ਕੋਰੋਨਾ ਬਾਰੇ ਹਰ ਜਾਣਕਾਰੀ ਦੇਵੇਗਾ WHO ਦਾ ਐਪ, ਹਰ ਐਪ ਸਟੋਰ ''ਤੇ ਹੋਵੇਗਾ ਉਪਲੱਬਧ

Saturday, May 09, 2020 - 04:57 PM (IST)

ਕੋਰੋਨਾ ਬਾਰੇ ਹਰ ਜਾਣਕਾਰੀ ਦੇਵੇਗਾ WHO ਦਾ ਐਪ, ਹਰ ਐਪ ਸਟੋਰ ''ਤੇ ਹੋਵੇਗਾ ਉਪਲੱਬਧ

ਕੈਲੀਫੌਰਨੀਆ- ਵਿਸ਼ਵ ਸਿਹਤ ਸੰਗਠਨ ਜਲਦੀ ਹੀ ਇਕ ਅਜਿਹਾ ਐਪ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨਾਲ ਲੋਕ ਇਹ ਪਤਾ ਲਗਾ ਸਕਣਗੇ ਕਿ ਕਿਤੇ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਤਾਂ ਨਹੀਂ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਇਕ ਬਲੂਟੁੱਥ ਆਧਾਰਿਤ ਕਾਂਟ੍ਰੈਕਟ ਟ੍ਰੇਸਿੰਗ ਫੀਚਰ 'ਤੇ ਵੀ ਵਿਚਾਰ ਕਰ ਰਿਹਾ ਹੈ। ਦੱਸ ਦਈਏ ਕਿ ਭਾਰਤ ਵਿਚ ਆਰੋਗਯਾ ਸੇਤੂ ਐਪ ਜਿਹੇ ਹੀ ਬ੍ਰਿਟੇਨ ਤੇ ਆਸਟਰੇਲੀਆ ਨੇ ਵੀ ਐਪ ਤਿਆਰ ਕੀਤੇ ਹਨ ਜੋ ਉਥੇ ਸਫਲਤਾਪੂਰਵਕ ਕੰਮ ਕਰ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਮੁੱਖ ਸੂਚਨਾ ਅਧਿਕਾਰੀ ਬਨਾਰਡੋ ਮਾਰੀਆਨੋ ਮੁਤਾਬਕ ਗਰੀਬ ਦੇਸ਼ਾਂ ਨੂੰ ਧਿਆਨ ਵਿਚ ਰੱਖ ਕੇ ਬਣਾਏ ਜਾ ਰਹੇ ਇਸ ਐਪ ਵਿਚ ਲੋਕਾਂ ਤੋਂ ਉਹਨਾਂ ਦੇ ਲੱਛਣਾ ਦੇ ਬਾਰੇ ਵਿਚ ਪੁੱਛਿਆ ਜਾਵੇਗਾ। ਇਸ ਤੋਂ ਬਾਅਦ ਐਪ ਉਹਨਾਂ ਨੂੰ ਇਹ ਜਾਣਕਾਰੀ ਦੇਵੇਗਾ ਕਿ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹਨ ਜਾਂ ਨਹੀਂ। ਟੈਸਟ ਕਿਵੇਂ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਦੀਆਂ ਹੋਰ ਸੂਚਨਾਵਾਂ ਦੇਸ਼ ਦੇ ਆਧਾਰ 'ਤੇ ਮਿਲ ਸਕਣਗੀਆਂ।

ਮਾਰੀਆਨੋ ਨੇ ਦੱਸਿਆ ਕਿ ਇਸ ਐਪ ਦਾ ਵਰਜਨ ਸਾਰੇ ਐਪ ਸਟੋਰਾਂ 'ਤੇ ਜਾਰੀ ਕੀਤਾ ਜਾਵੇਗਾ ਪਰ ਕੋਈ ਵੀ ਦੇਸ਼ ਐਪ ਦੀ ਤਕਨੀਕ ਲੈਣ, ਉਸ ਵਿਚ ਸੁਵਿਧਾਵਾਂ ਨੂੰ ਜੋੜਨ ਵਿਚ ਸਮਰਥ ਹੋਵੇਗਾ। ਸੰਗਠਨ ਨੂੰ ਉਮੀਦ ਹੈ ਕਿ ਉਸ ਦਾ ਐਪ ਦੱਖਣੀ ਅਮਰੀਕਾ ਤੇ ਅਫਰੀਕਾ ਦੇ ਦੇਸ਼ਾਂ ਦੇ ਲਈ ਮਹੱਤਵਪੂਰਨ ਹੋਵੇਗਾ ਕਿਉਂਕਿ ਇਥੇ ਨਾ ਸਿਰਫ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਬਲਕਿ ਇਹਨਾਂ ਦੇਸ਼ਾਂ ਦੇ ਕੋਲ ਐਪ ਵਿਕਸਿਤ ਕਰਨ ਦੇ ਲਈ ਲੋੜੀਂਦੇ ਸੰਸਾਧਨ ਮੌਜੂਦ ਨਹੀਂ ਹਨ।

ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ 87 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਜਦਕਿ 5,400 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਦੁਨੀਆ ਭਰ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 38 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਵਿਸ਼ਵ ਵਿਚ ਇਸ ਵਾਇਰਸ ਕਾਰਣ ਜਾਨ ਗੁਆਉਣ ਵਾਲਿਆਂ ਦੀ ਗਿਣਤੀ 2.6 ਲੱਖ ਨੇੜੇ ਪਹੁੰਚ ਗਈ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਲਾਕਡਾਊਨ ਵਿਚ ਰਾਹਤਾਂ ਦੌਰਾਨ ਛੋਟੀ ਜਿਹੀ ਲਾਪਰਵਾਹੀ ਵੀ ਭਾਰੀ ਪੈ ਸਕਦੀ ਹੈ। 


author

Baljit Singh

Content Editor

Related News