱਥੇ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਗਿਆ ਹੈ। ਤੇਜ਼ ਹਵਾਵਾਂ ਕਾਰਨ ਅੱਗ ਬੁਝਾਊ ਦਸਤਿਆਂ ਨੂੰ ਅੱਗ 'ਤੇ ਕਾਬੂ ਪਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਇਓਬਿਓ ਦੀ ਕੌਨਸੈਪਸੀਓਨ ਨਗਰਪਾਲਿਕਾ ਅਨੁਸਾਰ ਇਕੱਲੇ ਉਨ੍ਹਾਂ ਦੇ ਇਲਾਕੇ ਵਿੱਚ ਹੀ 253 ਘਰ ਤਬਾਹ ਹੋ ਗਏ ਹਨ।

ਰੂਹ ਕੰਬਾਊ ਮੰਜ਼ਰ: ਕਾਰਾਂ ਅਤੇ ਖੇਤਾਂ 'ਚੋਂ ਮਿਲੀਆਂ ਲਾਸ਼ਾਂ
ਇਲਾਕੇ ਦੇ ਹਾਲਾਤ ਬਹੁਤ ਹੀ ਖੌਫਨਾਕ ਹਨ। ਸਥਾਨਕ ਨਿਵਾਸੀ ਜੁਆਨ ਲਾਗੋਸ ਅਨੁਸਾਰ, ਉਹ ਰਾਤ ਦੇ ਹਨੇਰੇ ਵਿੱਚ ਬੱਚਿਆਂ ਨੂੰ ਲੈ ਕੇ ਆਪਣੀ ਜਾਨ ਬਚਾਉਣ ਲਈ ਭੱਜੇ। ਅੱਗ ਨੇ ਸਕੂਲਾਂ, ਚਰਚਾਂ ਅਤੇ ਕਾਰਾਂ ਨੂੰ ਪੂਰੀ ਤਰ੍ਹਾਂ ਸਾੜ ਦਿੱਤਾ ਹੈ। ਕਈ ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਖੇਤਾਂ, ਕਾਰਾਂ ਅਤੇ ਸੜਕਾਂ ਦੇ ਕਿਨਾਰੇ ਮਿਲੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹੀ ਤਬਾਹੀ ਦੀ ਕਦੇ ਉਮੀਦ ਨਹੀਂ ਸੀ ਕੀਤੀ।
ਇਹ ਵੀ ਪੜ੍ਹੋ: ਅਮਰੀਕਾ ਦੀ ਜੇਲ੍ਹ 'ਚ ਡੱਕੇ ਗਏ 3 ਬੇਕਸੂਰ ਭਾਰਤੀ ਨੌਜਵਾਨ ! ਹੁਣ ਅਦਾਲਤ ਨੇ ਸੁਣਾ'ਤਾ ਵੱਡਾ ਫ਼ੈਸਲਾ
