USA ਖਤਮ ਕਰੇਗਾ ''ਬਰਥ ਸਿਟੀਜ਼ਨਸ਼ਿਪ'', ਕੈਨੇਡਾ ''ਚ ਖੁੱਲ੍ਹੇ ਦਰਵਾਜ਼ੇ, ਜਾਣੋ ਨਿਯਮ

Monday, Nov 05, 2018 - 03:51 PM (IST)

ਵਾਸ਼ਿੰਗਟਨ/ਟੋਰਾਂਟੋ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ 'ਚ 'ਬਰਥਰਾਈਟ ਸਿਟੀਜ਼ਨਸ਼ਿਪ' ਨੂੰ ਲੈ ਕੇ ਸਖਤ ਕਦਮ ਚੁੱਕਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਸਿਰਫ ਇਕੋ-ਇਕ ਅਜਿਹਾ ਦੇਸ਼ ਹੈ ਜਿੱਥੇ ਕੋਈ ਵੀ ਵਿਦੇਸ਼ੀ ਨਾਗਰਿਕ ਆਉਂਦਾ ਹੈ ਤੇ ਬੱਚਾ ਪੈਦਾ ਕਰਦਾ ਹੈ ਅਤੇ ਬੱਚੇ ਨੂੰ ਜਨਮ ਤੋਂ ਹੀ ਸਿਟੀਜ਼ਨਸ਼ਿਪ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਹੁਣ ਖਤਮ ਹੋਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਅਮਰੀਕਾ 'ਚ ਬੱਚਾ ਪੈਦਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਉਸ ਨੂੰ ਹੁਣ ਆਟੋਮੈਟਿਕ ਅਮਰੀਕੀ ਨਾਗਰਿਕਤਾ ਨਹੀਂ ਮਿਲੇਗੀ। ਹਾਲਾਂਕਿ ਟਰੰਪ ਦਾ ਇਹ ਦਾਅਵਾ ਸਹੀ ਨਹੀਂ ਹੈ ਕਿ ਅਮਰੀਕਾ ਇਕੋ-ਇਕ ਅਜਿਹਾ ਦੇਸ਼ ਹੈ, ਜਿੱਥੇ ਅਸਥਾਈ ਪ੍ਰਵਾਸੀਆਂ ਦੇ ਬੱਚਿਆਂ ਨੂੰ ਜਨਮ ਹੁੰਦੇ ਹੀ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ। ਕੈਨੇਡਾ ਸਮੇਤ ਕਈ ਦੇਸ਼ ਹਨ, ਜੋ ਬਿਨਾਂ ਸ਼ਰਤ ਆਪਣੇ ਇੱਥੇ ਜਨਮ ਲੈਣ ਵਾਲੇ ਬੱਚੇ ਨੂੰ ਨਾਗਰਿਕਤਾ ਦਿੰਦੇ ਹਨ।

PunjabKesari
 

ਕੈਨੇਡਾ ਵੀ ਦਿੰਦਾ ਹੈ 'ਬਰਥਰਾਈਟ ਸਿਟੀਜ਼ਨਸ਼ਿਪ' :
ਮੌਜੂਦਾ ਸਮੇਂ ਕੈਨੇਡਾ ਦੇ ਕਾਨੂੰਨ ਮੁਤਾਬਕ, ਉਸ ਦੀ ਸਰਜ਼ਮੀਨ 'ਤੇ ਜਨਮ ਲੈਣ ਵਾਲੇ ਕਿਸੇ ਦੇ ਵੀ ਬੱਚੇ ਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ, ਭਾਵੇਂ ਕਿ ਬੱਚੇ ਦੇ ਮਾਤਾ-ਪਿਤਾ ਕੈਨੇਡਾ ਦੇ ਨਾਗਰਿਕ ਨਾ ਹੋਣ। ਹਾਲਾਂਕਿ ਕੈਨੇਡਾ 'ਚ ਵੀ ਇਸ ਕਾਨੂੰਨ 'ਤੇ ਕਈ ਵਾਰ ਬਹਿਸ ਹੋਈ ਹੈ। ਕੁਝ ਰਾਜਨੀਤਕ ਅਤੇ ਸਿਟੀਜ਼ਨਸ ਇਸ ਨੂੰ 'ਬਰਥ ਟੂਰਿਜ਼ਮ' ਦਾ ਨਾਂ ਦਿੰਦੇ ਹਨ। ਪਿਛਲੀਆਂ ਗਰਮੀਆਂ 'ਚ ਕੈਨੇਡਾ 'ਚ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਵੀ ਜਨਮ ਸਥਾਨ ਦੇ ਆਧਾਰ 'ਤੇ ਸਿਟੀਜ਼ਨਸ਼ਿਪ ਖਤਮ ਕਰਨ ਦੀ ਮੰਗ ਕੀਤੀ ਸੀ। ਪਾਰਟੀ ਦੀ ਮੰਗ ਸੀ ਕਿ ਜੇਕਰ ਬੱਚੇ ਦੇ ਮਾਤਾ ਜਾਂ ਪਿਤਾ 'ਚੋਂ ਕੋਈ ਵੀ ਇਕ ਕੈਨੇਡਾ ਦੀ ਨਾਗਰਿਕਤਾ ਨਹੀਂ ਰੱਖਦਾ ਹੈ, ਤਾਂ ਉਨ੍ਹਾਂ ਦੇ ਬੱਚੇ ਨੂੰ ਸਿਟੀਜ਼ਨਸ਼ਿਪ ਨਾ ਦਿੱਤੀ ਜਾਵੇ ਕਿਉਂਕਿ ਇਸ ਕਾਰਨ ਚਾਈਨਿਜ਼ ਬਰਥ ਟੂਰਿਜ਼ਮ ਵਧ ਰਿਹਾ ਹੈ।

ਕੀ ਹੈ ਬਰਥ ਟੂਰਿਜ਼ਮ?

PunjabKesari
ਕਈ ਗਰਭਵਤੀ ਮਹਿਲਾਵਾਂ ਕੈਨੇਡਾ 'ਚ ਬੱਚੇ ਨੂੰ ਜਨਮ ਦੇਣ ਲਈ ਸਿਰਫ ਇਸ ਲਈ ਪਹੁੰਚਦੀਆਂ ਹਨ, ਤਾਂ ਕਿ ਬੱਚੇ ਦੀ ਸਿਟੀਜ਼ਨਸ਼ਿਪ ਨੂੰ ਸਕਿਓਰ ਕੀਤਾ ਜਾ ਸਕੇ। ਇਸ ਤਰ੍ਹਾਂ ਦੇ ਮਕਸਦ ਨੂੰ ਹੀ ਬਰਥ ਟੂਰਿਜ਼ਮ ਦਾ ਨਾਂ ਦਿੱਤਾ ਗਿਆ ਹੈ। ਇਸ ਪਾਲਿਸੀ ਨੂੰ ਲੈ ਕੇ ਮਾਰਚ 'ਚ ਰਿਚਮੰਡ ਬੀ. ਸੀ. ਦੇ ਇਕ ਨਾਗਰਿਕ ਨੇ ਪਟੀਸ਼ਨ ਵੀ ਦਾਇਰ ਕੀਤੀ ਸੀ। ਪਟੀਸ਼ਨ 'ਚ ਸਰਕਾਰ ਨੂੰ ਇਹ ਪਾਲਿਸੀ ਖਤਮ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਲੋਕ ਕੈਨੇਡਾ ਦੀਆਂ ਸਕੀਮਾਂ ਦਾ ਨਾਜ਼ਾਇਜ ਫਾਇਦਾ ਉਠਾ ਰਹੇ ਹਨ। ਪਟੀਸ਼ਨਕਰਤਾ ਦਾ ਕਹਿਣਾ ਸੀ ਕਿ ਸਿਹਤ ਸੇਵਾਵਾਂ ਅਤੇ ਸਿੱਖਿਆ ਵਰਗੇ ਫਾਇਦੇ ਪ੍ਰਾਪਤ ਕਰਨ ਦੇ ਇਲਾਵਾ, ਜਦੋਂ ਬੱਚੇ ਬਾਲਗ ਹੋ ਜਾਂਦੇ ਹਨ, ਤਾਂ ਉਹ ਕੈਨੇਡਾ 'ਚ ਰਹਿਣ ਲਈ ਆਪਣੇ ਮਾਪਿਆਂ ਨੂੰ ਵੀ ਸਪਾਂਸਰ ਕਰ ਸਕਦੇ ਹਨ, ਜੋ ਕਿ ਸਹੀ ਨਹੀਂ ਹੈ। ਇਸ ਦਾ ਮਤਲਬ ਹੈ ਕਿ ਕੈਨੇਡਾ 'ਚ ਜਨਮ ਲੈਣ ਵਾਲੇ ਬੱਚੇ ਨੂੰ ਸਰਕਾਰੀ ਸਕੀਮਾਂ ਦਾ ਪੂਰਾ ਫਾਇਦਾ ਮਿਲਦਾ ਹੈ।

ਕਿਵੇਂ ਕੰਮ ਕਰਦਾ ਹੈ ਬਰਥਰਾਈਟ ਸਿਟੀਜ਼ਨਸ਼ਿਪ?

PunjabKesariਕੈਨੇਡਾ 'ਚ ਇਹ ਕਾਨੂੰਨ 1947 ਤੋਂ ਹੈ। ਉਦੋਂ ਤੋਂ ਕੈਨੇਡਾ 'ਚ ਪੈਦਾ ਹੋਇਆ ਕੋਈ ਵੀ ਵਿਅਕਤੀ ਆਪਣੇ-ਆਪ ਹੀ ਇਕ ਕੈਨੇਡੀਅਨ ਨਾਗਰਿਕ ਹੈ। ਹਾਲਾਂਕਿ ਡਿਪਲੋਮੇਟ ਦੇ ਬੱਚਿਆਂ ਨੂੰ ਇਹ ਫਾਇਦਾ ਨਹੀਂ ਮਿਲਦਾ। ਉੱਥੇ ਹੀ ਇਸ ਤਰੀਕੇ ਨਾਲ ਬੱਚੇ ਦੇ ਮਾਤਾ-ਪਿਤਾ ਵੀ ਕੈਨੇਡਾ ਦੀ ਨਾਗਰਿਕਤਾ ਨਹੀਂ ਹਾਸਲ ਕਰ ਸਕਦੇ। ਮਾਂ-ਪਿਓ ਵਿਜ਼ਟਰ, ਵਿਦਿਆਰਥੀ ਜਾਂ ਫਿਰ ਵਰਕਰ ਦੇ ਰੂਪ 'ਚ ਰਹਿਣ ਦੀ ਕੋਸ਼ਿਸ਼ ਕਰ ਸਕਦੇ ਹਨ ਪਰ ਉਹ ਵੀ ਆਰਜ਼ੀ ਤੌਰ 'ਤੇ ਅਤੇ ਇਹ ਮਨਜ਼ੂਰੀ ਆਟੋਮੈਟਿਕ ਨਹੀਂ ਮਿਲਦੀ। ਕੈਨੇਡਾ, ਅਮਰੀਕਾ ਉਨ੍ਹਾਂ ਵਿਕਸਤ ਦੇਸ਼ਾਂ 'ਚੋਂ ਇਕ ਹਨ ਜੋ ਇੱਥੇ ਜਨਮ ਲੈਂਦੇ ਬੱਚਿਆਂ ਨੂੰ ਨਾਗਰਿਕਤਾ ਪ੍ਰਦਾਨ ਕਰਦੇ ਹਨ। ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੁਝ ਯੂਰਪੀ ਦੇਸ਼ ਆਪਣੇ ਬਰਥਰਾਈਟ ਸਿਟੀਜ਼ਨਸ਼ਿਪ ਕਾਨੂੰਨ ਨੂੰ ਬਦਲ ਚੁੱਕੇ ਹਨ ਅਤੇ ਉਨ੍ਹਾਂ ਨੇ ਇਹ ਸ਼ਰਤ ਰੱਖੀ ਹੈ ਕਿ ਬੱਚੇ ਨੂੰ ਨਾਗਰਿਕਤਾ ਉਦੋਂ ਹੀ ਮਿਲੇਗੀ ਜਦੋਂ ਉਸ ਦੇ ਮਾਤਾ-ਪਿਤਾ 'ਚੋਂ ਕੋਈ ਵੀ ਇਕ ਉਨ੍ਹਾਂ ਦਾ ਕਾਨੂੰਨੀ ਤੌਰ 'ਤੇ ਨਾਗਰਿਕ ਹੋਵੇ।


Related News