ਭੁੱਖ ਨਾਲ ਮਰੀ ਵ੍ਹੇਲ, ਢਿੱਡ ’ਚੋਂ ਨਿਕਲਿਆ 40 ਕਿਲੋ ਪਲਾਸਟਿਕ
Tuesday, Mar 19, 2019 - 10:24 AM (IST)
ਮਨੀਲਾ, (ਇੰਟ.)–ਫਿਲਪੀਨਜ਼ ’ਚ ਭੁੱਖ ਕਾਰਨ ਇਕ ਵ੍ਹੇਲ ਦੀ ਮੌਤ ਹੋ ਗਈ। ਪੋਸਟਮਾਰਟਮ ’ਚ ਉਸ ਦੇ ਢਿੱਡ ’ਚੋਂ 40 ਕਿਲੋਗ੍ਰਾਮ ਪਲਾਸਟਿਕ ਕਚਰਾ ਨਿਕਲਿਆ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਚਰੇ ਕਾਰਨ ਵ੍ਹੇਲ ਕੁਝ ਖਾ ਨਹੀਂ ਪਾ ਰਹੀ ਸੀ, ਜਿਸ ਕਾਰਨ ਉਹ ਬੀਮਾਰ ਹੋ ਗਈ ਸੀ। ਚੌਗਿਰਦਾ ਮਾਹਿਰ ਨੇ ਇਸ ਨੂੰ ਜਲ ਜੀਵਾਂ ਨੂੰ ਜ਼ਹਿਰ ਦੇਣ ਦੇ ਸਭ ਤੋਂ ਖਰਾਬ ਮਾਮਲਿਆਂ ’ਚੋਂ ਇਕ ਦੱਸਿਆ ਹੈ। ਇਹ ਮਾਮਲਾ ਦੱਖਣੀ ਸੂਬੇ ਦੀ ਕੰਪੋਸਟੇਲਾ ਘਾਟੀ ਦਾ ਹੈ। ਇਸ ਵ੍ਹੇਲ ਦੀ ਲੰਬਾਈ 4.7 ਮੀਟਰ ਸੀ। ਕਚਰਾ ਖਾਣ ਨਾਲ ਵ੍ਹੇਲ ਦੇ ਢਿੱਡ ’ਚ ਗੈਸ ਬਣ ਗਈ ਸੀ, ਜਿਸ ਕਾਰਨ ਉਹ ਕੁਝ ਖਾ ਨਹੀਂ ਪਾ ਰਹੀ ਸੀ, ਇਸੇ ਕਾਰਨ ਭੁੱਖ ਨਾਲ ਉਸ ਦੀ ਮੌਤ ਹੋ ਗਈ। ਵ੍ਹੇਲ ਇੰਨੀ ਕਮਜ਼ੋਰ ਹੋ ਗਈ ਸੀ ਕਿ ਉਸ ਕੋਲ ਤੈਰਿਆ ਵੀ ਨਹੀਂ ਜਾ ਰਿਹਾ ਸੀ।