ਹਰਦੀਪ ਨਿੱਝਰ ਕਤਲ ਕੇਸ: ਕੌਣ ਹੈ ਕੈਨੇਡਾ ਸਰਕਾਰ ਵੱਲੋਂ ਕੱਢੇ ਗਏ ਭਾਰਤੀ ਡਿਪਲੋਮੈਟ ਪਵਨ ਕੁਮਾਰ ਰਾਏ?
Wednesday, Sep 20, 2023 - 12:26 AM (IST)
ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ 'ਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਇਸ ਘਟਨਾ ਦੇ ਜਵਾਬ 'ਚ ਕੈਨੇਡਾ ਸਰਕਾਰ ਨੇ ਭਾਰਤੀ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਦੇਸ਼ 'ਚੋਂ ਕੱਢ ਦਿੱਤਾ ਹੈ। ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦਾ ਇਸ ਸਾਲ ਜੂਨ ਵਿੱਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਨਿੱਝਰ ਖਾਲਿਸਤਾਨ ਦੀ ਵੱਖਵਾਦੀ ਵਿਚਾਰਧਾਰਾ ਦਾ ਬੁਲੰਦ ਸਮਰਥਕ ਸੀ, ਜੋ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੀ ਵਕਾਲਤ ਕਰਦਾ ਸੀ।
ਇਹ ਵੀ ਪੜ੍ਹੋ : ਕੈਨੇਡਾ ਨੇ ਹਰਦੀਪ ਨਿੱਝਰ ਮਾਮਲੇ 'ਚ US ਸਮੇਤ ਮਿੱਤਰ ਦੇਸ਼ਾਂ ਤੋਂ ਸਾਂਝੇ ਬਿਆਨ ਦੀ ਕੀਤੀ ਮੰਗ, ਮਿਲਿਆ ਇਹ ਜਵਾਬ
ਕੌਣ ਹੈ ਪਵਨ ਕੁਮਾਰ ਰਾਏ?
ਪਵਨ ਕੁਮਾਰ ਰਾਏ 1997 ਦੇ ਪੰਜਾਬ ਕੇਡਰ ਦੇ ਸੀਨੀਅਰ ਭਾਰਤੀ ਪੁਲਸ ਸੇਵਾ (ਆਈਪੀਐੱਸ) ਅਧਿਕਾਰੀ ਹਨ ਅਤੇ 2010 ਵਿੱਚ ਕੇਂਦਰੀ ਡੈਪੂਟੇਸ਼ਨ ਚੁਣਨ ਤੋਂ ਪਹਿਲਾਂ ਉਨ੍ਹਾਂ ਪੰਜਾਬ 'ਚ ਨਸ਼ਿਆਂ ਨਾਲ ਸਬੰਧਤ ਮੁੱਦਿਆਂ ਨਾਲ ਨਜਿੱਠਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਹ 2000 ਦੇ ਦਹਾਕੇ ਦੇ ਅਖੀਰ ਵਿੱਚ ਜਲੰਧਰ ਅਤੇ ਅੰਮ੍ਰਿਤਸਰ 'ਚ ਸੀਨੀਅਰ ਪੁਲਸ ਕਪਤਾਨ (ਐੱਸਐੱਸਪੀ) ਦੇ ਅਹੁਦੇ 'ਤੇ ਰਹੇ। 31 ਜਨਵਰੀ ਨੂੰ ਉਨ੍ਹਾਂ ਨੂੰ ਪੰਜਾਬ ਸਰਕਾਰ ਦੁਆਰਾ 7 ਹੋਰ ਆਈਪੀਐੱਸ ਅਧਿਕਾਰੀਆਂ ਦੇ ਨਾਲ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ADGP) ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਸੀ।
ਰਾਏ ਕੈਨੇਡਾ 'ਚ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (R&AW) ਦੇ ਸਟੇਸ਼ਨ ਚੀਫ਼ ਸਨ। ਭਾਰਤ ਸਰਕਾਰ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚਾਲੇ ਸੰਭਾਵੀ ਸਬੰਧਾਂ ਦੇ "ਭਰੋਸੇਯੋਗ ਦੋਸ਼ਾਂ" ਦੀ ਜਾਂਚ ਕਰ ਰਹੇ ਅਧਿਕਾਰੀਆਂ ਦੇ ਵਿਚਕਾਰ ਉਨ੍ਹਾਂ ਨੂੰ ਦੇਸ਼ 'ਚੋਂ ਕੱਢ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਰਾਜਸਥਾਨ ਚੋਣਾਂ: 'ਮਿਸ਼ਨ ਰਿਪੀਟ' 'ਚ ਜੁਟੀ ਕਾਂਗਰਸ 4 ਮੰਤਰੀਆਂ ਤੇ 22 ਵਿਧਾਇਕਾਂ ਸਣੇ ਕੱਟੇਗੀ ਕਈ ਦੀਆਂ ਟਿਕਟਾਂ
53 ਸਾਲਾ ਰਾਏ ਦੇ ਸਾਬਕਾ R&AW ਮੁਖੀ ਸਾਮੰਤ ਕੁਮਾਰ ਗੋਇਲ, ਜੋ ਕਿ ਭਾਰਤੀ ਪੁਲਸ ਸੇਵਾ ਦੇ ਪੰਜਾਬ ਕੇਡਰ ਤੋਂ ਵੀ ਹਨ, ਨਾਲ ਨਜ਼ਦੀਕੀ ਪੇਸ਼ੇਵਰ ਸਬੰਧ ਸਨ। ਰਾਏ ਦੀ ਮੁਹਾਰਤ ਅਤੇ ਤਜਰਬੇ ਨੇ ਆਖਿਰਕਾਰ ਉਨ੍ਹਾਂ ਨੂੰ 2018 ਵਿੱਚ ਕੇਂਦਰੀ ਪੱਧਰ 'ਤੇ ਸੰਯੁਕਤ ਸਕੱਤਰ ਜਾਂ ਇਸ ਦੇ ਬਰਾਬਰ ਦੇ ਅਹੁਦੇ ਲਈ ਸੂਚੀਬੱਧ ਕੀਤਾ।
ਕੈਨੇਡੀਅਨ ਵਿਦੇਸ਼ ਮੰਤਰੀ ਨੇ ਵੀਡੀਓ 'ਚ ਅਧਿਕਾਰੀ ਨੂੰ ਦੇਸ਼ ਛੱਡਣ ਲਈ ਕਿਹਾ
ਕੈਨੇਡੀਅਨ ਵਿਦੇਸ਼ ਮੰਤਰੀ ਮੇਲਿਨਾ ਜੌਲੀ ਨੇ ਭਾਰਤ 'ਚ ਨਾਮਜ਼ਦ ਅੱਤਵਾਦੀ ਹਰਦੀਪ ਨਿੱਝਰ ਦੇ ਕਤਲ 'ਤੇ ਪਰਿਵਾਰ ਅਤੇ ਨਜ਼ਦੀਕੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਜੌਲੀ ਨੇ ਸੋਸ਼ਲ ਮੀਡੀਆ 'ਤੇ ਆਪਣਾ ਵੀਡੀਓ ਸੰਦੇਸ਼ ਜਾਰੀ ਕੀਤਾ ਹੈ।
ਮੇਲਿਨਾ ਨੇ ਕਿਹਾ, "ਕੈਨੇਡੀਅਨ ਧਰਤੀ 'ਤੇ ਇਕ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਸ਼ਾਮਲ ਵਿਦੇਸ਼ੀ ਪ੍ਰਤੀਨਿਧੀਆਂ ਦਾ ਪਤਾ ਲਗਾਉਣਾ ਪ੍ਰੇਸ਼ਾਨ ਕਰਨ ਵਾਲਾ ਹੈ। ਇਹ ਬਿਲਕੁਲ ਪ੍ਰਵਾਨ ਨਹੀਂ ਹੈ। ਇਹ ਸਾਬਤ ਹੋ ਗਿਆ ਹੈ ਕਿ ਸਾਡੀ ਪ੍ਰਭੂਸੱਤਾ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਨਿਯਮਾਂ ਦੀ ਵੀ ਉਲੰਘਣਾ ਹੈ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਉਹ ਆਪਣੇ ਦੇਸ਼ ਵਿੱਚ ਕਿਸੇ ਵਿਦੇਸ਼ੀ ਦਖਲ ਨੂੰ ਨਹੀਂ ਦੇਖਣਾ ਚਾਹੁੰਦੇ।"
ਇਹ ਵੀ ਪੜ੍ਹੋ : ਕੈਨੇਡਾ ਦੇ ਰਾਜਦੂਤ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਕੈਨੇਡੀਅਨ ਦੂਤਘਰ ਨੇ ਕਰਮਚਾਰੀਆਂ ਨੂੰ ਸੁਣਾਇਆ ਇਹ ਹੁਕਮ
ਉਨ੍ਹਾਂ ਅੱਗੇ ਕਿਹਾ, "ਸਾਡੇ ਤਿੰਨ ਸਿਧਾਂਤ ਸੱਚਾਈ 'ਤੇ ਚੱਲਣਾ, ਕੈਨੇਡੀਅਨਾਂ ਅਤੇ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਕਰਨਾ ਹੈ। ਅਸੀਂ ਇਹ ਸਿਧਾਂਤ ਭਾਰਤੀ ਹਮਰੁਤਬਾ ਨੂੰ ਭੇਜੇ ਹਨ। ਉਨ੍ਹਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਕੈਨੇਡਾ ਦੇ ਇਨ੍ਹਾਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ। ਅੱਜ ਅਸੀਂ ਇਕ ਭਾਰਤੀ ਅਧਿਕਾਰੀ ਨੂੰ ਦੇਸ਼ ਛੱਡਣ ਲਈ ਕਿਹਾ ਹੈ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8