ਵਿਕੀਲੀਕਸ ਸੰਸਥਾਪਕ ਜੂਲੀਅਨ ਅਸਾਂਜੇ ਬ੍ਰਿਟੇਨ 'ਚ ਗ੍ਰਿਫਤਾਰ

04/11/2019 3:39:53 PM

ਲੰਡਨ (ਏਜੰਸੀ)- ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੂੰ ਬ੍ਰਿਟਿਸ਼ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਕਈ ਸਾਲਾਂ ਤੋਂ ਬ੍ਰਿਟੇਨ ਵਿਚ ਸਥਿਤ ਇਕਵਾਡੋਰ ਦੇ ਸਫਾਰਤਖਾਨੇ ਵਿਚ ਪਨਾਹ ਲਈ ਹੋਈ ਸੀ। ਵੀਰਵਾਰ ਨੂੰ ਇਕਵਾਡੋਰ ਨੇ ਅਸਾਂਜੇ ਨੂੰ ਸਫਾਰਤਖਾਨੇ ਤੋਂ ਬਾਰ ਕੱਢ ਦਿੱਤਾ ਸੀ, ਜਿਸ ਮਗਰੋਂ ਬ੍ਰਿਟਿਸ਼ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਅਸਾਂਜੇ ਨੇ ਪਿਛਲੇ 7 ਸਾਲਾਂ ਤੋਂ ਇਕਵਾਡੋਰ ਦੇ ਸਫਾਰਤਖਾਨੇ ਵਿਚ ਪਨਾਹ ਲਈ ਹੋਈ ਸੀ। ਉਨ੍ਹਾਂ ਵਲੋਂ ਜਾਰੀ ਕੀਤੇ ਗਏ ਕਈ ਖੁਫੀਆ ਦਸਤਾਵੇਜ਼ਾਂ ਕਾਰਨ ਅਮਰੀਕਾ ਨੂੰ ਸੰਸਾਰਕ ਪੱਧਰ 'ਤੇ ਆਲੋਚਨਾ ਝੱਲਣੀ ਪਈ ਸੀ।

ਮੈਟਰੋਪਾਲੀਟਨ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਅਸਾਂਜੇ ਨੂੰ ਸਾਲ 2012 ਵਿਚ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਵਲੋਂ ਜਾਰੀ ਵਾਰੰਟ 'ਤੇ ਅਦਾਲਤ ਵਿਚ ਸਰੰਡਰ ਕਰਨ ਵਿਚ ਅਸਫਲ ਰਹਿਣ ਲਈ ਅਧਿਕਾਰੀਆਂ ਨੇ ਸਫਾਰਤਖਾਨੇ ਤੋਂ ਗ੍ਰਿਫਤਾਰ ਕੀਤਾ। ਸੰਯੁਕਤ ਰਾਜ ਅਮਰੀਕਾ ਦੇ ਨਿਆ ਵਿਭਾਗ ਨੇ 47 ਸਾਲ ਦੇ ਅਸਾਂਜੇ ਦੇ ਖਿਲਾਫ ਅਪਰਾਧਕ ਦਸਤਾਵੇਜ਼ਾਂ ਦੇ ਪ੍ਰਕਾਸ਼ਨ ਤੋਂ ਸਬੰਧਿਤ ਅਪਰਾਧਕ ਦੋਸ਼ ਦਾਇਰ ਕੀਤਾ ਹੈ। ਜਦੋਂ ਕਿ ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਇਹ ਖੁਫੀਆ ਦਸਤਾਵੇਜ਼ ਗਲਤੀ ਨਾਲ ਨਵੰਬਰ ਵਿਚ ਜਨਤਕ ਹੋ ਗਏ ਸਨ। ਅਸਾਂਜੇ 'ਤੇ ਸਾਲ 2016 ਦੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਹਿਲੇਰੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਕੰਪਿਊਟਰਾਂ ਤੋਂ ਚੋਰੀ ਕੀਤੀ ਗਈ ਸਮੱਗਰੀ ਨੂੰ ਜਾਰੀ ਕਰਕੇ ਰੂਸੀ ਦਖਲ ਦੀ ਹਮਾਇਤ ਕਰਨ ਦਾ ਵੀ ਦੋਸ਼ ਹੈ।


Sunny Mehra

Content Editor

Related News