WHO ਮੁਖੀ ਨੂੰ ਉਮੀਦ- ਅਮਰੀਕਾ ਮਦਦ ਰਾਸ਼ੀ ਰੋਕਣ ਵਾਲੇ ਫੈਸਲੇ ''ਤੇ ਮੁੜ ਕਰੇਗਾ ਵਿਚਾਰ

Thursday, Apr 23, 2020 - 10:40 AM (IST)

WHO ਮੁਖੀ ਨੂੰ ਉਮੀਦ- ਅਮਰੀਕਾ ਮਦਦ ਰਾਸ਼ੀ ਰੋਕਣ ਵਾਲੇ ਫੈਸਲੇ ''ਤੇ ਮੁੜ ਕਰੇਗਾ ਵਿਚਾਰ

ਜਿਨੇਵਾ- ਵਿਸ਼ਵ ਸਿਹਤ ਸੰਗਠਨ ਨੇ ਉਮੀਦ ਪ੍ਰਗਟਾਈ ਹੈ ਕਿ ਅਮਰੀਕੀ ਸਰਕਾਰ ਉਸ ਨੂੰ ਦੇਣ ਵਾਲੀ ਵਿੱਤੀ ਮਦਦ ਰੋਕਣ ਦੇ ਆਪਣੇ ਫੈਸਲੇ 'ਤੇ ਇਕ ਵਾਰ ਫਿਰ ਵਿਚਾਰ ਕਰੇਗੀ ਅਤੇ ਲੋਕਾਂ ਦੀ ਜਾਨ ਬਚਾਉਣ ਵਿਚ ਆਪਣਾ ਯੋਗਦਾਨ ਜਾਰੀ ਰੱਖੇਗੀ। 
ਡਬਲਿਊ. ਐੱਚ. ਓ. ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਗੈਬ੍ਰਿਯੇਸਸ ਨੇ ਕੋਰੋਨਾ ਵਾਇਰਸ 'ਤੇ ਇਕ ਪ੍ਰੈੱਸ ਵਾਰਤਾ ਵਿਚ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਵਿਸ਼ਵ ਸਿਹਤ ਸੰਗਠਨ ਨੂੰ ਸਭ ਤੋਂ ਵੱਧ ਆਰਥਿਕ ਮਦਦ ਦਿੰਦਾ ਰਿਹਾ ਹੈ। ਉਹ ਲੰਬੇ ਸਮੇਂ ਤੋਂ ਸਮਰਥਨ ਦੇ ਰਿਹਾ ਹੈ। ਅਸੀਂ ਇਸ ਦੀ ਸਿਫਤ ਕਰਦੇ ਹਾਂ। ਮੈਂ ਇਥੋਪੀਆ ਤੋਂ ਹਾਂ ਤੇ ਇਸ ਗੱਲ ਦਾ ਗਵਾਹ ਹਾਂ ਕਿ ਅਮਰੀਕਾ ਤੋਂ ਮਿਲਣ ਵਾਲੀ ਮਦਦ ਰਾਸ਼ੀ ਨਾਲ ਬਹੁਤ ਫਰਕ ਪੈਂਦਾ ਹੈ। ਇਸ ਨਾਲ ਨਾ ਸਿਰਫ ਲੋਕਾਂ ਦੀ ਜ਼ਿੰਦਗੀ ਬਚਾਉਣ ਵਿਚ ਸਗੋਂ ਸਿਹਤ ਢਾਂਚਾ ਤਿਆਰ ਕਰਨ ਵਿਚ ਵੀ ਮਦਦ ਮਿਲਦੀ ਹੈ। 
ਉਨ੍ਹਾਂ ਕਿਹਾ,"ਮੈਂ ਉਮੀਦ ਕਰਦਾ ਹਾਂ ਕਿ ਅਮਰੀਕਾ ਇਸ ਨਿਵੇਸ਼ ਦੇ ਮਹੱਤਵ ਨੂੰ ਸਮਝੇਗਾ। ਉਹ ਸਮਝੇਗਾ ਕਿ ਇਹ ਦੂਜੇ ਦੇਸ਼ਾਂ ਲਈ ਹੀ ਨਹੀਂ ਅਮਰੀਕਾ ਦੀ ਆਪਣੀ ਸੁਰੱਖਿਆ ਲਈ ਵੀ ਅਹਿਮ ਹੈ। ਦੂਜੇ ਦੇਸ਼ਾਂ ਵਿਚ ਨਿਵੇਸ਼ ਅਮਰੀਕਾ ਦੀ ਆਪਣੀ ਸੁਰੱਖਿਆ ਲਈ ਬਹੁਤ ਮਹੱਤਵਪੂਰਣ ਹੈ। ਮੈਂ ਉਮੀਦ ਕਰਦਾ ਹਾਂ ਕਿ ਵਿੱਤੀ ਮਦਦ 'ਤੇ ਲਗਾਈ ਰੋਕ 'ਤੇ ਅਮਰੀਕਾ ਮੁੜ ਵਿਚਾਰ ਕਰੇਗਾ ਤੇ ਇਕ ਵਾਰ ਫਿਰ ਲੋਕਾਂ ਦੀਆਂ ਜਾਨਾਂ ਬਚਾਉਣ ਵਿਚ ਮਦਦ ਕਰੇਗਾ।"

ਡਾ. ਟੇਡਰੋਸ ਨੇ ਕਿਹਾ ਕਿ ਡਬਲਿਊ. ਐੱਚ. ਓ. ਨੂੰ ਜੋ ਵੀ ਵਿੱਤੀ ਮਦਦ ਮਿਲਦੀ ਹੈ, ਉਸ ਦੀ ਵਰਤੋਂ ਲੋਕਾਂ ਦੀ ਜ਼ਿੰਦਗੀ ਬਚਾਉਣ ਵਿਚ ਹੁੰਦੀ ਹੈ। ਸੰਗਠਨ ਨੂੰ ਮਿਲਣ ਵਾਲੀ ਇਕ-ਇਕ ਪਾਈ ਬਹੁਤ ਜ਼ਰੂਰੀ ਮਿਸ਼ਨਾਂ ਵਿਚ ਵਰਤੀ ਜਾਂਦੀ ਹੈ। ਇਸ ਸਮੇਂ ਮੇਰਾ ਪੂਰਾ ਫੋਕਸ ਇਸ ਮਹਾਮਾਰੀ 'ਤੇ ਹੈ। ਇੱਧਰੋਂ-ਉੱਧਰੋਂ ਹੋਰ ਮਸਲੇ ਆਉਂਦੇ ਰਹਿਣਗੇ ਪਰ ਉਨ੍ਹਾਂ 'ਤੇ ਬਰਬਾਦ ਕਰਨ ਲਈ ਮੇਰੇ ਕੋਲ ਵਾਧੂ ਐਨਰਜੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਡਬਲਿਊ. ਐੱਚ. ਓ. 'ਤੇ ਕੋਰੋਨਾ ਨੂੰ ਲੈ ਕੇ ਚੀਨ 'ਤੇ ਵਧੇਰੇ ਅਤੇ ਅਮਰੀਕਾ 'ਤੇ ਘੱਟ ਧਿਆਨ ਦੇਣ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਦੇਰੀ ਨਾਲ ਕਦਮ ਚੁੱਕਣ ਦੇ ਦੋਸ਼ ਲਗਾਏ ਸਨ ਤੇ ਉਸ ਨੂੰ ਦੇਣ ਵਾਲੀ ਵਿੱਤੀ ਮਦਦ ਰੋਕਣ ਦਾ ਵੀ ਐਲਾਨ ਕੀਤਾ ਸੀ। 


author

Sanjeev

Content Editor

Related News