ਜਾਣੋ, ਕਿਉਂ ਵ੍ਹਾਈਟ ਹਾਊਸ ਨੂੰ ਕਿਹਾ ਗਿਆ ਦੁਨੀਆ ਦੀ ਸਭ ਤੋਂ ''ਖਤਰਨਾਕ ਥਾਂ''
Saturday, Oct 10, 2020 - 02:56 AM (IST)

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਲਾਗ ਤੋਂ ਠੀਕ ਹੋ ਕੇ ਪਰਤ ਆਏ ਹਨ। ਆਉਂਦੇ ਹੀ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਚੀਨ ਨੂੰ ਕੋਰੋਨਾ ਮਾਮਲੇ ਵਿਚ ਲਾਪਰਵਾਹੀ ਦਾ ਅੰਜ਼ਾਮ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਉਂਝ ਟਰੰਪ ਦੇ ਕੋਵਿਡ-19 ਪਾਜ਼ੇਟਿਵ ਹੋਣ ਤੋਂ ਪਹਿਲਾਂ ਅਤੇ ਬਾਅਦ ਵਿਚ ਵ੍ਹਾਈਟ ਹਾਊਸ ਸਟਾਫ ਦੇ ਕਈ ਲੋਕ ਪ੍ਰਭਾਵਿਤ ਪਾਏ ਗਏ। ਇਸ 'ਤੇ ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਨੈਂਸੀ ਪੇਲੋਸੀ ਨੇ ਵ੍ਹਾਈਟ ਹਾਊਸ ਨੂੰ ਹੀ ਕੋਰਟ ਵਿਚ ਖੜ੍ਹਾ ਕਰ ਦਿੱਤਾ। ਨੈਂਸੀ ਨੇ ਆਖਿਆ ਕਿ ਰਾਸ਼ਟਰਪਤੀ ਭਵਨ ਫਿਲਹਾਲ ਅਮਰੀਕਾ ਦੀ ਸਭ ਤੋਂ ਖਤਰਨਾਕ ਥਾਂ ਬਣ ਚੁੱਕਿਆ ਹੈ।
ਨੈਂਸੀ ਪੇਲੋਸੀ ਨੇ ਮੀਡੀਆ ਚੈਨਲ ਏ. ਬੀ. ਸੀ. ਦੇ ਦਿ ਵਿਊ ਪ੍ਰੋਗਰਾਮ ਦੌਰਾਨ ਵ੍ਹਾਈਟ ਹਾਊਸ ਦੇ ਬਾਰੇ ਵਿਚ ਆਖਿਆ ਕਿ ਉਹ ਇਸ ਦੇ ਆਲੇ-ਦੁਆਲੇ ਵੀ ਨਹੀਂ ਜਾਣਾ ਚਾਵੇਗੀ। ਉਨ੍ਹਾਂ ਮੁਤਾਬਕ ਇਹ ਥਾਂ ਫਿਲਹਾਲ ਅਮਰੀਕਾ ਦੀ ਸਭ ਤੋਂ ਖਤਰਨਾਕ ਥਾਂਵਾਂ ਵਿਚੋਂ ਇਕ ਹੈ। ਖਾਸ ਕਰਕੇ ਸਿਹਤ ਦੇ ਮਾਮਲੇ ਵਿਚ ਨੈਂਸੀ ਦੀ ਇਹ ਟਿੱਪਣੀ ਉਦੋਂ ਆਈ ਹੈ ਜਦ ਟਰੰਪ ਤੋਂ ਇਲਾਵਾ ਦੂਜਾ ਸਟਾਫ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਨਾਲ ਪਹਿਲਾਂ ਤੋਂ ਹੀ ਵ੍ਹਾਈਟ ਹਾਊਸ 'ਤੇ ਕੋਰੋਨਾ ਲਾਗ ਨੂੰ ਲੈ ਕੇ ਲਾਪਰਵਾਹੀ ਵਰਤਣ ਦੇ ਦੋਸ਼ ਲੱਗਦੇ ਰਹੇ ਹਨ।
ਮੰਨਿਆ ਜਾ ਰਿਹਾ ਹੈ ਕਿ ਟਰੰਪ ਪੂਰੇ ਵ੍ਹਾਈਟ ਹਾਊਸ ਵਿਚ ਕੋਰੋਨਾ ਲਈ ਬਣਾਏ ਗਏ ਨਿਯਮ ਤੋੜੇ ਗਏ। ਖੁਦ ਸੀ. ਡੀ. ਸੀ. ਦੇ ਬਣਾਏ ਨਿਯਮਾਂ ਦੀ ਅਣਦੇਖੀ ਨੇ ਅਮਰੀਕਾ ਦੇ ਇਸ ਸਭ ਤੋਂ ਅਹਿਮ ਭਵਨ ਨੂੰ ਘੇਰੇ ਵਿਚ ਖੜ੍ਹਾ ਕਰ ਦਿੱਤਾ ਹੈ। ਸੀ. ਡੀ. ਸੀ. ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਕੋਰੋਨਾ ਲਾਗ ਦੀ ਦਾਰ ਘੱਟ ਕਰਨ, ਜਿਸ ਨੂੰ ਫਲੈਟਨਿੰਗ ਆਫ ਕਰਵ ਵੀ ਆਖਿਆ ਜਾਂਦਾ ਹੈ, ਦੇ ਤਹਿਤ ਬਾਹਰ ਨਿਕਲਦੇ ਜਾਂ ਦੂਜਿਆਂ ਦੇ ਸੰਪਰਕ ਵਿਚ ਆਉਂਦੇ ਹੋਏ ਮਾਸਕ ਪਾਉਣਾ ਲਾਜ਼ਮੀ ਹੋ ਚੁੱਕਿਆ ਹੈ। ਦੂਜੇ ਪਾਸੇ ਖੁਦ ਰਾਸ਼ਟਰਪਤੀ ਟਰੰਪ ਮਾਸਕ ਲਾਉਣ ਤੋਂ ਬਚਦੇ ਰਹੇ ਹਨ। ਇਥੋਂ ਤੱਕ ਕਿ ਕਾਫੀ ਆਲੋਚਨਾ ਹੋਣ ਤੋਂ ਬਾਅਦ ਵੀ ਹਸਪਤਾਲ ਤੋਂ ਛੁੱਟੀ ਮਿਲਣ 'ਤੇ ਟਰੰਪ ਬਿਨਾਂ ਮਾਸਕ ਲਾਏ ਨਜ਼ਰ ਆਏ।
ਸਮਾਜਿਕ ਦੂਰੀ ਵੀ ਕੋਰੋਨਾ ਨੂੰ ਰੋਕਣ ਲਈ ਬਣਾਇਆ ਗਿਆ ਨਿਯਮ ਹੈ। ਸੀ. ਡੀ. ਸੀ. ਮੁਤਾਬਕ ਕਿਸੇ ਪ੍ਰੋਗਰਾਮ ਵਿਚ ਲੋਕਾਂ ਨੂੰ ਇਕ-ਦੂਜੇ ਤੋਂ 6 ਫੁੱਟ ਦੀ ਦੂਰੀ ਰੱਖਣੀ ਹੀ ਚਾਹੀਦੀ। ਨਾਲ ਹੀ 50 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਹੈ। ਉਥੇ ਵ੍ਹਾਈਟ ਹਾਊਸ ਵਿਚ 26 ਸਤੰਬਰ ਨੂੰ ਚੋਣਾਂ ਨੂੰ ਲੈ ਕੇ ਇਕ ਪ੍ਰੋਗਰਾਮ ਹੋਇਆ, ਜਿਸ ਵਿਚ ਕਾਫੀ ਲੋਕ ਮੌਜੂਦ ਸਨ ਅਤੇ ਘੱਟ ਹੀ ਲੋਕਾਂ ਨੇ ਮਾਸਕ ਪਾਇਆ ਹੋਇਆ ਸੀ। ਕਾਂਟੈਕਟ ਟ੍ਰੇਸਿੰਗ ਨੂੰ ਵੀ ਕੋਰੋਨਾ ਦੀ ਰਫਤਾਰ ਘੱਟ ਕਰਨ ਵਿਚ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ਵ੍ਹਾਈਟ ਹਾਊਸ ਵਿਚ ਇਸ ਨਿਯਮ ਦੀ ਵੀ ਅਣਦੇਖੀ ਦਿਖੀ। ਸੀ. ਡੀ. ਸੀ. ਦੱਸਦਾ ਹੈ ਕਿ ਕੋਰੋਨਾ ਮਰੀਜ਼ ਦੀ ਪੁਸ਼ਟੀ ਤੋਂ ਬਾਅਦ ਉਸ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਤੁਰੰਤ ਲੱਭਣਾ ਅਤੇ ਸੁਚੇਤ ਕਰਨਾ ਜ਼ਰੂਰੀ ਹੈ। ਉਥੇ ਬੀ. ਬੀ. ਸੀ. ਦੀ ਇਕ ਰਿਪੋਰਟ ਵਿਚ ਟਰੰਪ ਦੇ ਵਿਰੋਧੀ ਜੋਅ ਬਾਇਡੇਨ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਟਰੰਪ ਦੇ ਕੋਰੋਨਾ ਪਾਜ਼ੇਟਿਵ ਦੀ ਖਬਰ ਉਨ੍ਹਾਂ ਦੇ ਟਵੀਟ ਤੋਂ ਹੀ ਮਿਲੀ, ਜਦਕਿ 2 ਦਿਨ ਪਹਿਲਾਂ ਹੀ ਉਹ ਚੋਣਾਂ ਲਈ ਬਹਿਸ ਵਿਚ ਆਹਮੋ- ਸਾਹਮਣੇ ਸਨ। ਇਸੇ ਤਰ੍ਹਾਂ ਸੈਲਫ ਆਈਸੋਲੇਸ਼ਨ ਨੂੰ ਲੈ ਕੇ ਵੀ ਖੁਦ ਟਰੰਪ ਦਾ ਰਵੱਈਆ ਇਕਦਮ ਕੈਜ਼ੂਅਲ ਰਿਹਾ। ਇਥੋਂ ਤੱਕ ਕਿ ਬੀਮਾਰੀ ਦੌਰਾਨ ਫੌਜੀ ਹਸਪਤਾਲ ਵਿਚ ਐਡਮਿਟ ਰਹਿੰਦੇ ਹੋਏ ਵੀ ਟਰੰਪ ਕੁਝ ਦੇਰ ਲਈ ਬਾਹਰ ਨਿਕਲੇ। ਇਹ ਆਈਸੋਲੇਸ਼ਨ ਦੇ ਅਹਿਮ ਨਿਯਮ ਨੂੰ ਤੋੜਣ ਜਿਹੀ ਗੱਲ ਹੈ ਕਿਉਂਕਿ ਟਰੰਪ ਦੇ ਨਾਲ ਹੀ ਉਨ੍ਹਾਂ ਦੇ ਸੁਰੱਖਿਆ ਕਰਮੀ ਵੀ ਸਨ।