ਕੋਰੋਨਾ ਸੈਂਪਲ ਲੈਣ ਜਾ ਰਹੇ WHO ਦੇ ਡਰਾਇਵਰ ਨੂੰ ਗੋਲੀਆਂ ਨਾਲ ਭੁੰਨ੍ਹਿਆ, ਮੌਤ
Wednesday, Apr 22, 2020 - 12:34 AM (IST)

ਨੈਪੀਟੌ - ਪੂਰੀ ਦੁਨੀਆ 'ਚ ਇਸ ਸਮੇਂ ਕੋਰੋਨਾ ਵਾਇਰਸ ਨਾਲ ਜੰਗ ਜਾਰੀ ਹੈ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਇਸ 'ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਕੋਰੋਨਾ ਵਾਇਰਸ ਨਾਲ ਲੜਾਈ 'ਚ WHO ਨੂੰ ਦੂਜੇ ਦੇਸ਼ਾਂ 'ਚ ਸਥਾਨਕ ਸੰਘਰਸ਼ ਦਾ ਵੀ ਸਾਹਮਣਾ ਕਰਣਾ ਪੈ ਰਿਹਾ ਹੈ।
ਮਿਆਂਮਾਰ 'ਚ ਕੋਰੋਨਾ ਵਾਇਰਸ ਦਾ ਸੈਂਪਲ ਲੈਣ ਪੁੱਜੇ WHO ਦੇ ਡਰਾਇਵਰ ਦੀ ਅਪਵਾਦ ਖੇਤਰ 'ਚ ਲੋਕਾਂ ਨੇ ਹੱਤਿਆ ਕਰ ਦਿੱਤੀ। ਡਰਾਇਵਰ ਦਾ ਨਾਮ ਪਾਇਨੇ ਸੋਨ ਵਿਨ ਮਾਉਂਗ ਸੀ, ਜੋ ਉੱਥੇ ਸੰਯੁਕਤ ਰਾਸ਼ਟਰ ਸੰਘ ਦੀ ਗੱਡੀ ਚਲਾ ਰਿਹਾ ਸੀ। ਉਸ ਨੂੰ ਮਿਆਂਮਾਰ ਦੇ ਰਾਖੀਨ ਸੂਬੇ 'ਚ ਗੋਲੀਆਂ ਨਾਲ ਭੁੰਨ੍ਹ ਦਿੱਤਾ ਗਿਆ। ਦੱਸ ਦਈਏ ਕਿ ਉਹ WHO ਦਾ ਡਰਾਇਵਰ ਸੀ ਪਰ ਉਸ ਸਮੇਂ ਸੰਯੁਕਤ ਰਾਸ਼ਟਰ ਸੰਘ ਦੀ ਗੱਡੀ ਚਲਾ ਰਿਹਾ ਸੀ।
ਇਸ ਘਟਨਾ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੰਘ ਨੇ ਕਿਹਾ ਹੈ ਕਿ ਹਾਲ ਦੇ ਦਿਨਾਂ 'ਚ ਫੌਜ ਅਤੇ ਹਥਿਆਰਬੰਦ ਜਾਤੀ ਸਮੂਹ ਅਰਾਕਾਨ ਵਿਚਾਲੇ ਲੜਾਈ 'ਚ ਹੁਣ ਤੱਕ ਦਰਜਨਾਂ ਨਾਗਰਿਕ ਮਾਰੇ ਜਾ ਚੁੱਕੇ ਹਨ। ਡਬਲਿਊ.ਐਚ.ਓ. ਚਾਲਕ ਦੀ ਸੋਮਵਾਰ ਨੂੰ ਹੋਈ ਮੌਤ ਲਈ ਦੋਵਾਂ ਧਿਰਾਂ ਨੇ ਇੱਕ-ਦੂਜੇ ਨੂੰ ਦੋਸ਼ੀ ਠਹਿਰਾਇਆ ਹੈ।
ਮਿਆਂਮਾਰ ਦੇ ਇੱਕ ਫੌਜੀ ਬੁਲਾਰਾ ਮੇਜਰ-ਜਨਰਲ ਤੁਨ ਨਈ ਨੇ ਕਿਹਾ ਕਿ ਉਨ੍ਹਾਂ ਦੇ ਬਲਾਂ ਦੇ ਕੋਲ ਵਾਹਨ 'ਤੇ ਹਮਲਾ ਕਰਣ ਦਾ ਕੋਈ ਕਾਰਨ ਨਹੀਂ ਸੀ। ਉਨ੍ਹਾਂ ਨੇ ਨਿਊਜ ਏਜੰਸੀ ਰਾਇਟਰਸ ਨੂੰ ਦੱਸਿਆ ਕਿ ਉਹ ਸਾਡੇ ਲਈ ਕੰਮ ਕਰ ਰਹੇ ਹਨ, ਸਾਡੇ ਦੇਸ਼ ਲਈ ਕੰਮ ਕਰ ਰਹੇ ਹੈ, ਇਸ ਲਈ ਉਨ੍ਹਾਂ ਦੀ ਜ਼ਿੰਮੇਦਾਰੀ ਸਾਡੇ 'ਤੇ ਹੈ।
ਮਿਆਂਮਾਰ 'ਚ ਸੰਯੁਕਤ ਰਾਸ਼ਟਰ ਦਫ਼ਤਰ ਵੱਲੋਂ 28 ਸਾਲਾ ਡਰਾਇਵਰ ਦੀ ਮੌਤ 'ਤੇ ਡੂੰਘਾ ਦੁੱਖ ਜਤਾਇਆ ਗਿਆ। ਡਰਾਇਵਰ 'ਤੇ ਇਹ ਹਮਲਾ ਮਿਨਬਾਇਆ ਬਸਤੀ 'ਚ ਇੱਕ ਫੌਜੀ ਚੌਂਕੀ ਕੋਲ ਹੋਇਆ ਸੀ। ਇੱਕ ਫੇਸਬੁੱਕ ਪੋਸਟ ਮੁਤਾਬਕ ਜਿਸ ਵਾਹਨ 'ਤੇ ਹਮਲਾ ਕੀਤਾ ਗਿਆ ਉਹ ਸਿਟਵੇ ਤੋਂ ਯੰਗੂਨ ਤੱਕ ਦੀ ਯਾਤਰਾ 'ਤੇ ਸੀ ਜੋ ਸਿਹਤ ਅਤੇ ਖੇਡ ਮੰਤਰਾਲਾ ਵੱਲੋਂ ਕੋਰੋਨਾ ਵਾਇਰਸ ਦੇ ਨਮੂਨੇ ਲੈਣ ਜਾ ਰਿਹਾ ਸੀ। ਹਮਲੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਨੇ ਇਹ ਸਾਫ਼ ਨਹੀਂ ਕੀਤਾ ਹੈ ਕਿ ਗੋਲੀ ਕਿਸ ਧਿਰ ਵੱਲੋਂ ਚਲਾਈ ਗਈ। ਹਾਲਾਂਕਿ ਇਸ ਹਮਲੇ 'ਚ ਇੱਕ ਸਰਕਾਰੀ ਕਰਮਚਾਰੀ ਵੀ ਜਖ਼ਮੀ ਹੋਇਆ ਹੈ।